ਕੈਨੇਡਾ-ਅਮਰੀਕਾ ’ਚੋਂ ਹਜ਼ਾਰਾਂ ਨੌਕਰੀਆਂ ਖ਼ਤਮ
ਕੈਨੇਡਾ ਅਤੇ ਅਮਰੀਕਾ ਦੇ ਰੁਜ਼ਗਾਰ ਖੇਤਰ ਡਾਵਾਂਡੋਲ ਨਜ਼ਰ ਆ ਰਹੇ ਹਨ ਅਤੇ ਟਰੰਪ ਵੱਲੋਂ ਲੱਖਾਂ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਬਾਵਜੂਦ ਵਿਚ ਅਮਰੀਕਾ ਵਿਚ ਬੇਰੁਜ਼ਗਾਰੀ ਦਰ ਚਾਰ ਸਾਲ ਦੇ ਸਿਖਰ ’ਤੇ

By : Upjit Singh
ਟੋਰਾਂਟੋ/ਨਿਊ ਯਾਰਕ : ਕੈਨੇਡਾ ਅਤੇ ਅਮਰੀਕਾ ਦੇ ਰੁਜ਼ਗਾਰ ਖੇਤਰ ਡਾਵਾਂਡੋਲ ਨਜ਼ਰ ਆ ਰਹੇ ਹਨ ਅਤੇ ਟਰੰਪ ਵੱਲੋਂ ਲੱਖਾਂ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਬਾਵਜੂਦ ਵਿਚ ਅਮਰੀਕਾ ਵਿਚ ਬੇਰੁਜ਼ਗਾਰੀ ਦਰ ਚਾਰ ਸਾਲ ਦੇ ਸਿਖਰ ’ਤੇ ਪੁੱਜ ਚੁੱਕੀ ਹੈ। ਕੈਨੇਡਾ ਵਿਚ ਵੀ ਹਾਲਾਤ ਚੰਗੇ ਨਹੀਂ ਅਤੇ ਅਗਸਤ ਮਹੀਨੇ ਦੌਰਾਨ 66 ਹਜ਼ਾਰ ਨੌਕਰੀਆਂ ਖਤਮ ਹੋਣ ਮਗਰੋਂ ਬੇਰੁਜ਼ਗਾਰਾਂ ਦੀ ਗਿਣਤੀ 9 ਸਾਲ ਦੇ ਸਿਖਰ ’ਤੇ ਪੁੱਜ ਗਈ। ਜੀ ਹਾਂ, ਕੈਨੇਡਾ ਵਿਚ ਬੇਰੁਜ਼ਗਾਰੀ ਦਰ ਵਧ ਕੇ 7.1 ਫੀ ਸਦੀ ਹੋ ਚੁੱਕੀ ਹੈ ਅਤੇ ਟੈਰਿਫ਼ਸ ਦੀ ਮਾਰ ਹੇਠ ਆਏ ਖੇਤਰਾਂ ਵਿਚ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਟ੍ਰਾਂਸਪੋਰਟੇਸ਼ਨ ਅਤੇ ਵੇਅਰਹਾਊਸਿੰਗ ਸੈਕਟਰ ਵਿਚੋਂ 23 ਹਜ਼ਾਰ ਨੌਕਰੀਆਂ ਖਤਮ ਹੋਈਆਂ ਜਦਕਿ ਮੈਨੂਫੈਕਚਰਿੰਗ ਸੈਕਟਰ ਵਿਚੋਂ ਰੁਜ਼ਗਾਰ ਦੇ 19 ਹਜ਼ਾਰ ਮੌਕੇ ਖ਼ਤਮ ਹੋ ਗਏ।
ਕੈਨੇਡਾ ਵਿਚ ਬੇਰੁਜ਼ਗਾਰੀ ਦਰ ਵਧ ਕੇ 7.1 ਫ਼ੀ ਸਦੀ ਹੋਈ
ਇਸ ਦੇ ਉਲਟ ਕੰਸਟ੍ਰਕਸ਼ਨ ਸੈਕਟਰ ਵਿਚ 17 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਵੀ ਹੋਈਆਂ। ਰੁਜ਼ਗਾਰ ਖੇਤਰ ਦੇ ਅੰਕੜਿਆਂ ਨੇ ਕੁਝ ਆਰਥਿਕ ਮਾਹਰਾਂ ਦੀ ਭਵਿੱਖਬਾਣੀ ਪੂਰੀ ਤਰ੍ਹਾਂ ਗਲਤ ਸਾਬਤ ਕਰ ਦਿਤੀ ਜਿਨ੍ਹਾਂ ਵੱਲੋਂ ਅਗਸਤ ਦੌਰਾਨ 10 ਹਜ਼ਾਰ ਨੌਕਰੀਆਂ ਪੈਦਾ ਹੋਣ ਅਤੇ ਬੇਰੁਜ਼ਗਾਰੀ ਦਰ ਵਧ ਕੇ 7 ਫੀ ਸਦੀ ਤੱਕ ਪੁੱਜਣ ਦੀ ਪੇਸ਼ੀਨਗੋਈ ਕੀਤੀ ਜਾ ਰਹੀ ਸੀ। ਦੂਜੇ ਪਾਸੇ ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਖਤਮ ਹੋਏ ਰੁਜ਼ਗਾਰ ਦੇ ਮੌਕਿਆਂ ਵਿਚੋਂ ਜ਼ਿਆਦਾਤਰ ਯਾਨੀ 60 ਹਜ਼ਾਰ ਪਾਰਟ ਟਾਈਮ ਸਨ ਜਿਸ ਦੇ ਮੱਦੇਨਜ਼ਰ ਇਹ ਅੰਕੜਾ ਕਿਰਤੀ ਬਾਜ਼ਾਰ ਨੂੰ ਵੱਡੀ ਢਾਹ ਨਹੀਂ ਲਾਉਂਦਾ। ਕਾਨਫਰੰਸ ਬੋਰਡ ਆਫ਼ ਕੈਨੇਡਾ ਦੇ ਚੀਫ਼ ਇਕੌਨੋਮਿਸਟ ਪੈਡਰੋ ਐਨਟਿਊਨਜ਼ ਨੇ ਕਿਹਾ ਕਿ ਕੁਲ ਮਿਲਾ ਕੇ ਰੁਜ਼ਗਾਰ ਖੇਤਰ ਦੀ ਰਿਪੋਰਟ ਨੂੰ ਚੰਗੀ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਨੌਜਵਾਨਾਂ ਵਿਚ ਬੇਰੁਜ਼ਗਾਰੀ ਜਿਉਂ ਦੀ ਤਿਉਂ ਬਰਕਰਾਰ ਰਹੀ। ਬੀ.ਐਮ.ਓ. ਦੇ ਚੀਫ਼ ਇਕੌਨੋਮਿਸਟ ਡਗਲਸ ਪੋਰਟਰ ਦਾ ਕਹਿਣਾ ਸੀ ਕਿ ਮਹਾਂਮਾਰੀ ਤੋਂ ਬਾਅਦ ਰੁਜ਼ਗਾਰ ਖੇਤਰ ਦੇ ਸਭ ਤੋਂ ਕਮਜ਼ੋਰ ਅੰਕੜੇ ਸਾਹਮਣੇ ਆਏ ਹਨ। ਬਿਨਾਂ ਸ਼ੱਕ ਕਾਰੋਬਾਰੀ ਜੰਗ ਦਾ ਅਸਰ ਨਜ਼ਰ ਆ ਰਿਹਾ ਪਰ ਇਹ ਰੁਝਾਨ ਵਿਆਜ ਦਰਾਂ ਵਿਚ ਕਟੌਤੀ ਦਾ ਰਾਹ ਖੋਲ੍ਹਦਾ ਵੀ ਨਜ਼ਰ ਆ ਰਿਹਾ ਹੈ। 17 ਸਤੰਬਰ ਨੂੰ ਹੋਣ ਵਾਲੀ ਸਮੀਖਿਆ ਮੀਟਿੰਗ ਦੌਰਾਨ ਬੈਂਕ ਆਫ਼ ਕੈਨੇਡਾ ਵੱਲੋਂ ਵਿਆਜ ਦਰਾਂ ਵਿਚ ਚੌਥਾਈ ਫ਼ੀ ਸਦੀ ਕਟੌਤੀ ਯਕੀਨੀ ਮੰਨੀ ਜਾ ਰਹੀ ਹੈ। ਵਿਆਜ ਦਰਾਂ ਘਟਣਗੀਆਂ ਜਾਂ ਨਹੀਂ, ਇਸ ਮੁੱਦੇ ’ਤੇ ਸ਼ਰਤਾਂ ਲੱਗਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ ਅਤੇ 92 ਫ਼ੀ ਸਦੀ ਲੋਕਾਂ ਨੂੰ ਵਿਆਜ ਦਰਾਂ ਘਟਣ ਦੀ ਉਮੀਦ ਹੈ।
ਅਮਰੀਕਾ ਵਿਚ ਬੇਰੁਜ਼ਗਾਰੀ ਦਰ 4 ਸਾਲ ਦੇ ਸਿਖਰ ’ਤੇ
ਦੂਜੇ ਪਾਸੇ ਨੌਕਰੀ ਕਰ ਰਹੇ ਜਾਂ ਸਰਗਰਮੀ ਨਾਲ ਰੁਜ਼ਗਾਰ ਦੀ ਭਾਲ ਵਿਚ ਜੁਟੇ ਲੋਕਾਂ ਦੀ ਗਿਣਤੀ 65.1 ਫ਼ੀ ਸਦੀ ਦਰਜ ਕੀਤੀ ਗਈ ਜੋ ਮਹਾਂਮਾਰੀ ਤੋਂ ਬਾਅਦ ਸਭ ਤੋਂ ਹੇਠਲਾ ਪੱਧਰ ਮੰਨਿਆ ਜਾ ਰਿਹਾ ਹੈ। ਅਮਰੀਕਾ ਦਾ ਜ਼ਿਕਰ ਕੀਤਾ ਜਾਵੇ ਤਾਂ ਅਗਸਤ ਦੌਰਾਨ ਬੇਰੁਜ਼ਗਾਰੀ ਦਰ ਵਧ ਕੇ 4.3 ਫੀ ਸਦੀ ਹੋ ਗਈ ਅਤੇ ਸਿਰਫ਼ 22 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਈਆਂ। ਇਥੇ ਦਸਣਾ ਬਣਦਾ ਹੈ ਕਿ ਜੁਲਾਈ ਵਿਚ ਰੁਜ਼ਗਾਰ ਦੇ ਮੌਕਿਆਂ ਵਿਚ ਕਮੀ ਵਾਲੇ ਅੰਕੜੇ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਬਿਲਕੁਲ ਪਸੰਦ ਨਾ ਆਏ ਅਤੇ ਉਨ੍ਹਾਂ ਨੇ ਕਿਰਤ ਵਿਭਾਗ ਦੀ ਕਮਿਸ਼ਨਰ ਨੂੰ ਬਰਖਾਸਤ ਕਰ ਦਿਤਾ ਪਰ ਇਸ ਵਾਰ ਅੰਕੜਾ ਹੋਰ ਵੀ ਹੇਠਾਂ ਨਜ਼ਰ ਆ ਰਿਹਾ ਹੈ। ਉਧਰ ਕੈਨੇਡਾ ਦੀ ਬੇਰੁਜ਼ਗਾਰੀ ਦਰ ਨੂੰ ਟਰੰਪ ਦੀਆਂ ਟੈਰਿਫ਼ਸ ਦੇ ਮੱਦੇਨਜ਼ਰ ਖੇਤਰਾਂ ਵਿਚ ਵੰਡਿਆ ਗਿਆ ਹੈ। ਮਿਸਾਲ ਵਜੋਂ ਵਿੰਡਸਰ ਦੀ ਬੇਰੁਜ਼ਗਾਰੀ ਦਰ 11.1 ਫੀ ਸਦੀ ਦਰਜ ਕੀਤੀ ਗਈ ਜੋ ਕੌਮੀ ਔਸਤ ਤੋਂ ਕਿਤੇ ਜ਼ਿਆਦਾ ਬਣਦੀ ਹੈ। ਇਸੇ ਤਰ੍ਹਾਂ ਔਸ਼ਵਾ ਦੀ ਬੇਰੁਜ਼ਗਾਰੀ ਦਰ 9 ਫ਼ੀ ਸਦੀ ਰਹੀ। ਕੈਨੇਡੀਅਨ ਅੰਕੜਿਆਂ ਵਿਚੋਂ ਸਭ ਤੋਂ ਹੈਰਾਨ ਕਰਨ ਵਾਲਾ ਹਿੱਸਾ ਉਜਰਤ ਦਰਾਂ ਦਾ ਰਿਹਾ ਜਿਨ੍ਹਾਂ ਵਿਚ ਸਾਲਾਨਾ ਆਧਾਰ ’ਤੇ 3.6 ਫੀ ਸਦੀ ਵਾਧਾ ਦਰਜ ਕੀਤਾ ਗਿਆ ਹੈ ਅਤੇ ਔਰਤ ਪ੍ਰਤੀ ਘੰਟਾ ਉਜਰਤ ਦਰ 37.81 ਡਾਲਰ ਚੱਲ ਰਹੀ ਹੈ।


