ਟੋਰਾਂਟੋ ਵਾਸੀਆਂ ਨੇ ਕਰ ਦਿਤਾ ਜਸਟਿਨ ਟਰੂਡੋ ਦੇ ਭਵਿੱਖ ਦਾ ਫੈਸਲਾ
ਟੋਰਾਂਟੋ-ਸੇਂਟ ਪੌਲ ਪਾਰਲੀਮਾਨੀ ਹਲਕੇ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਵਿੱਖ ਦਾ ਫੈਸਲਾ ਕਰ ਦਿਤਾ ਜਦੋਂ 30 ਸਾਲ ਤੋਂ ਲਿਬਰਲ ਪਾਰਟੀ ਦੇ ਦਬਦਬੇ ਵਾਲੀ ਸੀਟ ਕੰਜ਼ਰਵੇਟਿਵ ਪਾਰਟੀ ਨੇ ਜਿੱਤ ਲਈ।
By : Upjit Singh
ਟੋਰਾਂਟੋ : ਟੋਰਾਂਟੋ-ਸੇਂਟ ਪੌਲ ਪਾਰਲੀਮਾਨੀ ਹਲਕੇ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਵਿੱਖ ਦਾ ਫੈਸਲਾ ਕਰ ਦਿਤਾ ਜਦੋਂ 30 ਸਾਲ ਤੋਂ ਲਿਬਰਲ ਪਾਰਟੀ ਦੇ ਦਬਦਬੇ ਵਾਲੀ ਸੀਟ ਕੰਜ਼ਰਵੇਟਿਵ ਪਾਰਟੀ ਨੇ ਜਿੱਤ ਲਈ। ਬੇਹੱਦ ਫਸਵੇਂ ਮੁਕਾਬਲੇ ਦੌਰਾਨ ਕੰਜ਼ਰਵੇਟਿਵ ਪਾਰਟੀ ਦੇ ਡੌਨ ਸਟੂਅਰਟ ਨੇ ਲਿਬਰਲ ਪਾਰਟੀ ਦੀ ਲੈਸਲੀ ਚਰਚ ਨੂੰ 590 ਵੋਟਾਂ ਦੇ ਫਰਕ ਨਾਲ ਹਰਾਇਆ। ਸਿਆਸੀ ਮਾਹਰਾਂ ਵੱਲੋਂ ਜ਼ਿਮਨੀ ਚੋਣ ਦੇ ਨਤੀਜੇ ਬੇਹੱਦ ਹੈਰਾਨਕੁੰਨ ਮੰਨੇ ਜਾ ਰਹੇ ਹਨ ਕਿਉਂਕਿ ਲਿਬਰਲ ਪਾਰਟੀ ਇਹ ਸੀਟ 2011 ਵਿਚ ਵੀ ਨਹੀਂ ਸੀ ਹਾਰੀ ਜਦੋਂ ਪਾਰਟੀ ਨੂੰ ਆਪਣੇ ਇਤਿਹਾਸ ਦੀਆਂ ਸਭ ਤੋਂ ਘੱਟ ਸੀਟਾਂ ਮਿਲੀਆਂ।
ਲਿਬਰਲ ਪਾਰਟੀ ਦੇ ਗੜ੍ਹ ਵਿਚ ਕੰਜ਼ਰਵੇਟਿਵ ਪਾਰਟੀ ਦੀ ਜਿੱਤ
ਇਲੈਕਸ਼ਨਜ਼ ਕੈਨੇਡਾ ਦੇ ਨਤੀਜਿਆਂ ਮੁਤਾਬਕ ਡੌਨ ਸਟੂਅਰਟ ਨੂੰ 15,555 ਵੋਟਾਂ ਪਈਆਂ ਜਦਕਿ ਲੈਸਲੀ ਚਰਚ 14,965 ਵੋਟਾਂ ਹਾਸਲ ਕਰਨ ਵਿਚ ਸਫਲ ਰਹੀ। ਐਨ.ਡੀ.ਪੀ. ਦੇ ਉਮੀਦਵਾਰ ਅੰਮ੍ਰਿਤ ਪਰਹਾਰ ਚਾਰ ਹਜ਼ਾਰ ਵੋਟਾਂ ਨਾਲ ਤੀਜੇ ਸਥਾਨ ’ਤੇ ਰਹੇ। ਦੱਸ ਦੇਈਏ ਕਿ ਵੋਟਾਂ ਪੈਣ ਮਗਰੋਂ ਗਿਣਤੀ ਦਾ ਕੰਮ ਬੇਹੱਦ ਸੁਸਤ ਰਫਤਾਰ ਨਾਲ ਅੱਗੇ ਵਧਿਆ ਅਤੇ ਮੰਗਲਵਾਰ ਤੜਕੇ 5 ਵਜੇ ਤੱਕ ਹੀ ਨਤੀਜੇ ਸਪੱਸ਼ਟ ਹੋ ਸਕੇ। ਟੋਰਾਂਟੋ-ਸੇਂਟ ਪੌਲ ਸੀਟ ਤੋਂ ਰਿਕਾਰਡ 84 ਉਮੀਦਵਾਰ ਮੈਦਾਨ ਵਿਚ ਸਨ। ਜ਼ਿਮਨੀ ਚੋਣ ਤੋਂ ਪਹਿਲਾਂ ਵੱਡੀ ਗਿਣਤੀ ਵਿਚ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿਤਾ ਸੀ ਕਿ ਟੋਰਾਂਟੋ-ਸੇਂਟ ਪੌਲ ਦੀ ਜ਼ਿਮਨੀ ਚੋਣ ਹਾਰਨ ਦੀ ਸੂਰਤ ਵਿਚ ਜਸਟਿਨ ਟਰੂਡੋ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਕੰਜ਼ਰਵੇਟਿਵ ਪਾਰਟੀ ਦੇ ਡੌਨ ਸਟੀਵਰਟ ਨੂੰ 15,555 ਵੋਟਾਂ ਮਿਲੀਆਂ
ਸੀ.ਬੀ.ਸੀ. ਦੇ ਸਰਵੇਖਣ ਦੌਰਾਨ ਲਿਬਰਲ ਪਾਰਟੀ ਦੇ ਮੌਜੂਦਾ ਅਤੇ ਸਾਬਕਾ ਹਮਾਇਤੀਆਂ ਨਾਲ ਗੱਲ ਕੀਤੀ ਗਈ ਤਾਂ ਹਰ ਇਕ ਦਾ ਕਹਿਣਾ ਸੀ ਨਾਂਹਪੱਖੀ ਨਤੀਜੇ ਦੀ ਸੂਰਤ ਵਿਚ ਜਸਟਿਨ ਟਰੂਡੋ ਨੂੰ ਪਾਰਟੀ ਲੀਡਰਸ਼ਿਪ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ। ਸਿਰਫ ਐਨਾ ਹੀ ਨਹੀਂ ਕਈ ਚੋਣ ਸਰਵੇਖਣਾਂ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੇ ਕੈਨੇਡਾ ਵਿਚ ਅੱਜ ਵੋਟਾਂ ਪੈ ਜਾਣ ਤਾਂ ਲਿਬਰਲ ਪਾਰਟੀ ਸਿਰਫ 37 ਸੀਟਾਂ ਜਿੱਤ ਸਕੇਗੀ ਅਤੇ ਚੌਥੇ ਸਥਾਨ ’ਤੇ ਪੱਛੜ ਸਕਦੀ ਹੈ।