ਟੋਰਾਂਟੋ : ਪ੍ਰਾਪਰਟੀ ਟੈਕਸ ’ਚ 6.9 ਫ਼ੀ ਸਦੀ ਵਾਧੇ ਨੂੰ ਕੌਂਸਲ ਦੀ ਪ੍ਰਵਾਨਗੀ
ਟੋਰਾਂਟੋ ਸਿਟੀ ਕੌਂਸਲ ਵੱਲੋਂ 2025 ਦੇ ਬਜਟ ਨੂੰ ਪ੍ਰਵਾਨਗੀ ਦੇ ਦਿਤੀ ਗਈ ਜਿਸ ਵਿਚ ਪ੍ਰਾਪਰਟੀ ਟੈਕਸ 6.9 ਫ਼ੀ ਸਦੀ ਵਧਾਉਣਾ ਵੀ ਸ਼ਾਮਲ ਹੈ

ਟੋਰਾਂਟੋ : ਟੋਰਾਂਟੋ ਸਿਟੀ ਕੌਂਸਲ ਵੱਲੋਂ 2025 ਦੇ ਬਜਟ ਨੂੰ ਪ੍ਰਵਾਨਗੀ ਦੇ ਦਿਤੀ ਗਈ ਜਿਸ ਵਿਚ ਪ੍ਰਾਪਰਟੀ ਟੈਕਸ 6.9 ਫ਼ੀ ਸਦੀ ਵਧਾਉਣਾ ਵੀ ਸ਼ਾਮਲ ਹੈ ਜਦਕਿ 18.8 ਅਰਬ ਡਾਲਰ ਦੇ ਅਪ੍ਰੇਟਿੰਗ ਬਜਟ ਅਤੇ 59.6 ਅਰਬ ਡਾਲਰ ਦੇ ਕੈਪੀਟਲ ਪਲੈਨ ਨੂੰ ਵੀ ਹਰੀ ਝੰਡੀ ਮਿਲ ਗਈ। ਬਤੌਰ ਮੇਅਰ ਓਲੀਵੀਆ ਚੌਅ ਵੱਲੋਂ ਆਪਣਾ ਦੂਜਾ ਬਜਟ ਪਾਸ ਕਰਵਾਇਆ ਗਿਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਮੇਅਰ ਨੇ ਕਿਹਾ ਕਿ ਟੋਰਾਂਟੋ ਵਿਚ ਰਹਿਣਾ ਬੇਹੱਦ ਮਹਿੰਗਾ ਹੋ ਚੁੱਕਾ ਹੈ ਜਦਕਿ ਵੱਡੀ ਗਿਣਤੀ ਵਿਚ ਬੱਚੇ ਭੁੱਖੇ ਹਨ ਅਤੇ ਪੁਲਿਸ ਤੇ ਪੈਰਾਮੈਡਿਕਸ ਮੌਕੇ ’ਤੇ ਪੁੱਜਣ ਵਿਚ ਵਧ ਸਮਾਂ ਲਾ ਰਹੇ ਹਨ।
18.8 ਅਰਬ ਡਾਲਰ ਦਾ ਅਪ੍ਰੇਟਿੰਗ ਬਜਟ ਵੀ ਪ੍ਰਵਾਨ ਕੀਤਾ
ਬਜਟਵਿਚ ਕਈ ਖੁਰਾਕ ਯੋਜਨਾਵਾਂ ਸ਼ਾਮਲ ਹਨ ਜਦਕਿ ਟੀ.ਟੀ.ਸੀ. ਕਿਰਾਇਆਂ ਵਿਚ ਵਾਧੇ ਨੂੰ ਵੀ ਠੱਲ੍ਹ ਪਾਈ ਗਈ ਹੈ। ਕੁਝ ਕੌਂਸਲਰਾਂ ਵੱਲੋਂ ਸਵਾਲ ਉਠਾਇਆ ਗਿਆ ਕਿ ਪ੍ਰਾਪਰਟੀ ਟੈਕਸ ਵਿਚ ਐਨਾ ਵਾਧਾ ਜਾਇਜ਼ ਨਹੀਂ ਸੀ ਜਦਕਿ ਮੇਅਰ ਵੱਲੋਂ ਵਾਧੇ ਨੂੰ ਪੂਰੀ ਤਰ੍ਹਾਂ ਜਾਇਜ਼ ਠਹਿਰਾਇਆ ਗਿਆ। ਇਥੇ ਦਸਣਾ ਬਣਦਾ ਹੈ ਕਿ ਬਜਟ ਮੀਟਿੰਗ ਦੌਰਾਨ ਕੁਝ ਮਤੇ ਫੇਲ ਵੀ ਹੋ ਗਏ ਜਿਨ੍ਹਾਂ ਵਿਚ ਇੰਡਸਟ੍ਰੀਅਲ ਟੈਕਸ ਵਿਚ 25 ਫੀ ਸਦੀ ਕਟੌਤੀ ਕਰਨਾ ਸ਼ਾਮਲ ਹੈ। ਕੌਂਸਲਰ ਬਰੈਡ ਬਰੈਡਫਰਡ ਵੱਲੋਂ ਇਹ ਮਤਾ ਲਿਆਂਦਾ ਗਿਆ ਪਰ ਇਹ ਬੁਰੀ ਤਰ੍ਹਾਂ ਡਿੱਗ ਗਿਆ।