ਟਰੂਡੋ ਸਰਕਾਰ ਦਾ ਬੇੜਾ ਗਰਕ ਕਰ ਗਏ ਜ਼ਿਮਨੀ ਚੋਣਾਂ ਦੇ ਨਤੀਜੇ
ਜ਼ਿਮਨੀ ਚੋਣਾਂ ਦੇ ਨਤੀਜਿਆਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਘੱਟ ਗਿਣਤੀ ਲਿਬਰਲ ਸਰਕਾਰ ਦਾ ਲੱਕ ਤੋੜ ਦਿਤਾ ਹੈ
By : Upjit Singh
ਮੌਂਟਰੀਅਲ : ਜ਼ਿਮਨੀ ਚੋਣਾਂ ਦੇ ਨਤੀਜਿਆਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਘੱਟ ਗਿਣਤੀ ਲਿਬਰਲ ਸਰਕਾਰ ਦਾ ਲੱਕ ਤੋੜ ਦਿਤਾ ਹੈ ਅਤੇ ਕੈਨੇਡਾ ਵਿਚ ਚੋਣਾਂ ਦਾ ਬਿਗਲ ਜਲਦ ਵੱਜਣ ਦੇ ਆਸਾਰ ਵਧ ਚੁੱਕੇ ਹਨ। ਜੀ ਹਾਂ, ਲਿਬਰਲ ਪਾਰਟੀ ਦਾ ਗੜ੍ਹ ਮੰਨੀ ਜਾਂਦੀ ਮੌਂਟਰੀਅਲ ਦੀ ਲਾਸਾਲ-ਇਮਾਰਡ-ਵਰਡਨ ਸੀਟ ਬਲੌਕ ਕਿਊਬੈਕ ਨੇ ਜਿੱਤ ਲਈ ਹੈ ਅਤੇ ਟੋਰਾਂਟੋ-ਸੇਂਟ ਪੌਲ ਦੀ ਹਾਰ ਮਗਰੋਂ ਕਿਸੇ ਤਰੀਕੇ ਨਾਲ ਬੋਤਲ ਵਿਚ ਬੰਦ ਕੀਤਾ ਜਿੰਨ ਮੁੜ ਬਾਹਰ ਆਉਂਦਾ ਮਹਿਸੂਸ ਹੋ ਰਿਹਾ ਹੈ। ਦੂਜੇ ਪਾਸੇ ਵਿੰਨੀਪੈਗ ਦੀ ਐਲਮਵੁੱਡ-ਟ੍ਰਾਂਸਕੌਨਾ ਸੀਟ ਮੁੜ ਐਨ.ਡੀ.ਪੀ. ਦੀ ਝੋਲੀ ਵਿਚ ਚਲੀ ਗਈ। ਮੌਂਟਰੀਅਲ ਸੀਟ ’ਤੇ ਬੇਹੱਦ ਫਸਵਾਂ ਮੁਕਾਬਲਾ ਦੇਖਣ ਨੂੰ ਮਿਲਿਆ ਅਤੇ ਬਲਾਕ ਕਿਊਬੈਕ ਦੇ ਲੂਈ ਫਿਲਿਪ ਸੌਵ ਨੇ ਲਿਬਰਲ ਉਮੀਦਵਾਰ ਲੌਰਾ ਪੈਲਿਸਟੀਨੀ ਨੂੰ 248 ਵੋਟਾਂ ਦੇ ਫ਼ਰਕ ਨਾਲ ਹਰਾਇਆ।
ਲਿਬਰਲ ਪਾਰਟੀ ਆਪਣੇ ਇਕ ਹੋਰ ਗੜ੍ਹ ਵਿਚ ਹਾਰੀ
ਟੋਰਾਂਟੋ ਦੇ ਸਮੇਂ ਮੁਤਾਬਕ ਵੱਡੇ ਤੜਕੇ ਪੌਣੇ ਤਿੰਨ ਵਜੇ ਨਤੀਜਾ ਐਲਾਨਿਆ ਜਾ ਸਕਿਆ ਜਿਸ ਮੁਤਾਬਕ ਸੌਵ ਨੂੰ 28 ਫ਼ੀ ਸਦੀ ਵੋਟਾਂ ਮਿਲੀਆਂ ਜਦਕਿ ਲਿਬਰਲ ਉਮੀਦਵਾਰ 27.2 ਫੀ ਸਦੀ ਵੋਟਾਂ ਹਾਸਲ ਕਰਨ ਵਿਚ ਸਫਲ ਰਹੀ। ਨਿਊ ਡੈਮੋਕ੍ਰੈਟਿਕ ਪਾਰਟੀ ਦਾ ਉਮੀਦਵਾਰ 26.1 ਫੀ ਸਦੀ ਵੋਟਾਂ ਨਾਲ ਤੀਜੇ ਸਥਾਨ ’ਤੇ ਰਿਹਾ। ਸੌਵ ਦੀ ਜਿੱਤ ਨੂੰ ਕਿਊਬੈਕ ਵਿਚ ਵੱਖਵਾਦ ਦਾ ਉਭਾਰ ਵੀ ਮੰਨਿਆ ਜਾ ਰਿਹਾ ਹੈ ਕਿਉਂਕਿ ਪਾਰਟੀ ਕਿਊਬੈਕਵਾ ਸੂਬਾ ਪੱਧਰ ’ਤੇ ਮੁੜ ਮਕਬੂਲੀਅਤ ਹਾਸਲ ਕਰ ਰਹੀ ਹੈ ਅਤੇ ਪ੍ਰੀਮੀਅਰ ਫਰਾਂਸਵਾ ਲੈਗੋ ਦੀ ਕੋਲੀਸ਼ਨ ਐਵੇਨੀਅਰ ਛੇ ਸਾਲ ਦੀ ਸੱਤਾ ਮਗਰੋਂ ਲੋਕ ਮਨਾਂ ਵਿਚ ਲਹਿੰਦੀ ਮਹਿਸੂਸ ਹੋ ਰਹੀ ਹੈ। ਖਾਸ ਗੱਲ ਇਹ ਹੈ ਕਿ ਪਾਰਟੀ ਕਿਊਬੈਕਵਾ ਦੇ ਆਗੂ ਪੌਲ ਸੇਂਟ ਪਿਅਰੇ ਪਲੈਮੰਡਨ ਵੱਲੋਂ ਸੌਵ ਦੇ ਹੱਕ ਵਿਚ ਜ਼ੋਰਦਾਰ ਪ੍ਰਚਾਰ ਕੀਤਾ ਗਿਆ।
ਐਨ.ਡੀ.ਪੀ. ਨੇ ਵਿੰਨੀਪੈਗ ਸੀਟ ਮੁੜ ਝੋਲੀ ਵਿਚ ਪਾਈ
ਚੇਤੇ ਰਹੇ ਕਿ ਸਾਬਕਾ ਪ੍ਰਧਾਨ ਮੰਤਰੀ ਪੌਲ ਮਾਰਟਿਨ ਵੀ ਇਸੇ ਇਲਾਕੇ ਤੋਂ ਚੋਣ ਲੜਦੇ ਸਨ ਅਤੇ 2011 ਦੀਆਂ ਚੋਣਾਂ ਨੂੰ ਛੱਡ ਦਿਤਾ ਜਾਵੇ ਤਾਂ ਲਿਬਰਲ ਪਾਰਟੀ ਇਸ ਸੀਟ ਤੋਂ ਕਦੇ ਨਹੀਂ ਹਾਰੀ। 2011 ਵਿਚ ਜੈਕ ਲੇਟਨ ਦੀ ਅਗਵਾਈ ਹੇਠ ਹਰ ਪਾਸੇ ਸੰਤਰੀ ਰੰਗ ਦੇ ਝੰਡੇ ਝੂਲਦੇ ਨਜ਼ਰ ਆ ਰਹੇ ਸਨ। 2021 ਦੀਆਂ ਚੋਣਾਂ ਵਿਚ ਲਿਬਰਲ ਪਾਰਟੀ ਦੇ ਡੇਵਿਡ ਲਾਮੇਟੀ ਨੇ ਆਪਣੇ ਨੇੜਲੇ ਵਿਰੋਧੀ ਨੂੰ 20 ਫੀ ਸਦੀ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ ਸੀ ਜਦਕਿ ਇਸ ਵਾਰ ਪੈਲਿਸਟਨੀ ਨੂੰ ਇਕ ਫੀ ਸਦੀ ਤੋਂ ਘੱਟ ਵੋਟਾਂ ਦੇ ਫਰਕ ਨਾਲ ਹਾਰ ਦਾ ਮੂੰਹ ਵੇਖਣਾ ਪਿਆ। ਜੇ ਕਿਊਬੈਕ ਵਿਚ ਇਸੇ ਕਿਸਮ ਦੀ ਲਹਿਰ ਲਿਬਰਲ ਪਾਰਟੀ ਦੀਆਂ ਹੋਰਨਾਂ ਸੀਟਾਂ ’ਤੇ ਦੇਖਣ ਨੂੰ ਮਿਲੀ ਤਾਂ ਸੱਤਾਧਾਰੀ ਧਿਰ ਦੇ ਇਕ ਦਰਜਨ ਤੋਂ ਵੱਧ ਐਮ.ਪੀ. ਅਗਲੀਆਂ ਚੋਣਾਂ ਵਿਚ ਸੀਟ ਹਾਰ ਜਾਣਗੇ।
ਕੈਨੇਡਾ ਵਿਚ ਚੋਣਾਂ ਦਾ ਬਿਗਲ ਵੱਜਣ ਦੇ ਆਸਾਰ ਵਧੇ
ਵਿੰਨੀਪੈਗ ਦੀ ਐਲਮਵੁੱਡ-ਟ੍ਰਾਂਸਕੌਨਾ ਸੀਟ ਦਾ ਜ਼ਿਕਰ ਕੀਤਾ ਜਾਵੇ ਤਾਂ ਪਿਛਲੇ 45 ਸਾਲ ਦੌਰਾਨ ਜ਼ਿਆਦਾਤਰ ਸਮਾਂ ਐਨ.ਡੀ.ਪੀ. ਨੇ ਹੀ ਇਥੋਂ ਜਿੱਤ ਹਾਸਲ ਕੀਤੀ। ਪੂਰੇ ਕੈਨੇਡਾ ਵਿਚ ਐਨ.ਡੀ.ਪੀ. ਦੀਆਂ ਸੁਰੱਖਿਅਤ ਮੰਨੀਆਂ ਜਾਂਦੀਆਂ ਸੱਤ ਸੀਟਾਂ ਵਿਚੋਂ ਵਿੰਨੀਪੈਗ ਦੀ ਇਹ ਸੀਟ ਸ਼ਾਮਲ ਹੈ ਪਰ ਇਸ ਵਾਰ ਜਿੱਤ ਦਾ ਫਰਕ ਕਾਫੀ ਘੱਟ ਰਿਹਾ। ਐਨ.ਡੀ.ਪੀ. ਦੀ ਉਮੀਦਵਾਰ ਲੀਲਾ ਡਾਂਸ ਨੇ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਕੌਲਿਨ ਰੈਨਲਡਜ਼ ਨੂੰ ਚਾਰ ਫ਼ੀ ਸਦੀ ਵੋਟਾਂ ਦੇ ਫਰਕ ਨਾਲ ਹਰਾਇਆ। ਲਿਬਰਲ ਪਾਰਟੀ ਤੀਜੇ ਸਥਾਨ ’ਤੇ ਰਹੀ ਅਤੇ ਇਸ ਦਾ ਫਾਇਦਾ ਕੰਜ਼ਰਵੇਟਿਵ ਪਾਰਟੀ ਨੂੰ ਮਿਲਿਆ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਜਗਮੀਤ ਸਿੰਘ ਵੱਲੋਂ ਲਿਬਰਲ ਸਰਕਾਰ ਤੋਂ ਹਮਾਇਤ ਵਾਪਸ ਲਏ ਜਾਣ ਦਾ ਅਸਰ ਜ਼ਿਮਨੀ ਚੋਣ ਦੇ ਨਤੀਜਿਆਂ ’ਤੇ ਪਿਆ ਅਤੇ ਐਨ.ਡੀ.ਪੀ. ਜਿੱਤ ਹਾਸਲ ਕਰ ਸਕੀ। ਹੁਣ ਦੇਖਣਾ ਇਹ ਹੋਵੇਗਾ ਕਿ ਵਿਰੋਧੀ ਧਿਰ ਦੇ ਆਗੂ ਪਿਅਰੇ ਪੌਇਲੀਐਵ ਵੱਲੋਂ ਬੇਵਿਸਾਹੀ ਮਤਾ ਲਿਆਂਦੇ ਜਾਣ ਦੀ ਸੂਰਤ ਵਿਚ ਜਗਮੀਤ ਸਿੰਘ ਕਿਹੜੀ ਰਣਨੀਤੀ ਅਖਤਿਆਰ ਕਰਨਗੇ।