ਕੈਲੇਡਨ ਵਿਖੇ ਸਰਕਾਰੀ ਅਫ਼ਸਰ ਕੁੱਟਣ ਦੇ ਮਾਮਲੇ ’ਚ ਤੀਜਾ ਪੰਜਾਬੀ ਗ੍ਰਿਫ਼ਤਾਰ
ਪੀਲ ਰੀਜਨ ਦੇ ਕੈਲੇਡਨ ਕਸਬੇ ਵਿਚ ਇਕ ਬਾਇਲਾਅ ਅਫ਼ਸਰ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਤੀਜੇ ਸ਼ੱਕੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਚੌਥਾ ਹਾਲੇ ਵੀ ਫ਼ਰਾਰ ਹੈ।
By : Upjit Singh
ਕੈਲੇਡਨ : ਪੀਲ ਰੀਜਨ ਦੇ ਕੈਲੇਡਨ ਕਸਬੇ ਵਿਚ ਇਕ ਬਾਇਲਾਅ ਅਫ਼ਸਰ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਤੀਜੇ ਸ਼ੱਕੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਚੌਥਾ ਹਾਲੇ ਵੀ ਫ਼ਰਾਰ ਹੈ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਵੱਲੋਂ ਸ਼ੱਕੀਆਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਦਾ ਨਾਂ ਅਭੀਜੀਤ, ਜਗਦੀਪ ਬਰਾੜ ਅਤੇ ਗੁਰਵਿੰਦਰ ਬਰਾੜ ਦੱਸਿਆ ਜਾ ਰਿਹਾ ਹੈ। ਦੱਸ ਦੇਈਏ ਕਿ 24 ਨਵੰਬਰ ਨੂੰ ਵੱਡੇ ਤੜਕੇ ਤਕਰੀਬਨ 2 ਵਜੇ ਕੈਲੇਡਨ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦੇ ਅਫ਼ਸਰ ਕੁੱਟਮਾਰ ਦੇ ਮਾਮਲੇ ਦੀ ਸ਼ਿਕਾਇਤ ਮਿਲਣ ’ਤੇ ਸਾਊਥਫ਼ੀਲਡਜ਼ ਵਿਲੇਜ ਦੇ ਫਾਲਵਿਊ ਸਰਕਲ ਵਿਖੇ ਪੁੱਜੇ। ਪ੍ਰਾਪਤ ਜਾਣਕਾਰੀ ਮੁਤਾਬਕ ਮਿਊਂਸਪਲ ਲਾਅ ਐਨਫ਼ੋਰਸਮੈਂਟ ਅਫ਼ਸਰ ਆਪਣੀ ਡਿਊਟੀ ਕਰ ਰਿਹਾ ਸੀ ਜਦੋਂ ਕਈ ਜਣਿਆਂ ਨੇ ਉਸ ਉਤੇ ਹਮਲਾ ਕਰ ਦਿਤਾ।
ਅਭੀਜੀਤ, ਜਗਦੀਪ ਬਰਾੜ ਅਤੇ ਗੁਰਵਿੰਦਰ ਬਰਾੜ ’ਤੇ ਲੱਗੇ ਦੋਸ਼
ਸਰਕਾਰੀ ਅਫ਼ਸਰ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿਚ ਉਸ ਦੇ ਜ਼ਖਮ ਮਾਮੂਲੀ ਦੱਸੇ ਗਏ। ਵਾਰਦਾਤ ਤੋਂ ਚਾਰ ਦਿਨ ਬਾਅਦ ਕੈਲੇਡਨ ਓ.ਪੀ.ਪੀ. ਦੇ ਮੇਜਰ ਕ੍ਰਾਈਮ ਯੂਨਿਟ ਵੱਲੋਂ ਇਕ ਸ਼ੱਕੀ ਨੂੰ ਹਿਰਾਸਤ ਵਿਚ ਲਿਆ ਜਦਕਿ ਦੂਜਾ ਸ਼ੱਕੀ 29 ਨਵੰਬਰ ਨੂੰ ਕਾਬੂ ਆ ਗਿਆ। ਬਰੈਂਪਟਨ ਨਾਲ ਸਬੰਧਤ 33 ਸਾਲ ਸ਼ੱਕੀ ਅਤੇ ਕੈਲੇਡਨ ਦੇ 26 ਸਾਲਾ ਸ਼ੱਕੀ ਵਿਰੁੱਧ ਪੀਸ ਅਫ਼ਸਰ ’ਤੇ ਹਮਲਾ ਕਰਨ ਅਤੇ ਸਰੀਰਕ ਨੁਕਸਾਨ ਪਹੁੰਚਾਉਣ ਦੇ ਦੋਸ਼ ਆਇਦ ਕੀਤੇ ਗਏ। ਇਸੇ ਦੌਰਾਨ ਪੁਲਿਸ ਨੇ ਹੋਰਨਾਂ ਸ਼ੱਕੀਆਂ ਦੀ ਭਾਲ ਜਾਰੀ ਰੱਖੀ ਅਤੇ ਹੁਣ ਤੀਜਾ ਸ਼ੱਕੀ ਵੀ ਕਾਬੂ ਆ ਗਿਆ ਹੈ ਜਿਸ ਵਿਰੁੱਧ ਪੀਸ ਅਫ਼ਸਰ ਦੇ ਕੰਮ ਵਿਚ ਅੜਿੱਕੇ ਡਾਹੁਣ ਦੇ ਦੋਸ਼ ਆਇਦ ਕੀਤੇ ਗਏ ਹਨ।
ਔਰੇਂਜਵਿਲ ਦੀ ਅਦਾਲਤ ਵਿਚ 23 ਜਨਵਰੀ ਨੂੰ ਹੋਵੇਗੀ ਪੇਸ਼ੀ
ਔਰੇਂਜਵਿਲ ਦੀ ਉਨਟਾਰੀਓ ਕੋਰਟ ਆਫ਼ ਜਸਟਿਸ ਵਿਚ ਸ਼ੱਕੀ ਦੀ ਪੇਸ਼ੀ 23 ਜਨਵਰੀ ਨੂੰ ਹੋਵੇਗੀ ਅਤੇ ਇਕ ਹੋਰ ਸ਼ੱਕੀ ਦੀ ਭਾਲ ਕੈਲੇਡਨ ਓ.ਪੀ.ਪੀ. ਦੇ ਮੇਜਰ ਕ੍ਰਾਈਮ ਯੂਨਿਟ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਮਾਮਲੇ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ ਜਾਂਚਕਰਤਾਵਾਂ ਨਾਲ 1888 310 1122 ’ਤੇ ਸੰਪਰਕ ਕੀਤਾ ਜਾਵੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨੂੰ ਕਾਲ ਕੀਤੀ ਜਾ ਸਕਦੀ ਹੈ।