ਕੈਨੇਡਾ ਵਿਚ ਕਿਰਾਏਦਾਰਾਂ ਨੂੰ ਮਿਲੀ ਰਾਹਤ, ਟੋਰਾਂਟੋ ਵਿਖੇ ਕੌਂਡੋਜ਼ ਦੇ ਕਿਰਾਏ ਤਿੰਨ ਫੀ ਸਦੀ ਘਟੇ
ਕੈਨੇਡਾ ਵਿਚ ਕਿਰਾਏਦਾਰਾਂ ਨੂੰ ਵੱਡੀ ਰਾਹਤ ਮਿਲੀ ਜਦੋਂ ਮਕਾਨ ਕਿਰਾਏ ਦਾ ਔਸਤ ਵਾਧਾ ਪਿਛਲੇ ਤਿੰਨ ਸਾਲ ਵਿਚ ਪਹਿਲੀ ਵਾਰ ਹੇਠਲੇ ਪੱਧਰ ’ਤੇ ਰਿਹਾ ਅਤੇ ਮਈ ਦੇ ਮੁਕਾਬਲੇ 0.8 ਫੀ ਸਦੀ ਹੇਠਾਂ ਰਿਹਾ।
By : Upjit Singh
ਵੈਨਕੂਵਰ : ਕੈਨੇਡਾ ਵਿਚ ਕਿਰਾਏਦਾਰਾਂ ਨੂੰ ਵੱਡੀ ਰਾਹਤ ਮਿਲੀ ਜਦੋਂ ਮਕਾਨ ਕਿਰਾਏ ਦਾ ਔਸਤ ਵਾਧਾ ਪਿਛਲੇ ਤਿੰਨ ਸਾਲ ਵਿਚ ਪਹਿਲੀ ਵਾਰ ਹੇਠਲੇ ਪੱਧਰ ’ਤੇ ਰਿਹਾ ਅਤੇ ਮਈ ਦੇ ਮੁਕਾਬਲੇ 0.8 ਫੀ ਸਦੀ ਹੇਠਾਂ ਰਿਹਾ। ਤਾਜ਼ਾ ਅੰਕੜਿਆਂ ਮੁਤਾਬਕ ਇਸ ਵੇਲੇ ਕੈਨੇਡਾ ਵਿਚ ਔਸਤ ਕਿਰਾਇਆ 2,185 ਡਾਲਰ ਦੱਸਿਆ ਜਾ ਰਿਹਾ ਹੈ। ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ ਜੂਨ ਮਹੀਨੇ ਦੌਰਾਨ ਮਕਾਨ ਕਿਰਾਇਆਂ ਵਿਚ ਸੱਤ ਫੀ ਸਦੀ ਵਾਧਾ ਹੋਇਆ ਹੈ ਅਤੇ ਮਾਰਚ ਤੋਂ ਜੂਨ ਦਰਮਿਆਨ ਕਿਰਾਏ ਵਧਣ ਦੀ ਰਫਤਾਰ 0.2 ਫੀ ਸਦੀ ਦਰਜ ਕੀਤੀ ਗਈ।
ਤਿੰਨ ਸਾਲ ਵਿਚ ਪਹਿਲੀ ਵਾਰ ਮਕਾਨ ਕਿਰਾਇਆ ਹੇਠਲੇ ਪੱਧਰ ’ਤੇ ਰਿਹਾ
ਟੋਰਾਂਟੋ ਵਿਖੇ ਕੌਂਡੋਜ਼ ਅਤੇ ਕਿਰਾਏ ’ਤੇ ਦੇਣ ਵਾਸਤੇ ਤਿਆਰ ਕਰਵਾਏ ਅਪਾਰਟਮੈਂਟਸ ਦਾ ਔਸਤ ਕਿਰਾਇਆ ਤਿੰਨ ਫੀ ਸਦੀ ਕਮੀ ਨਾਲ 2,715 ਡਾਲਰ ’ਤੇ ਆ ਗਿਆ ਜੋ ਪਿਛਲੇ 22 ਮਹੀਨੇ ਦਾ ਸਭ ਤੋਂ ਹੇਠਲਾ ਪੱਧਰ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਵੈਨਕੂਵਰ ਵਿਖੇ ਇਸੇ ਸ਼੍ਰੇਣੀ ਵਿਚ ਕਿਰਾਇਆ 3 ਹਜ਼ਾਰ ਡਾਲਰ ਪ੍ਰਤੀ ਮਹੀਨਾ ਰਿਹਾ ਅਤੇ ਇਸ ਵਿਚ ਮਹੀਨਾਵਾਰ ਆਧਾਰ ’ਤੇ 1.1 ਫੀ ਸਦੀ ਵਾਧਾ ਦਰਜ ਕੀਤਾ ਗਿਆ ਹੈ। ਸਾਲਾਨਾ ਆਧਾਰ ’ਤੇ ਦੇਖਿਆ ਜਾਵੇ ਤਾਂ ਅੱਠ ਫੀ ਸਦੀ ਕਮੀ ਦਰਜ ਕੀਤੀ ਗਈ ਹੈ। ਟੋਰਾਂਟੋ ਵਿਖੇ ਸਾਲਾਨਾ ਆਧਾਰ ’ਤੇ ਪਿਛਲੇ ਪੰਜ ਮਹੀਨੇ ਦੌਰਾਲ ਮਕਾਨ ਕਿਰਾਇਆਂ ਵਿਚ ਮਾਮੂਲੀ ਕਮੀ ਆਈ ਜਦਕਿ ਵੈਨਕੂਵਰ ਵਿਖੇ ਸੱਤ ਮਹੀਨੇ ਤੋਂ ਕਮੀ ਦਾ ਰੁਝਾਨ ਚੱਲ ਰਿਹਾ ਹੈ।
ਟੋਰਾਂਟੋ ਵਿਖੇ ਕੌਂਡੋਜ਼ ਦੇ ਕਿਰਾਏ ਤਿੰਨ ਫੀ ਸਦੀ ਘਟੇ
ਉਧਰ ਮੌਂਟਰੀਅਲ ਵਿਖੇ ਮਕਾਨ ਕਿਰਾਇਆਂ ਵਿਚ ਸਾਲਾਨਾ ਆਧਾਰ ’ਤੇ 4.3 ਫੀ ਸਦੀ ਵਾਧਾ ਹੋਇਆ ਹੈ ਅਤੇ ਕੈਲਗਰੀ ਵਿਖੇ 4.2 ਫੀ ਸਦੀ ਵਾਧਾ ਦਰਜ ਕੀਤਾ ਗਿਆ। ਰਾਜਾਂ ਦੇ ਆਧਾਰ ’ਤੇ ਦੇਖਿਆ ਜਾਵੇ ਤਾਂ ਉਨਟਾਰੀਓ ਅਤੇ ਕਿਊਬੈਕ ਵਿਚ ਮਕਾਨ ਕਿਰਾਏ ਘਟੇ ਜਦਕਿ ਬੀ.ਸੀ. ਵਿਚ ਮਾਮੂਲੀ ਵਾਧਾ ਹੋਇਆ। ਬਾਕੀ ਰਾਜਾਂ ਅਤੇ ਖਿਤਿਆਂ ਵਿਚ ਵੱਖੋ ਵੱਖਰੇ ਅੰਕੜੇ ਦੇਖੇ ਜਾ ਸਕਦੇ ਹਨ। ਸ਼ਹਿਰਾਂ ਦੇ ਹਿਸਾਬ ਨਾਲ ਸਭ ਤੋਂ ਵੱਧ ਕਿਰਾਇਆ ਐਡਮਿੰਟਨ ਵਿਖੇ ਵਧਿਆ ਜਿਥੇ ਔਸਤ ਕਿਰਾਇਆ 14.3 ਫੀ ਸਦੀ ਵਾਧੇ ਨਾਲ 1,564 ਦਰਜ ਕੀਤਾ ਗਿਆ।