Begin typing your search above and press return to search.

400 ਕਿਲੋ ਸੋਨੇ ਦੀ ਕੀਮਤ ਸਿਰਫ਼ 12 ਲੱਖ ਰੁ.

400 ਕਿਲੋ ਸੋਨੇ ਦੀ ਕੀਮਤ ਸਿਰਫ਼ 12 ਲੱਖ ਰੁ.
X

Upjit SinghBy : Upjit Singh

  |  25 Jan 2025 1:52 PM IST

  • whatsapp
  • Telegram

ਟੋਰਾਂਟੋ : ਕੈਨੇਡਾ ਵਿਚੋਂ 400 ਕਿਲੋ ਸੋਨਾ ਲੁੱਟਣ ਦੇ ਮਾਮਲੇ ਵਿਚ ਹੈਰਾਨਕੁੰਨ ਅਦਾਲਤੀ ਫ਼ੈਸਲਾ ਸਾਹਮਣੇ ਆਇਆ ਹੈ ਅਤੇ ਏਅਰ ਕੈਨੇਡਾ ਨੂੰ ਨੁਕਸਾਨ ਦੀ ਭਰਪਾਈ ਵਾਸਤੇ 18,500 ਡਾਲਰ ਅਦਾ ਕਰਨ ਦੇ ਹੁਕਮ ਦਿਤੇ ਗਏ ਹਨ। ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ’ਤੇ ਵੱਜੇ ਡਾਕੇ ਮਗਰੋਂ ਜ਼ਿਊਰਿਕ ਤੋਂ ਸੋਨਾ ਲਿਆਉਣ ਵਾਲੀ ਕੰਪਨੀ ਬ੍ਰਿੰਕਸ ਵੱਲੋਂ ਏਅਰ ਕੈਨੇਡਾ ਤੋਂ ਨਾ ਸਿਰਫ਼ ਸੋਨੇ ਦੀ ਪੂਰੀ ਕੀਮਤ ਬਲਕਿ ਹਰਜਾਨੇ ਦੇ ਰੂਪ ਵਿਚ ਵਧੇਰੇ ਰਕਮ ਦੀ ਮੰਗ ਕੀਤੀ ਗਈ ਸੀ।

ਟੋਰਾਂਟੋ ਹਵਾਈ ਅੱਡੇ ’ਤੇ ਹੋਈ ਲੁੱਟ ਬਾਰੇ ਅਦਾਲਤੀ ਫੈਸਲਾ

ਸੀ.ਪੀ. 24 ਦੀ ਰਿਪੋਰਟ ਮੁਤਾਬਕ ਜੱਜ ਸੈਸਲੀ ਸਟ੍ਰਿਕਲੈਂਡ ਨੇ ਆਪਣੇ ਫੈਸਲੇ ਕਿਹਾ ਕਿ ਸ਼ਿਪਮੈਂਟ ਚੋਰੀ ਹੋਣ ਦੇ ਮਾਮਲੇ ਵਿਚ ਏਅਰ ਕੈਨੇਡਾ ਦੀ ਜਵਾਬਦੇਹੀ ਬੇਹੱਦ ਸੀਮਤ ਬਣਦੀ ਹੈ ਕਿਉਂਕਿ ਮੌਂਟਰੀਅਲ ਕਨਵੈਨਸ਼ਨ ਦੇ ਰੂਪ ਵਿਚ ਹੋਈ ਕੌਮਾਂਤਰੀ ਸੰਧੀ ਅਧੀਨ ਬੈਗੇਜ ਅਤੇ ਕਾਰਗੋ ਗੁੰਮ ਹੋਣ ਜਾਂ ਨੁਕਸਾਨੇ ਜਾਣ ਜਾਂ ਮੁਸਾਫ਼ਰਾਂ ਦੀ ਮੌਤ ਜਾਂ ਜ਼ਖਮੀ ਹੋਣ ਦੀ ਸੂਰਤ ਵਿਚ ਕਿਸੇ ਵੀ ਏਅਰਲਾਈਨ ਦੀ ਜ਼ਿੰਮੇਵਾਰੀ ਤੈਅ ਕਰਨ ਦੇ ਮਾਪਦੰਡ ਤੈਅ ਕੀਤੇ ਗਏ ਹਨ। ਕੌਮਾਂਤਰੀ ਸੰਧੀ ਦੇ ਨਿਯਮਾਂ ਮੁਤਾਬਕ ਏਅਰ ਕੈਨੇਡਾ 9,988 ਐਸ.ਡੀ.ਆਰ. ਦੀ ਦੇਣਦਾਰ ਬਣਦੀ ਹੈ ਅਤੇ ਡਾਲਰਾਂ ਵਿਚ ਤਬਦੀਲ ਕੀਤੇ ਜਾਣ ’ਤੇ ਇਹ ਰਕਮ 18,500 ਡਾਲਰ ਬਣਦੀ ਹੈ। ਇਥੇ ਦਸਣਾ ਬਣਦਾ ਹੈ ਕਿ ਬ੍ਰਿੰਕਸ ਦੀ ਸ਼ਿਪਮੈਂਟ ਵਿਚ 6,600 ਸੋਨੇ ਦੀਆਂ ਇੱਟਾਂ ਅਤੇ 25 ਲੱਖ ਡਾਲਰ ਦੀ ਵਿਦੇਸ਼ੀ ਕਰੰਸੀ ਸ਼ਾਮਲ ਜਿਸ ਨੂੰ ਜ਼ਿਊਰਿਕ ਤੋਂ ਟੋਰਾਂਟੋ ਪੁੱਜਣ ਮਗਰੋਂ ਏਅਰ ਕੈਨੇਡਾ ਦੀ ਕਾਰਗੋ ਫੈਸੀਲਿਟੀ ਵਿਖੇ ਰੱਖਿਆ ਗਿਆ ਪਰ ਸ਼ਾਤਰ ਲੁਟੇਰੇ ਜਾਅਲੀ ਕਾਗਜ਼ਾਂ ਦੇ ਆਧਾਰ ’ਤੇ ਸਭ ਕੁਝ ਟਰੱਕ ਵਿਚ ਲੱਦ ਕੇ ਫਰਾਰ ਹੋ ਗਏ।

ਏਅਰ ਕੈਨੇਡਾ ਤੋਂ ਮੰਗੇ ਗਏ ਸਨ 2 ਕਰੋੜ ਡਾਲਰ

ਕੈਨੇਡੀਅਨ ਇਤਿਹਾਸ ਵਿਚ ਸੋਨੇ ਦੀ ਸਭ ਤੋਂ ਵੱਡੀ ਲੁੱਟ ਦੇ ਮਾਮਲੇ ਵਿਚ ਪੀਲ ਰੀਜਨਲ ਪੁਲਿਸ ਕਈ ਭਾਰਤੀਆਂ ਸਣੇ 10 ਜਣਿਆਂ ਵਿਰੁੱਧ ਦੋਸ਼ ਆਇਦ ਕਰ ਚੁੱਕੀ ਹੈ। ਨਵੰਬਰ 2024 ਵਿਚ ਪੁਲਿਸ ਨੂੰ ਇਕ ਸ਼ੱਕੀ ਵਿਰੁੱਧ ਮੁੜ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨੇ ਪਏ ਜਦੋਂ ਉਹ ਜ਼ਮਾਨਤ ’ਤੇ ਰਿਹਾਅ ਹੋਣ ਮਗਰੋਂ ਅਦਾਲਤ ਵਿਚ ਪੇਸ਼ ਨਾ ਹੋਇਆ। ਦੂਜੇ ਪਾਸੇ ਮਾਮਲੇ ਦੇ ਇਕ ਹੋਰ ਸ਼ੱਕੀ ਸਿਮਰਨਪ੍ਰੀਤ ਪਨੇਸਰ ਵੱਲੋਂ ਆਤਮ ਸਮਰਪਣ ਨਹੀਂ ਕੀਤਾ ਗਿਆ ਜਿਸ ਦੇ ਵਕੀਲ ਵੱਲੋਂ ਆਪਣੇ ਮੁਵੱਕਲ ਦੇ ਪੁਲਿਸ ਅੱਗੇ ਪੇਸ਼ ਹੋਣ ਦਾ ਯਕੀਨ ਦਿਵਾਇਆ ਗਿਆ ਸੀ। ਪੁਲਿਸ ਮੁਤਾਬਕ 35 ਸਾਲ ਦੇ ਪ੍ਰਸਾਦ ਪਰਮਾÇਲੰਗਮ ਨੇ ਦੁਰਾਂਤੇ ਕਿੰਗ ਮੈਕਲੀਨ ਦੀ ਮਦਦ ਕੀਤੀ ਜੋ ਸਫੈਦ ਰੰਗ ਦੇ ਟਰੱਕ ਵਿਚ ਸਵਾ ਦੋ ਕਰੋੜ ਡਾਲਰ ਤੋਂ ਵੱਧ ਮੁੱਲ ਦਾ ਸੋਨਾ ਲੱਦ ਕੇ ਫਰਾਰ ਹੋ ਗਿਆ। ਇਹ ਸੋਨਾ ਅਪ੍ਰੈਲ 2023 ਵਿਚ ਏਅਰ ਕੈਨੇਡਾ ਦੀ ਕਾਰਗੋ ਫੈਸੀਲਿਟੀ ਤੋਂ ਲੁੱਟਿਆ ਗਿਆ। ਇਥੇ ਦਸਣਾ ਬਣਦਾ ਹੈ ਕਿ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਲੁੱਟੇ 400 ਕਿਲੋ ਸੋਨੇ ਨਾਲ ਸਬੰਧਤ ਇਕ ਮੁਕੱਦਮਾ ਅਮਰੀਕਾ ਵਿਚ ਵੀ ਚੱਲ ਰਿਹਾ ਹੈ ਅਤੇ ਪੈਨਸਿਲਵੇਨੀਆ ਸਟੇਟ ਪੁਲਿਸ ਅਰਚਿਤ ਗਰੋਵਰ ਤੇ ਪ੍ਰਸਾਦ ਪਰਮਾÇਲੰਗਮ ਦੀ ਹਿਰਾਸਤ ਚਾਹੁੰਦੀ ਹੈ ਜੋ ਇਸ ਵੇਲੇ ਕੈਨੇਡਾ ਵਿਚ ਮੌਜੂਦ ਹਨ। ਦੱਸਿਆ ਜਾ ਰਿਹਾ ਹੈ ਕਿ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਇਆ ਇਕ ਹੋਰ ਕੈਨੇਡੀਅਨ ਪਹਿਲਾਂ ਹੀ ਪੈਨਸਿਲਵੇਨੀਆ ਪੁਲਿਸ ਦੀ ਹਿਰਾਸਤ ਵਿਚ ਹੈ। ਇਸੇ ਦੌਰਾਨ ਸਿਮਰਨਪ੍ਰੀਤ ਪਨੇਸਰ ਦਾ ਵੀ ਕੋਈ ਅਤਾ-ਪਤਾ ਨਹੀਂ। ਸਿਮਰਨ ਪ੍ਰੀਤ ਦੇ ਵਕੀਲ ਨੇ ਜੂਨ 2024 ਵਿਚ ਕਿਹਾ ਸੀ ਕਿ ਉਸ ਦਾ ਮੁਵੱਕਲ ਅਗਲੇ ਕੁਝ ਹਫਤਿਆਂ ਦੌਰਾਨ ਕੈਨੇਡਾ ਪਰਤ ਆਵੇਗਾ। ਮੰਨਿਆ ਜਾ ਰਿਹਾ ਹੈ ਕਿ ਸਿਮਰਨਪ੍ਰੀਤ ਇਸ ਵੇਲੇ ਆਪਣੀ ਪਤਨੀ ਪ੍ਰੀਤੀ ਪਨੇਸਰ ਨਾਲ ਭਾਰਤ ਵਿਚ ਹੈ। ਸਵਾ ਦੋ ਕਰੋੜ ਡਾਲਰ ਤੋਂ ਵੱਧ ਮੁੱਲ ਦਾ ਸੋਨਾ ਲੁੱਟਣ ਦੇ ਮਾਮਲੇ ਵਿਚ ਪ੍ਰੀਤੀ ਪਨੇਸਰ ਦੀ ਕੋਈ ਸ਼ਮੂਲੀਅਤ ਨਹੀਂ ਮੰਨੀ ਜਾ ਰਹੀ। ਸਾਬਕਾ ਮਿਸ ਇੰਡੀਆ ਯੂਗਾਂਡਾ ਪ੍ਰੀਤੀ ਪਨੇਸਰ ਅਦਾਕਾਰੀ ਦੇ ਨਾਲ-ਨਾਲ ਗਾਇਕੀ ਦਾ ਵੀ ਸ਼ੌਕ ਰਖਦੀ ਹੈ। ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਲੁੱਟ ਦੀ ਵਾਰਦਾਤ ਬਾਰੇ ਮੁਢਲੀ ਪੜਤਾਲ ਦੌਰਾਨ ਪਨੇਸਰ ਨੇ ਹੀ ਜਾਂਚਕਰਤਾਵਾਂ ਨੂੰ ਹਵਾਈ ਅੱਡੇ ਦੇ ਵੇਅਰਹਾਊਸ ਵਾਲੇ ਇਲਾਕੇ ਗੇੜਾ ਲਗਵਾਇਆ ਸੀ। ਉਸ ਵੇਲੇ ਉਹ ਘਬਰਾਹਟ ਵਿਚ ਨਜ਼ਰ ਆਇਆ ਅਤੇ ਕੁਝ ਦਿਨ ਬਾਅਦ ਗਾਇਬ ਹੋ ਗਿਆ। 400 ਕਿਲੋ ਸੋਨੇ ਵਿਚੋਂ ਪੁਲਿਸ ਹੁਣ ਤੱਕ ਕੁਝ ਬਰੈਸਲਟ ਹੀ ਬਰਾਮਦ ਕਰ ਸਕੀ ਹੈ ਜੋ ਇਕ ਸੁਨਿਆਰ ਦੀ ਦੁਕਾਨ ’ਤੇ ਤਿਆਰ ਕੀਤੇ ਗਏ।

Next Story
ਤਾਜ਼ਾ ਖਬਰਾਂ
Share it