ਐਡਮਿੰਟਨ ਦੇ ਸੁਖਵੀਰ ਕਤਲਕਾਂਡ ਦਾ ਤੀਜਾ ਸ਼ੱਕੀ ਗ੍ਰਿਫ਼ਤਾਰ
ਐਡਮਿੰਟਨ ਦੇ ਸੁਖਵੀਰ ਕਤਲਕਾਂਡ ਦੀ ਪੜਤਾਲ ਕਰ ਰਹੀ ਪੁਲਿਸ ਵੱਲੋਂ ਤੀਜੇ ਸ਼ੱਕੀ ਜਸਮੀਤ ਸਿੰਘ ਨੂੰ ਗ੍ਰਿਫ਼ਤਾਰ ਕਰਦਿਆਂ ਪਹਿਲੇ ਦਰਜੇ ਦੀ ਹੱਤਿਆ ਅਤੇ ਅਗਵਾ ਦੇ ਦੋਸ਼ ਆਇਦ ਕੀਤੇ ਗਏ ਹਨ

ਐਡਮਿੰਟਨ : ਐਡਮਿੰਟਨ ਦੇ ਸੁਖਵੀਰ ਕਤਲਕਾਂਡ ਦੀ ਪੜਤਾਲ ਕਰ ਰਹੀ ਪੁਲਿਸ ਵੱਲੋਂ ਤੀਜੇ ਸ਼ੱਕੀ ਜਸਮੀਤ ਸਿੰਘ ਨੂੰ ਗ੍ਰਿਫ਼ਤਾਰ ਕਰਦਿਆਂ ਪਹਿਲੇ ਦਰਜੇ ਦੀ ਹੱਤਿਆ ਅਤੇ ਅਗਵਾ ਦੇ ਦੋਸ਼ ਆਇਦ ਕੀਤੇ ਗਏ ਹਨ ਜਦਕਿ ਚੌਥੇ ਸ਼ੱਕੀ ਲਵਪ੍ਰੀਤ ਸਿੰਘ ਦੇ ਭਾਰਤ ਫਰਾਰ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਪੋਸਟਮਾਰਟਮ ਰਿਪੋਰਟ ਮੁਤਾਬਕ 32 ਸਾਲ ਦੇ ਸੁਖਵੀਰ ਸਿੰਘ ਦੀ ਮੌਤ ਡੁੱਬਣ ਕਾਰਨ ਹੋਈ ਪਰ ਮੁਢਲੀ ਪੜਤਾਲ ਮਗਰੋਂ ਮਾਮਲੇ ਨੂੰ ਕਤਲ ਐਲਾਨ ਦਿਤਾ ਗਿਆ। ਕੈਨੇਡਾ ਦੇ ਐਲਬਰਟਾ ਸੂਬੇ ਹੋਇਆ ਕਤਲ ਕਈ ਦਿਨ ਤੱਕ ਗੁੱਝਾ ਭੇਤ ਬਣਿਆ ਰਿਹਾ। ਐਡਮਿੰਟਨ ਪੁਲਿਸ ਮੁਤਾਬਕ ਸੁਖਵੀਰ ਸਿੰਘ ਦੀ ਲਾਸ਼ 28 ਫਰਵਰੀ ਨੂੰ 17 ਸਟ੍ਰੀਟ ਅਤੇ ਯੈਲੋਹੈੱਡ ਟ੍ਰੇਲ ਨੇੜੇ ਇੰਡਸਟ੍ਰੀਅਲ ਏਰੀਆ ਵਿਚੋਂ ਬਰਾਮਦ ਕੀਤੀ ਗਈ।
ਜਸਮੀਤ ਸਿੰਘ ਵਜੋਂ ਹੋਈ ਸ਼ਨਾਖਤ, ਚੌਥਾ ਸ਼ੱਕੀ ਭਾਰਤ ਫਰਾਰ ਹੋਣ ਦਾ ਖਦਸ਼ਾ
ਨੌਜਵਾਨ ਦੀ ਮੌਤ ਨੂੰ ਸ਼ੱਕੀ ਮੰਨਦਿਆਂ ਮਾਮਲਾ ਐਡਮਿੰਟਨ ਪੁਲਿਸ ਦੀ ਹੌਮੀਸਾਈਡ ਡਵੀਜ਼ਨ ਨੇ ਆਪਣੇ ਹੱਥਾਂ ਵਿਚ ਲੈ ਲਿਆ ਅਤੇ 5 ਮਾਰਚ ਨੂੰ ਪੋਸਟਮਾਰਟਮ ਮੁਕੰਮਲ ਹੋਇਆ। ਹਾਲਾਤ ’ਤੇ ਚੰਗੀ ਤਰ੍ਹਾਂ ਗੌਰ ਕਰਨ ਮਗਰੋਂ ਪੁਲਿਸ ਸਮਝ ਗਈ ਕਿ ਸੋਚੀ ਸਮਝੀ ਸਾਜ਼ਿਸ਼ ਤਹਿਤ ਵਾਰਦਾਤ ਨੂੰ ਅੰਜਾਮ ਦਿਤਾ ਗਿਆ। ਜਾਂਚਕਰਤਾਵਾਂ ਵੱਲੋਂ ਸੁਖਵੀਰ ਸਿੰਘ ਦੇ ਅੰਤਲੇ ਦਿਨਾਂ ਬਾਰੇ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ ਜਿਸ ਦੇ ਮੱਦੇਨਜ਼ਰ ਉਸ ਦੀ ਤਸਵੀਰ ਅਤੇ ਹੋਰ ਜਾਣਕਾਰੀ ਜਨਤਕ ਕੀਤੀ ਗਈ। ਐਡਮਿੰਟਨ ਪੁਲਿਸ ਨੇ ਦੱਸਿਆ ਕਿ ਸੁਖਵੀਰ ਸਿੰਘ ਨੂੰ ਆਖਰੀ ਵਾਰ 26 ਫਰਵਰੀ ਦੀ ਸ਼ਾਮ ਵਾਈਟਮਡ ਡਰਾਈਵ ਦੇ ਦੱਖਣ ਵੱਲ ਗੇਟਵੇਅ ਬੁਲੇਵਾਰਡ ਨੇੜਲੇ ਕਮਰਸ਼ੀਅਲ ਏਰੀਆ ਵਿਚ ਦੇਖਿਆ ਗਿਆ। 22 ਸਾਲ ਦੇ ਜਸਮੀਤ ਸਿੰਘ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਪੁਲਿਸ ਵੱਲੋਂ 29 ਸਾਲ ਦੇ ਮਨਪ੍ਰੀਤ ਬਰਾੜ ਅਤੇ 21 ਸਾਲ ਦੇ ਗੁਰਸਿਮਰਨ ਸਿੰਘ ਨੂੰ ਗ੍ਰਿਫ਼ਤਾਰ ਕਰਦਿਆਂ ਪਹਿਲੇ ਦਰਜੇ ਦੀ ਹੱਤਿਆ ਅਤੇ ਅਗਵਾ ਦੇ ਦੋਸ਼ ਆਇਦ ਕੀਤੇ ਜਾ ਚੁੱਕੇ ਹਨ।
2 ਸ਼ੱਕੀਆਂ ਦੀ ਪਹਿਲਾਂ ਹੋ ਚੁੱਕੀ ਹੈ ਗ੍ਰਿਫ਼ਤਾਰੀ
ਦੂਜੇ ਪਾਸੇ 27 ਸਾਲ ਦੇ ਲਵਪ੍ਰੀਤ ਸਿੱਧੂ ਵਿਰੁੱਧ ਗ੍ਰਿਫ਼ਤਾਰ ਵਾਰੰਟ ਜਾਰੀ ਕਰ ਦਿਤੇ ਗਏ ਜਿਸ ਦੇ ਭਾਰਤ ਫਰਾਰ ਹੋਣ ਦਾ ਸ਼ੱਕ ਹੈ। ਐਡਮਿੰਟਨ ਪੁਲਿਸ ਦਾ ਮੰਨਣਾ ਹੈ ਕਿ ਸਾਰੇ ਸ਼ੱਕੀ ਸੁਖਵੀਰ ਸਿੰਘ ਨੂੰ ਜਾਣਦੇ ਸਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਕਤਲਕਾਂਡ ਜਾਂ ਸੁਖਵੀਰ ਸਿੰਘ ਬਾਰੇ ਕੋਈ ਅਹਿਮ ਜਾਣਕਾਰੀ ਹੋਵੇ ਤਾਂ 780 423 4567 ’ਤੇ ਕਾਲ ਕੀਤੀ ਜਾ ਸਕਦੀ ਹੈ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨਾਲ 1800 222 8477 ’ਤੇ ਸੰਪਰਕ ਕੀਤਾ ਜਾ ਸਕਦਾ ਹੈ।