ਕੈਨੇਡੀਅਨ ਟੀਮ ਦੀ ਪੰਜਾਬਣ ਸਹਾਇਕ ਕੋਚ ਨੂੰ ਓਲੰਪਿਕਸ ਵਿਚੋਂ ਕੱਢਿਆ
ਕੈਨੇਡੀਅਨ ਫੁੱਟਬਾਲ ਟੀਮ ਦੀ ਸਹਾਇਕ ਕੋਚ ਜੈਸਮਿਨ ਮੰਡੇਰ ਸਣੇ 2 ਜਣਿਆਂ ਨੂੰ ਪੈਰਿਸ ਓਲੰਪਿਕਸ ਵਿਚੋਂ ਬਾਹਰ ਕਰ ਦਿਤਾ ਗਿਆ ਹੈ ਜਦਕਿ ਮੁੱਖ ਕੋਚ ਨਿਊਜ਼ੀਲੈਂਡ ਵਿਰੁੱਧ ਹੋਣ ਵਾਲੇ ਮੈਚ ਵਿਚ ਸ਼ਾਮਲ ਨਹੀਂ ਹੋ ਸਕੇਗੀ।
By : Upjit Singh
ਵੈਨਕੂਵਰ : ਕੈਨੇਡੀਅਨ ਫੁੱਟਬਾਲ ਟੀਮ ਦੀ ਸਹਾਇਕ ਕੋਚ ਜੈਸਮਿਨ ਮੰਡੇਰ ਸਣੇ 2 ਜਣਿਆਂ ਨੂੰ ਪੈਰਿਸ ਓਲੰਪਿਕਸ ਵਿਚੋਂ ਬਾਹਰ ਕਰ ਦਿਤਾ ਗਿਆ ਹੈ ਜਦਕਿ ਮੁੱਖ ਕੋਚ ਨਿਊਜ਼ੀਲੈਂਡ ਵਿਰੁੱਧ ਹੋਣ ਵਾਲੇ ਮੈਚ ਵਿਚ ਸ਼ਾਮਲ ਨਹੀਂ ਹੋ ਸਕੇਗੀ। ਬੀ.ਸੀ. ਦੇ ਰਿਚਮੰਡ ਨਾਲ ਸਬੰਧਤ ਜੈਸਮਿਨ ਮੰਡੇਰ ਅਤੇ ਕੈਨੇਡੀਅਨ ਮਹਿਲਾ ਫੁੱਟਬਾਲ ਟੀਮ ਦੇ ਹੋਰਨਾਂ ਪ੍ਰਬੰਧਕਾਂ ਵਿਰੁੱਧ ਡਰੋਨ ਰਾਹੀਂ ਨਿਊਜ਼ੀਲੈਂਡ ਟੀਮ ਦੀ ਜਾਸੂਸੀ ਕਰਨ ਦੇ ਦੋਸ਼ ਲੱਗੇ ਸਨ। ਜੈਸਮਿਨ ਮੰਡੇਰ ਦੇ ਕੋਚ ਰਹਿ ਚੁੱਕੇ ਮਾਰਕੋ ਕੌਰਨੇਲ ਨੇ ਦੱਸਿਆ ਕਿ ਹਮੇਸ਼ਾ ਤੋਂ ਹੀ ਉਸ ਦਾ ਸੁਪਨਾ ਸੌਕਰ ਰਿਹਾ ਹੈ ਅਤੇ ਉਹ ਆਪਣੇ ਸਮੇਂ ਦੀਆਂ ਬਿਹਤਰੀਨ ਖਿਡਾਰਨਾਂ ਵਿਚੋਂ ਇਕ ਸੀ ਪਰ ਤਾਜ਼ਾ ਘਟਨਾਕ੍ਰਮ ਬਾਰੇ ਸੁਣ ਕੇ ਝਟਕਾ ਲੱਗਾ। ਇਸੇ ਦੌਰਾਨ ਕੈਨੇਡੀਅਨ ਓਲੰਪਿਕ ਕਮੇਟੀ ਦੇ ਮੁੱਖ ਕਾਰਜਕਾਰੀ ਅਫਸਰ ਡੇਵਿਡ ਸ਼ੂਮੇਕਰ ਨੇ ਕਿਹਾ ਕਿ ਡਰੋਨ ਵਰਤਣ ਵਿਚ ਕਥਿਤ ਤੌਰ ’ਤੇ ਸ਼ਾਮਲ ਕਿਸੇ ਵੀ ਸ਼ਖਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਜੈਸਮਿਨ ਮੰਡੇਰ ਅਤੇ ਹੋਰਨਾਂ ’ਤੇ ਲੱਗੇ ਸਨ ਡਰੋਨ ਰਾਹੀਂ ਜਾਸੂਸੀ ਦੇ ਦੋਸ਼
ਅਜਿਹੀਆਂ ਚੀਜ਼ਾਂ ਕੈਨੇਡੀਅਨ ਓਲੰਪਿਕ ਕਮੇਟੀ ਦੇ ਮਿਆਰ ਨਾਲ ਮੇਲ ਨਹੀਂ ਖਾਂਦੀਆਂ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਅਤੇ ਨਿਊਜ਼ੀਲੈਂਡ ਦਰਮਿਆਨ ਪਹਿਲਾ ਮੁਕਾਬਲਾ ਅੱਜ ਹੋਣਾ ਹੈ ਅਤੇ ਨਿਊਜ਼ੀਲੈਂਡ ਮੰਗ ਕਰ ਰਿਹਾ ਹੈ ਕਿ ਜੇ ਕੈਨੇਡੀਅਨ ਟੀਮ ਮੈਚ ਜਿੱਤਦੀ ਹੈ ਤਾਂ ਉਸ ਨੂੰ ਕੋਈ ਪੁਆਇੰਟ ਨਾ ਦਿਤਾ ਜਾਵੇ। ਟੋਕੀਓ ਓਲੰਪਿਕਸ ਵਿਚ ਕੈਨੇਡਾ ਦੀਆਂ ਕੁੜੀਆਂ ਨੇ ਗੋਲਡ ਮੈਡਲ ਜਿੱਤਿਆ ਸੀ ਪਰ ਇਸ ਵਾਰ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਦੋ ਮੌਕਿਆਂ ’ਤੇ ਵਿਰੋਧੀ ਟੀਮ ਦੀ ਖੇਡ ਰਣਨੀਤੀ ਪਤਾ ਕਰਨ ਵਾਸਤੇ ਡਰੋਨ ਵਰਤਣ ਦੇ ਦੋਸ਼ ਲੱਗ ਗਏ। ਇਹ ਪਹਿਲੀ ਵਾਰ ਨਹੀਂ ਜਦੋਂ ਕੈਨੇਡੀਅਨ ਸੌਕਰ ਟੀਮ ਡਰੋਨ ਵਿਵਾਦ ਵਿਚ ਘਿਰੀ ਹੈ। 2021 ਵਿਚ ਟੋਰਾਂਟੋ ਵਿਖੇ ਹੌਂਡੁਰਾਸ ਦੀ ਟੀਮ ਨੇ ਖੇਡਣ ਤੋਂ ਇਨਕਾਰ ਕਰ ਦਿਤਾ ਸੀ ਜਦੋਂ ਟ੍ਰੇਨਿੰਗ ਸੈਸ਼ਨ ਦੌਰਾਨ ਮੈਦਾਨ ਉਤੇ ਡਰੋਨ ਉਡਦਾ ਦੇਖਿਆ। ਹਾਲਾਂਕਿ ਬਾਅਦ ਵਿਚ ਮੈਚ ਹੋਇਆ ਅਤੇ ਦੋਵੇਂ ਟੀਮਾਂ 1-1 ਦੀ ਬਰਾਬਰੀ ’ਤੇ ਰਹੀਆਂ।