ਟੋਰਾਂਟੋ ਪੁਲਿਸ ਵੱਲੋਂ ਕਾਰ ਚੋਰਾਂ ਦਾ ਪਰਦਾ ਫਾਸ਼, 100 ਤੋਂ ਵੱਧ ਗੱਡੀਆਂ ਬਰਾਮਦ
ਟੋਰਾਂਟੋ ਪੁਲਿਸ ਵੱਲੋਂ ਕਾਰ ਚੋਰਾਂ ਦੇ ਗਿਰੋਹ ਦਾ ਪਰਦਾ ਫਾਸ਼ ਕਰਦਿਆਂ 100 ਤੋਂ ਵੱਧ ਚੋਰੀ ਕੀਤੀਆਂ ਗੱਡੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ।
By : Upjit Singh
ਟੋਰਾਂਟੋ : ਟੋਰਾਂਟੋ ਪੁਲਿਸ ਵੱਲੋਂ ਕਾਰ ਚੋਰਾਂ ਦੇ ਗਿਰੋਹ ਦਾ ਪਰਦਾ ਫਾਸ਼ ਕਰਦਿਆਂ 100 ਤੋਂ ਵੱਧ ਚੋਰੀ ਕੀਤੀਆਂ ਗੱਡੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਵੱਲੋਂ ਗ੍ਰਿਫ਼ਤਾਰ ਚਾਰ ਸ਼ੱਕੀਆਂ ਵਿਚੋਂ ਇਕ ਸਰਵਿਸ ਉਨਟਾਰੀਓ ਦਾ ਸਾਬਕਾ ਮੁਲਾਜ਼ਮ ਹੈ ਜੋ ਸੰਭਾਵਤ ਤੌਰ ’ਤੇ ਫਰਜ਼ੀ ਦਸਤਾਵੇਜ਼ ਅਤੇ ਲਾਇਸੰਸ ਪਲੇਟਸ ਤਿਆਰ ਕਰਨ ਵਿਚ ਮਦਦ ਕਰਦਾ ਸੀ। ‘ਪ੍ਰੌਜੈਕਟ ਪੋਚਰ’ ਅਧੀਨ ਕੀਤੀ ਕਾਰਵਾਈ ਬਾਰੇ ਪੁਲਿਸ ਨੇ ਦੱਸਿਆ ਕਿ ਸ਼ੱਕੀਆਂ ਵਿਰੁੱਧ ਹੁਣ ਤੱਕ 28 ਦੋਸ਼ ਆਇਦ ਕੀਤੇ ਜਾ ਚੁੱਕੇ ਹਨ। ਡਿਟੈਕਟਿਵ ਡੈਨ ਕ੍ਰਾਇÇਲੰਗ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਪ੍ਰੌਜੈਕਟ ਪੋਚਰ ਦੀ ਸ਼ੁਰੂਆਤ ਜਨਵਰੀ 2024 ਵਿਚ ਕੀਤੀ ਗਈ ਅਤੇ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਸ਼ੱਕੀਆਂ ਦਾ ਇਕ ਗਰੁੱਪ ਸਰਵਿਸ ਉਨਟਾਰੀਓ ਦੇ ਸਾਬਕਾ ਮੁਲਾਜ਼ਮ ਨਾਲ ਰਲ ਕੇ ਸਾਜ਼ਿਸ਼ ਘੜ ਰਿਹਾ ਹੈ।
ਸ਼ੱਕੀਆਂ ਵੱਲੋਂ ਸਰਵਿਸ ਉਨਟਾਰੀਓ ਦੇ ਸਾਬਕਾ ਮੁਲਾਜ਼ਮ ਨੂੰ ਅਤੀਤ ਵਿਚ ਵਿਦੇਸ਼ ਭੇਜੀਆਂ ਗੱਡੀਆਂ ਦੇ ਨੰਬਰ ਮੁਹੱਈਆ ਕਰਵਾਏ ਜਾਂਦੇ ਅਤੇ ਮੋਟੀ ਰਕਮ ਦੇ ਇਵਜ਼ ਸਾਬਕਾ ਮੁਲਾਜ਼ਮ ਬਿਲਕੁਲ ਅਸਲੀ ਨਜ਼ਰ ਆਉਣ ਵਾਲੀਆਂ ਲਾਇਸੰਸ ਪਲੇਟਸ ਅਤੇ ਦਸਤਾਵੇਜ਼ ਮੁਹੱਈਆ ਕਰਵਾਉਂਦਾ। ਪੜਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਕੁਝ ਗੱਡੀਆਂ ਮਰ ਚੁੱਕੇ ਲੋਕਾਂ ਦੇ ਨਾਂ ’ਤੇ ਰਜਿਸਟਰਡ ਸਨ ਜਦਕਿ ਕੁਝ ਅਜਿਹੇ ਨਾਂ ਸਾਹਮਣੇ ਆਏ ਜੋ ਅਸਲੀਅਤ ਵਿਚ ਹੈ ਹੀ ਨਹੀਂ ਸਨ। ਟੋਰਾਂਟੋ ਪੁਲਿਸ ਵੱਲੋਂ ਇਕ ਹੋਰ ਮਾਮਲੇ ਦੀ ਪੜਤਾਲ ਕਰਦਿਆਂ ਸਰਵਿਸ ਉਨਟਾਰੀਓ ਦੇ ਦਫਤਰ ਤੋਂ ਜ਼ਬਤ ਕੀਤੇ ਦਸਤਾਵੇਜ਼ਾਂ ਨੂੰ ਡੂੰਘਾਈ ਨਾਲ ਘੋਖਿਆ ਗਿਆ ਤਾਂ ਕਈ ਹੈਰਾਨਕੁੰਨ ਤੱਥ ਸਾਹਮਣੇ ਆਏ। ਫਿਲਹਾਲ ਇਸ ਮਾਮਲੇ ਵਿਚ ਕਿਸੇ ਹੋਰ ਸ਼ੱਕੀ ਦੀ ਭਾਲ ਨਹੀਂ ਕੀਤੀ ਜਾ ਰਹੀ ਅਤੇ ਬਰਾਮਦ ਕੀਤੀਆਂ ਗੱਡੀਆਂ ਦੀ ਅੰਦਾਜ਼ਨ ਕੀਮਤ 95 ਲੱਖ ਡਾਲਰ ਬਣਦੀ ਹੈ। 100 ਤੋਂ ਵੱਧ ਗੱਡੀਆਂ ਵਿਚੋਂ 21 ਮਹਿੰਗੇ ਭਾਅ ਵਾਲੀਆਂ ਦੱਸੀਆਂ ਜਾ ਰਹੀਆਂ ਹਨ ਜਿਨ੍ਹਾਂ ਦੀ ਕੀਮਤ 18 ਲੱਖ ਡਾਲਰ ਦੱਸੀ ਜਾ ਰਹੀ ਹੈ।
ਇਥੇ ਦਸਣਾ ਬਣਦਾ ਹੈ ਕਿ ਕਾਰ ਚੋਰਾਂ ਦੀ ਨਕੇਲ ਕਸਣ ਲਈ ਕੈਨੇਡਾ ਵਿਚ ਕੌਮੀ ਕਾਰਜ ਯੋਜਨਾ ਨੂੰ ਅਮਲ ਵਿਚ ਲਿਆਂਦਾ ਗਿਆ ਹੈ ਜਿਸ ਤਹਿਤ ਗਰੇਟਰ ਟੋਰਾਂਟੋ ਏਰੀਆ ਵਿਖੇ ਕੰਟੇਨਰਾਂ ਦੀ ਸਕੈਨਿੰਗ ਵਾਸਤੇ ਮੋਬਾਈਲ ਐਕਸ-ਰੇਅ ਸਕੈਨਰ ਦੀ ਤੈਨਾਤੀ ਕੀਤੀ ਗਈ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਮੌਜੂਦਾ ਵਰ੍ਹੇ ਦੌਰਾਨ ਰੇਲਯਾਰਡਜ਼ ਅਤੇ ਪੋਰਟਸ ’ਤੇ 1,300 ਤੋਂ ਵੱਧ ਗੱਡੀਆਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਜਿਨ੍ਹਾਂ ਨੂੰ ਵਿਦੇਸ਼ ਭੇਜਿਆ ਜਾ ਰਿਹਾ ਸੀ। ਇਨ੍ਹਾਂ ਵਿਚੋਂ 452 ਇਕੱਲੇ ਗਰੇਟਰ ਟੋਰਾਂਟੋ ਏਰੀਆ ਵਿਚੋਂ ਬਰਾਮਦ ਹੋਈਆਂ। ਦੂਜੇ ਪਾਸੇ ਪੀਲ ਰੀਜਨਲ ਪੁਲਿਸ ਵੱਲੋਂ ‘ਪ੍ਰੌਜੈਕਟ ਓਡਿਸੀ’ ਅਧੀਨ 3 ਕਰੋੜ 32 ਲੱਖ ਡਾਲਰ ਮੁੱਲ ਦੀਆਂ ਚੋਰੀ ਹੋਈਆਂ ਗੱਡੀਆਂ ਬਰਾਮਦ ਕਰਦਿਆਂ 16 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।