Begin typing your search above and press return to search.

‘ਟਰੂਡੋ ਸਰਕਾਰ ਨੇ ਖਤਰੇ ਵਿਚ ਪਾਈ ਦਰਜਨਾਂ ਸਿੱਖਾਂ ਦੀ ਜਾਨ’

ਭਾਰਤ ਅਤੇ ਕੈਨੇਡਾ ਦੇ ਕੂਟਨੀਤਕ ਰਿਸ਼ਤਿਆਂ ਵਿਚ ਚੱਲ ਰਹੇ ਤਣਾਅ ਦਰਮਿਆਨ ਟਰੂਡੋ ਸਰਕਾਰ ’ਤੇ ਦਰਜਨਾਂ ਹਿੰਦੂਆਂ ਅਤੇ ਸਿੱਖਾਂ ਦੀ ਜਾਨ ਖਤਰੇ ਵਿਚ ਪਾਉਣ ਦੇ ਦੋਸ਼ ਲੱਗੇ ਹਨ।

‘ਟਰੂਡੋ ਸਰਕਾਰ ਨੇ ਖਤਰੇ ਵਿਚ ਪਾਈ ਦਰਜਨਾਂ ਸਿੱਖਾਂ ਦੀ ਜਾਨ’
X

Upjit SinghBy : Upjit Singh

  |  8 July 2024 6:08 PM IST

  • whatsapp
  • Telegram

ਨਵੀਂ ਦਿੱਲੀ : ਭਾਰਤ ਅਤੇ ਕੈਨੇਡਾ ਦੇ ਕੂਟਨੀਤਕ ਰਿਸ਼ਤਿਆਂ ਵਿਚ ਚੱਲ ਰਹੇ ਤਣਾਅ ਦਰਮਿਆਨ ਟਰੂਡੋ ਸਰਕਾਰ ’ਤੇ ਦਰਜਨਾਂ ਹਿੰਦੂਆਂ ਅਤੇ ਸਿੱਖਾਂ ਦੀ ਜਾਨ ਖਤਰੇ ਵਿਚ ਪਾਉਣ ਦੇ ਦੋਸ਼ ਲੱਗੇ ਹਨ। ਭਾਰਤੀ ਅਧਿਕਾਰੀਆਂ ਦੇ ਹਵਾਲੇ ਨਾਲ ਪ੍ਰਕਾਸ਼ਤ ਇਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਅਗਸਤ 2021 ਵਿਚ ਅਫਗਾਨਿਸਤਾਨ ਉਤੇ ਤਾਲਿਬਾਨੀਆਂ ਦੇ ਕਾਬਜ਼ ਹੋਣ ਮਗਰੋਂ ਕਾਬੁਲ ਦੇ ਗੁਰਦਵਾਰਾ ਕਰਤੇ ਪ੍ਰਵਾਨ ਤੋਂ ਸਿੱਖਾਂ ਦੇ ਜਥੇ ਨੂੰ ਸੁਰੱਖਿਅਤ ਕੱਢਣ ਦਾ ਉਪਰਾਲਾ ਕੀਤਾ ਗਿਆ ਪਰ ਕੈਨੇਡਾ ਸਰਕਾਰ ਦੀ ਬੇਤੁਕੀ ਹਰਕਤ ਨੇ ਦਰਜਨਾਂ ਜਾਨਾਂ ਖਤਰੇ ਵਿਚ ਪਾ ਦਿਤੀਆਂ। ‘ਹਿੰਦੋਸਤਾਨ ਟਾਈਮਜ਼’ ਦੀ ਰਿਪੋਰਟ ਮੁਤਾਬਕ 20 ਅਤੇ 21 ਅਗਸਤ ਦੀ ਦਰਮਿਆਨ ਰਾਤ ਅਪ੍ਰੇਸ਼ਨ ਦੇਵੀ ਸ਼ਕਤੀ ਅਧੀਨ 22 ਤੋਂ 40 ਸਿੱਖਾਂ ਦੇ ਜਥੇ ਨੂੰ ਗੁਰਦਵਾਰਾ ਕਰਤੇ ਪ੍ਰਵਾਨ ਤੋਂ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਹਵਾਈ ਅੱਡੇ ’ਤੇ ਲਿਜਾਇਆ ਜਾ ਰਿਹਾ ਸੀ।

ਭਾਰਤ ਨੇ ਲਾਇਆ ਕੈਨੇਡਾ ’ਤੇ ਵੱਡਾ ਦੋਸ਼

ਹਵਾਈ ਅੱਡੇ ’ਤੇ ਭਾਰਤੀ ਹਵਾਈ ਫੌਜ ਦਾ ਸੀ-17 ਗਲੋਬਮਾਸਟਰ ਜਹਾਜ਼ ਸਿੱਖਾਂ ਦੇ ਜਥੇ ਨੂੰ ਸੁਰੱਖਿਅਤ ਲਿਜਾਣ ਵਾਸਤੇ ਤਿਆਰ ਬਰ ਤਿਆਰ ਖੜਾ ਸੀ ਪਰ ਜਥੇ ਦੇ ਮੈਂਬਰਾਂ ਨੇ ਅਚਾਨਕ ਯੋਜਨਾ ਬਦਲ ਦਿਤੀ ਅਤੇ ਕੈਨੇਡੀਅਨ ਮਿਸ਼ਨ ਪੁੱਜ ਗਏ। ਤਿੰਨ ਸਾਲ ਬਾਅਦ ਇਹ ਗੱਲ ਸਪੱਸ਼ਟ ਹੋ ਸਕੀ ਹੈ ਕਿ ਸਿੱਖ ਜਥੇ ਵੱਲੋਂ ਐਨ ਮੌਕੇ ’ਤੇ ਹਵਾਈ ਅੱਡੇ ’ਤੇ ਪੁੱਜਣ ਦੀ ਬਜਾਏ ਕੈਨੇਡੀਅਨ ਅੰਬੈਸੀ ਜਾਣ ਦਾ ਫੈਸਲਾ ਕਿਉਂ ਲਿਆ ਗਿਆ। ਭਾਰਤੀ ਅਧਿਕਾਰੀਆਂ ਮੁਤਾਬਕ ਉਸ ਵੇਲੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵੱਲੋਂ ਆਪਣੀ ਫੌਜ ਨੂੰ ਦਿਤੀਆਂ ਹਦਾਇਤਾਂ ਕਾਰਨ ਇਹ ਸਭ ਹੋਇਆ। ਭਾਰਤੀ ਅਧਿਕਾਰੀਆਂ ਨੇ ਅੱਗੇ ਕਿਹਾ ਕਿ ਸਿੱਖਾਂ ਦਾ ਜਥਾ ਹਵਾਈ ਅੱਡੇ ’ਤੇ ਨਾ ਪੁੱਜਣ ਕਾਰਨ ਚਿੰਤਾਵਾਂ ਵਧ ਗਈਆਂ ਕਿਉਂਕਿ ਉਸ ਵੇਲੇ ਹਰ ਪਾਸੇ ਬੰਬ-ਗੋਲੇ ਚੱਲ ਰਹੇ ਸਨ ਅਤੇ ਕਾਬੁਲ ਹਵਾਈ ਅੱਡੇ ’ਤੇ ਖੜ੍ਹੇ ਭਾਰਤੀ ਹਵਾਈ ਫੌਜ ਦੇ ਜਹਾਜ਼ ਵਾਸਤੇ ਵੀ ਖਤਰਾ ਪੈਦਾ ਹੋ ਰਿਹਾ ਸੀ। ਹਵਾਈ ਅੱਡੇ ’ਤੇ ਮੌਜੂਦ ਭਾਰਤੀ ਅਧਿਕਾਰੀਆਂ ਨੇ ਜਦੋਂ ਪੁਣ-ਛਾਣ ਕੀਤੀ ਤਾਂ ਪਤਾ ਲੱਗਾ ਕਿ ਟਰੂਡੋ ਸਰਕਾਰ ਵੱਲੋਂ ਅਫਗਾਨ ਸਿੱਖਾਂ ਨੂੰ ਕੈਨੇਡਾ ਲਿਜਾਣ ਦਾ ਭਰੋਸਾ ਦਿਤਾ ਗਿਆ ਹੈ ਅਤੇ ਇਸੇ ਕਰ ਕੇ ਸਿੱਖ ਜਥਾ ਕੈਨੇਡੀਅਨ ਅੰਬੈਸੀ ਵੱਲ ਚਲਾ ਗਿਆ। ਪਰ ਮਸਲਾ ਇਥੇ ਹੀ ਖਤਮ ਨਹੀਂ ਹੋਇਆ। ਮੀਡੀਆ ਰਿਪੋਰਟ ਮੁਤਾਬਕ ਸਿੱਖ ਜਥੇ ਨੂੰ ਕੈਨੇਡਾ ਲਿਜਾਣ ਦੀ ਬਜਾਏ ਉਨ੍ਹਾਂ ਦੀ ਕਿਸਮਤ ਦੇ ਆਸਰੇ ਛੱਡ ਦਿਤਾ ਗਿਆ ਅਤੇ ਆਖਰਕਾਰ ਸਿੱਖ ਜਥੇ ਵੱਲੋਂ ਮੁੜ ਭਾਰਤ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਗਈ।

ਕਾਬੁਲ ਤੋਂ ਸਿੱਖ ਜਥੇ ਨੂੰ ਕੈਨੇਡਾ ਲਿਜਾਣ ਦਾ ਲਾਇਆ ਲਾਰਾ

ਸਿੱਖਾਂ ਦੇ ਜਥੇ ਵਿਚ ਅਫਗਾਨਿਸਤਾਨ ਦੀ ਪਹਿਲੀ ਮਹਿਲਾ ਸਿੱਖ ਐਮ.ਪੀ. ਵੀ ਸ਼ਾਮਲ ਸੀ। ਇਥੇ ਦਸਣਾ ਬਣਦਾ ਹੈ ਕਿ ‘ਅਪ੍ਰੇਸ਼ਨ ਦੇਵੀ ਸ਼ਕਤੀ’ ਦੌਰਾਨ 206 ਅਫਗਾਨ ਸਿੱਖਾਂ ਅਤੇ ਹਿੰਦੂਆਂ ਤੋਂ ਇਲਾਵਾ 669 ਲੋਕਾਂ ਨੂੰ ਕਾਬੁਲ ਸੁਰੱਖਿਅਤ ਬਾਹਰ ਕੱਢਿਆ ਗਿਆ। 16 ਅਗਸਤ 2021 ਤੋਂ 10 ਦਸੰਬਰ 2021 ਦਰਮਿਆਨ ਭਾਰਤੀ ਹਵਾਈ ਫੌਜ ਦੇ ਜਹਾਜ਼ਾਂ ਨੇ ਸੱਤ ਉਡਾਣਾਂ ਭਰੀਆਂ। 23 ਅਗਸਤ 2021 ਨੂੰ ਇਕ ਵਿਸ਼ੇਸ਼ ਫਲਾਈਟ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਤਿੰਨ ਸਰੂਪ ਨਵੀਂ ਦਿੱਲੀ ਲਿਜਾਏ ਗਏ ਅਤੇ ਹਿੰਦੂ ਧਰਮ ਨਾਲ ਸਬੰਧਤ ਕੁਝ ਪੁਰਾਤਨ ਲਿਖਤਾਂ ਵੀ ਭਾਰਤ ਲਿਜਾਈਆਂ ਗਈਆਂ। ਚੇਤੇ ਰਹੇ ਕਿ ‘ਦਾ ਗਲੋਬ ਐਂਡ ਮੇਲ’ ਦੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਸੀ ਕਿ ਜਦੋਂ ਤਿੰਨ ਸਾਲ ਪਹਿਲਾਂ ਅਫਗਾਨਿਸਤਾਨ ਵਿਚ ਤਾਲਿਬਾਨ ਕਾਬਜ਼ ਹੋ ਰਿਹਾ ਸੀ ਤਾਂ ਹਰਜੀਤ ਸਿੰਘ ਸੱਜਣ ਵੱਲੋਂ ਕਾਬੁਲ ਵਿਖੇ ਫਸੇ 225 ਸਿੱਖਾਂ ਨੂੰ ਸੁਰੱਖਿਅਤ ਕੱਢਣ ਦੀ ਜ਼ਿੰਮੇਵਾਰ ਕੈਨੇਡੀਅਨ ਫੌਜ ਨੂੰ ਸੌਂਪੀ ਗਈ ਜਦਕਿ ਦੂਜੇ ਪਾਸੇ ਵੱਡੀ ਗਿਣਤੀ ਵਿਚ ਕੈਨੇਡੀਅਨ ਨਾਗਰਿਕਾਂ ਨੂੰ ਕੱਢਿਆ ਜਾਣਾ ਬਾਕੀ ਸੀ। ਇਸ ਦਾਅਵੇ ਦੇ ਜਵਾਬ ਵਿਚ ਹਰਜੀਤ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਵੱਲੋਂ ਫੌਜ ਨੂੰ ਅਜਿਹਾ ਕੋਈ ਹੁਕਮ ਨਹੀਂ ਦਿਤਾ ਗਿਆ।

Next Story
ਤਾਜ਼ਾ ਖਬਰਾਂ
Share it