ਕੈਨੇਡਾ ਵਿਚ ਮੁੜ ਸਿੱਖਾਂ ਦੀ ਜਾਨ ਉਤੇ ਮੰਡਰਾਇਆ ਖਤਰਾ
ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਦਾਅਵਾ ਕੀਤਾ ਹੈ ਕਿ ਕੈਨੇਡਾ ਵਿਚ ਕਈ ਸਿੱਖ ਆਗੂਆਂ ਦੀ ਜਾਨ ਖਤਰੇ ਵਿਚ ਹੈ ਪਰ ਆਰ.ਸੀ.ਐਮ.ਪੀ. ਵੱਲੋਂ ਵਿਸਤਾਰਤ ਵੇਰਵੇ ਸਾਂਝੇ ਨਹੀਂ ਕੀਤੇ ਜਾ ਰਹੇ।

By : Upjit Singh
ਵੈਨਕੂਵਰ : ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਦਾਅਵਾ ਕੀਤਾ ਹੈ ਕਿ ਕੈਨੇਡਾ ਵਿਚ ਕਈ ਸਿੱਖ ਆਗੂਆਂ ਦੀ ਜਾਨ ਖਤਰੇ ਵਿਚ ਹੈ ਪਰ ਆਰ.ਸੀ.ਐਮ.ਪੀ. ਵੱਲੋਂ ਵਿਸਤਾਰਤ ਵੇਰਵੇ ਸਾਂਝੇ ਨਹੀਂ ਕੀਤੇ ਜਾ ਰਹੇ। ਗਲੋਬਲ ਨਿਊਜ਼ ਨਾਲ ਗੱਲਬਾਤ ਕਰਦਿਆਂ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੇ ਬੁਲਾਰੇ ਬਲਪ੍ਰੀਤ ਸਿੰਘ ਨੇ ਦੋਸ਼ ਲਾਇਆ ਕਿ ਸਿੱਖਾਂ ਦੀ ਹਿਫ਼ਾਜ਼ਤ ਜਾਂ ਸਹਾਇਤਾ ਵਾਸਤੇ ਵੀ ਜ਼ਿਆਦਾ ਉਪਰਾਲੇ ਨਹੀਂ ਕੀਤੇ ਜਾ ਰਹੇ। ਉਨ੍ਹਾਂ ਅੱਗੇ ਕਿਹਾ ਕਿ ਆਰ.ਸੀ.ਐਮ.ਪੀ. ਵਾਲੇ ਤੁਹਾਡੇ ਨਾਲ ਸੰਪਰਕ ਕਰਦੇ ਹਨ ਅਤੇ ਇਕ ਕਾਗਜ਼ ਦਾ ਟੁਕੜਾ ਹੱਥ ਵਿਚ ਫੜਾਉਂਦਿਆਂ ਆਖ ਦਿਤਾ ਜਾਂਦਾ ਹੈ ਕਿ ਤੁਹਾਡੀ ਜ਼ਿੰਦਗੀ ਗੰਭੀਰ ਖਤਰੇ ਵਿਚ ਹੈ, ਤੁਹਾਨੂੰ ਕਿਸੇ ਵੀ ਥਾਂ ’ਤੇ ਮਾਰਿਆ ਜਾ ਸਕਦਾ ਹੈ।
ਡਬਲਿਊ.ਐਸ.ਓ. ਵੱਲੋਂ ਆਰ.ਸੀ.ਐਮ.ਪੀ. ’ਤੇ ਢਿੱਲ-ਮੱਠ ਵਰਤਣ ਦੇ ਦੋਸ਼
ਇਸ ਮਗਰੋਂ ਕਾਗਜ਼ ਦਾ ਟੁਕੜਾ ਵਾਪਸ ਲੈਂਦਿਆਂ ਸਬੰਧਤ ਸ਼ਖਸ ਅੱਗੇ ਸਵਾਲਾਂ ਦੀ ਝੜੀ ਲਾ ਦਿਤੀ ਜਾਂਦੀ ਹੈ। ਖਤਰੇ ਦੀ ਜ਼ਦ ਵਿਚ ਆਏ ਵਿਅਕਤੀ ਨੂੰ ਹੀ ਪੁੱਛਿਆ ਜਾਂਦਾ ਹੈ ਕਿ ਆਖਰਕਾਰ ਇਹ ਖਤਰਾ ਕਿਥੋਂ ਪੈਦਾ ਹੋ ਰਿਹਾ ਹੈ? ਸਵਾਲਾਂ ਦੀ ਸਿਲਸਿਲਾ ਬੰਦ ਹੁੰਦਾ ਹੈ ਤਾਂ ਸਬੰਧਤ ਸ਼ਖਸ ਨੂੰ ਆਪਣੀਆਂ ਰੋਜ਼ਾਨਾ ਸਰਗਰਮੀਆਂ ਵਿਚ ਤਬਦੀਲੀ ਵਾਸਤੇ ਆਖਿਆ ਜਾਂਦਾ ਹੈ। ਸਿਰਫ਼ ਐਨਾ ਹੀ ਨਹੀਂ, ਆਪਣੇ ਪਰਵਾਰ ਅਤੇ ਦੋਸਤਾਂ ਤੋਂ ਦੂਰ ਰਹਿਣ ਦੀ ਹਦਾਇਤ ਦਿਤੀ ਜਾਂਦੀ ਹੈ। ਕਈ ਮਹੀਨੇ ਲੰਘਣ ਮਗਰੋਂ ਜਦੋਂ ਖਤਰੇ ਦੀ ਜ਼ਦ ਵਿਚ ਆਇਆ ਸ਼ਖਸ ਪੁਲਿਸ ਨਾਲ ਸੰਪਰਕ ਕਰਦਾ ਹੈ ਤਾਂ ਉਸ ਨੂੰ ਦੱਸਿਆ ਜਾਂਦਾ ਹੈ ਕਿ ਦਹਾਕਿਆਂ ਪੁਰਾਣਾ ਇਹ ਟਕਰਾਅ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ ਜਿਸ ਦੇ ਮੱਦੇਨਜ਼ਰ ਜਾਨ ਵਾਸਤੇ ਪੈਦਾ ਹੋਇਆ ਖਤਰਾ ਫਿਲਹਾਲ ਟਲਿਆ ਨਹੀਂ। ਚੇਤੇ ਰਹੇ ਕਿ ਆਰ.ਸੀ.ਐਮ.ਪੀ. ਵੱਲੋਂ ਦਸੰਬਰ 2023 ਵਿਚ ਉਸ ਵੇਲੇ ਦੇ ਐਨ.ਡੀ.ਪੀ. ਆਗੂ ਜਗਮੀਤ ਸਿੰਘ ਦੀ ਸੁਰੱਖਿਆ ਵਾਸਤੇ ਹਥਿਆਰਬੰਦ ਮੁਲਾਜ਼ਮ ਤੈਨਾਤ ਕੀਤੇ ਗਏ। ਜਗਮੀਤ ਸਿੰਘ ਦੇ ਸੀਨੀਅਰ ਸਟਾਫ਼ ਨੂੰ ਹਦਾਇਤ ਦਿਤੀ ਗਈ ਕਿ ਜਨਤਕ ਸਮਾਗਮਾਂ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧ ਵਾਲੀ ਰਣਨੀਤੀ ਤਿਆਰ ਕੀਤੀ ਜਾਵੇ। ਗਲੋਬਲ ਨਿਊਜ਼ ਵੱਲੋਂ ਪ੍ਰਕਾਸ਼ਤ ਰਿਪੋਰਟ ਵਿਚ ਇਕ ਵਿਦੇਸ਼ੀ ਏਜੰਟ ਦਾ ਜ਼ਿਕਰ ਵੀ ਕੀਤਾ ਗਿਆ ਜੋ ਜਗਮੀਤ ਸਿੰਘ ਅਤੇ ਉਨ੍ਹਾਂ ਦੇ ਪਰਵਾਰ ਦੀਆਂ ਸਰਗਰਮੀਆਂ ’ਤੇ ਲਗਾਤਾਰ ਨਜ਼ਰ ਰੱਖ ਰਿਹਾ ਸੀ।
‘ਸਿੱਖਾਂ ਦੀ ਹਿਫ਼ਾਜ਼ਤ ਵਾਸਤੇ ਉਪਰਾਲੇ ਨਹੀਂ ਕਰ ਰਹੀ ਪੁਲਿਸ’
ਹਰਦੀਪ ਸਿੰਘ ਨਿੱਜਰ ਦੇ ਕਤਲ ਮਗਰੋਂ ਉਸ ਵੇਲੇ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਹਦਾਇਤਾਂ ’ਤੇ ਕੈਨੇਡੀਅਨ ਖੁਫੀਆ ਏਜੰਸੀ ਵੱਲੋਂ ਜਗਮੀਤ ਸਿੰਘ ਨਾਲ ਖਾਸ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਮਾਮਲੇ ਦੀ ਡੂੰਘਾਈ ਬਾਰੇ ਜਾਣੂ ਕਰਵਾਇਆ ਗਿਆ। ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੇ ਬੁਲਾਰੇ ਬਲਪ੍ਰੀਤ ਸਿੰਘ ਨੂੰ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਨੇਡਾ ਫੇਰੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਡਬਲਿਊ.ਐਸ.ਓ. ਗੱਲਬਾਤ ਦੇ ਵਿਰੁੱਧ ਨਹੀਂ ਪਰ ਇਹ ਸਿਧਾਂਤਕ ਤੌਰ ’ਤੇ ਹੋਣੀ ਚਾਹੀਦੀ ਹੈ। ਕੈਨੇਡੀਅਨ ਖੁਫੀਆ ਏਜੰਸੀ ਤਾਜ਼ਾ ਰਿਪੋਰਟ ਭਾਰਤ ਨੂੰ ਕਟਹਿਰੇ ਵਿਚ ਖੜ੍ਹਾ ਕਰ ਰਹੀ ਹੈ ਅਤੇ ਆਪਣੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਲਈ ਅਪਰਾਧਕ ਗਿਰੋਹਾਂ ਦੀ ਵਰਤੋਂ ਬਾਰੇ ਸਾਫ਼ ਤੌਰ ’ਤੇ ਦੱਸਿਆ ਗਿਆ ਹੈ। ਅਜਿਹੇ ਵਿਚ ਜੀ-7 ਸੰਮੇਲਨ ਦੌਰਾਨ ਹੋਈ ਮੁਲਾਕਾਤ ਬੇਮਤਲਬ ਮਹਿਸੂਸ ਹੁੰਦੀ ਹੈ।


