Begin typing your search above and press return to search.

ਕੈਨੇਡਾ ਵਿਚ ਬੇਰੁਜ਼ਗਾਰਾਂ ਦੀ ਗਿਣਤੀ 16 ਲੱਖ ’ਤੇ ਪੁੱਜੀ

ਕੈਨੇਡਾ ਵਿਚ 7,400 ਨਵੀਆਂ ਨੌਕਰੀਆਂ ਪੈਦਾ ਹੋਣ ਦੇ ਬਾਵਜੂਦ ਅਪ੍ਰੈਲ ਮਹੀਨੇ ਦੌਰਾਨ ਬੇਰੁਜ਼ਗਾਰੀ ਦਰ ਵਧ ਕੇ 6.9 ਫ਼ੀ ਸਦੀ ਹੋ ਗਈ ਜੋ ਨਵੰਬਰ ਤੋਂ ਬਾਅਦ ਸਿਖਰਲਾ ਪੱਧਰ ਦੱਸਿਆ ਜਾ ਰਿਹਾ ਹੈ।

ਕੈਨੇਡਾ ਵਿਚ ਬੇਰੁਜ਼ਗਾਰਾਂ ਦੀ ਗਿਣਤੀ 16 ਲੱਖ ’ਤੇ ਪੁੱਜੀ
X

Upjit SinghBy : Upjit Singh

  |  10 May 2025 4:22 PM IST

  • whatsapp
  • Telegram

ਟੋਰਾਂਟੋ : ਕੈਨੇਡਾ ਵਿਚ 7,400 ਨਵੀਆਂ ਨੌਕਰੀਆਂ ਪੈਦਾ ਹੋਣ ਦੇ ਬਾਵਜੂਦ ਅਪ੍ਰੈਲ ਮਹੀਨੇ ਦੌਰਾਨ ਬੇਰੁਜ਼ਗਾਰੀ ਦਰ ਵਧ ਕੇ 6.9 ਫ਼ੀ ਸਦੀ ਹੋ ਗਈ ਜੋ ਨਵੰਬਰ ਤੋਂ ਬਾਅਦ ਸਿਖਰਲਾ ਪੱਧਰ ਦੱਸਿਆ ਜਾ ਰਿਹਾ ਹੈ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਮੁਲਕ ਵਿਚ ਬੇਰੁਜ਼ਗਾਰਾਂ ਦੀ ਗਿਣਤੀ 16 ਲੱਖ ਦੇ ਨੇੜੇ ਪੁੱਜਦੀ ਮਹਿਸੂਸ ਹੋ ਰਹੀ ਹੈ ਅਤੇ ਇਸ ਅੰਕੜੇ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੀਆਂ ਟੈਰਿਫਸ ਨੇ ਵੀ ਯੋਗਦਾਨ ਪਾਇਆ। ਦੱਸ ਦੇਈਏ ਕਿ ਮਾਰਚ ਦੌਰਾਨ ਕੈਨੇਡੀਅਨ ਰੁਜ਼ਗਾਰ ਖੇਤਰ ਵਿਚੋਂ 32,600 ਨੌਕਰੀਆਂ ਖਤਮ ਹੋਈਆਂ ਅਤੇ ਅਪ੍ਰੈਲ ਦੌਰਾਨ ਵਾਧਾ ਜ਼ਿਕਰਯੋਗ ਨਾ ਹੋਣ ਕਰ ਕੇ ਬੇਰੁਜ਼ਗਾਰੀ ਦਰ ਅਸਮਾਨ ਚੜ੍ਹ ਗਈ।

ਬੇਰੁਜ਼ਗਾਰੀ ਦਰ ਵਧ ਕੇ 6.9 ਫ਼ੀ ਸਦੀ ਹੋਈ

ਡੌਨਲਡ ਟਰੰਪ ਵੱਲੋਂ ਕੈਨੇਡੀਅਨ ਸਟੀਲ ਅਤੇ ਐਲੂਮਿਨਮ ਉਤੇ ਮਾਰਚ ਵਿਚ ਟੈਰਿਫ਼ਸ ਲਾਗੂ ਕੀਤੀਆਂ ਗਈਆਂ ਜਦਕਿ ਅਪ੍ਰੈਲ ਵਿਚ ਆਟੋਮੋਬਾਈਲ ਸੈਕਟਰ ਨੂੰ ਟੈਰਿਫ਼ਸ ਦੇ ਘੇਰੇ ਵਿਚ ਲਿਆਂਦਾ ਗਿਆ। ਬੈਂਕ ਆਫ਼ ਕੈਨੇਡਾ ਵੱਲੋਂ ਪਹਿਲਾਂ ਹੀ ਚਿਤਾਵਨੀ ਦਿਤੀ ਜਾ ਚੁੱਕੀ ਹੈ ਕਿ ਆਉਣ ਵਾਲੇ ਮਹੀਨਿਆਂ ਦੌਰਾਨ ਕੈਨੇਡਾ ਦੀ ਆਰਥਿਕ ਵਾਧਾ ਦਰ ਨੂੰ ਵੱਡੀ ਢਾਹ ਲੱਗ ਸਕਦੀ ਹੈ। ਨਵੀਆਂ ਭਰਤੀਆਂ ਵਿਚ ਕਮੀ ਆਵੇਗੀ ਅਤੇ ਛਾਂਟੀ ਕੀਤੇ ਜਾਣ ਵਾਲੇ ਲੋਕਾਂ ਦੀ ਗਿਣਤੀ ਵਧ ਸਕਦੀ ਹੈ। ਸੀ.ਆਈ.ਬੀ.ਸੀ. ਕੈਪੀਟਲ ਮਾਰਕਿਟਸ ਵਿਚ ਸੀਨੀਅਰ ਇਕੌਨੋਮਿਸਟ ਅਲੀ ਜਾਫ਼ਰੀ ਦਾ ਕਹਿਣਾ ਸੀ ਕਿ ਕਾਰੋਬਾਰੀ ਜੰਗ ਦੇ ਮੱਦੇਨਜ਼ਰ ਮੁਲਕ ਦਾ ਰੁਜ਼ਗਾਰ ਖੇਤਰ ਕਮਜ਼ੋਰ ਹੋ ਰਿਹਾ ਹੈ ਅਤੇ ਤਾਜ਼ਾ ਅੰਕੜਿਆਂ ਨੂੰ ਵੇਖਦਿਆਂ ਬੈਂਕ ਆਫ਼ ਕੈਨੇਡਾ ਵੱਲੋਂ ਜੂਨ ਮਹੀਨੇ ਦੌਰਾਨ ਵਿਆਜ ਦਰਾਂ ਵਿਚ ਕਟੌਤੀ ਕੀਤੀ ਜਾ ਸਕਦੀ ਹੈ। ਅਪ੍ਰੈਲ ਦੌਰਾਨ ਆਰਜ਼ੀ ਤੌਰ ’ਤੇ ਰੁਜ਼ਗਾਰ ਤੋਂ ਵਿਹਲੇ ਜਾਂ ਕੰਮ ਦੀ ਭਾਲ ਕਰ ਰਹੇ ਲੋਕਾਂ ਦੀ ਗਿਣਤੀ 39 ਹਜ਼ਾਰ ਦਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਸਾਲਾਨਾ ਆਧਾਰ ’ਤੇ ਇਸ ਅੰਕੜੇ ਵਿਚ 1 ਲੱਖ 89 ਹਜ਼ਾਰ ਦਾ ਵਾਧਾ ਹੋਇਆ ਹੈ। ਦੂਜੇ ਪਾਸੇ ਸਟੈਟਕੈਨ ਦੇ ਅੰਕੜੇ ਕਹਿੰਦੇ ਹਨ ਕਿ ਬੇਰੁਜ਼ਗਾਰ ਲੋਕਾਂ ਨੂੰ ਅਪ੍ਰੈਲ ਦੌਰਾਨ ਰੁਜ਼ਗਾਰ ਦੀ ਭਾਲ ਕਰਦਿਆਂ ਵਧੇਰੇ ਦਿੱਕਤਾਂ ਦਾ ਟਾਕਰਾ ਕਰਨਾ ਪਿਆ। ਮਾਰਚ ਵਿਚ ਬੇਰੁਜ਼ਗਾਰ ਰਹੇ ਲੋਕਾਂ ਵਿਚੋਂ 61 ਫੀ ਸਦੀ ਅਪ੍ਰੈਲ ਦੌਰਾਨ ਵੀ ਵਿਹਲੇ ਹੀ ਰਹੇ ਅਤੇ ਪਿਛਲੇ ਸਾਲ ਦੇ ਮੁਕਾਬਲੇ ਇਹ ਅੰਕੜਾ ਚਾਰ ਫ਼ੀ ਸਦੀ ਵਧ ਬਣਦਾ ਹੈ।

ਅਪ੍ਰੈਲ ਦੌਰਾਨ ਪੈਦਾ ਹੋਈਆਂ, 7,400 ਨੌਕਰੀਆਂ

ਟਰੰਪ ਦੀਆਂ ਟੈਰਿਫ਼ਸ ਨੇ ਸਭ ਤੋਂ ਵੱਧ ਨੁਕਸਾਨ ਮੈਨੂਫੈਕਚਰਿੰਗ ਸੈਕਟਰ ਕੀਤਾ ਜਿਥੇ ਅਪ੍ਰੈਲ ਦੌਰਾਨ 31 ਹਜ਼ਾਰ ਨੌਕਰੀਆਂ ਖਤਮ ਹੋਈਆਂ ਜਦਕਿ ਇਸ ਦੇ ਉਲਟ ਰਿਟੇਲ ਅਤੇ ਹੋਲਸੇਲ ਸੈਕਟਰ ਵਿਚ ਨਵੇਂ ਮੌਕੇ ਜ਼ਰੂਰ ਪੈਦਾ ਹੋਏ। ਕੈਨੇਡਾ ਵਿਚ ਕੰਮਕਾਜੀ ਉਮਰ ਵਾਲੇ ਲੋਕਾਂ ਦੀ ਗਿਣਤੀ ਕੁਲ ਵਸੋਂ ਦਾ 60.8 ਫੀ ਸਦੀ ਬਣਦੀ ਹੈ ਅਤੇ ਅਪ੍ਰੈਲ ਵਿਚ ਇਨ੍ਹਾਂ ਦੀ ਗਿਣਤੀ 0.2 ਫੀ ਸਦੀ ਹੇਠਾਂ ਆਈ। ਸਾਲ 2023 ਅਤੇ 2024 ਦੌਰਾਨ ਕੈਨੇਡੀਅਨ ਵਸੋਂ ਵਿਚ ਤੇਜ਼ ਵਾਧਾ ਹੋਇਆ ਜਿਸ ਦੇ ਮੱਦੇਨਜ਼ਰ ਰੁਜ਼ਗਾਰ ਖੇਤਰ ਨੂੰ ਵੱਡਾ ਹੁਲਾਰਾ ਨਾ ਮਿਲ ਸਕਿਆ ਪਰ ਬੀਤੇ ਫਰਵਰੀ ਮਹੀਨੇ ਤੋਂ ਵਸੋਂ ਵਿਚ ਵਾਧੇ ਦੀ ਦਰ ਘਟਣ ਦੇ ਬਾਵਜੂਦ ਨਵੀਆਂ ਨੌਕਰੀਆਂ ਪੈਦਾ ਹੋਣ ਦੀ ਰਫ਼ਤਾਰ ਬੇਹੱਦ ਮੱਠੀ ਰਹੀ। ਪੱਕੇ ਮੁਲਾਜ਼ਮਾਂ ਦੀ ਪ੍ਰਤੀ ਘੰਟਾ ਔਸਤ ਉਜਰਤ ਦਰ ਵਿਚ ਅਪ੍ਰੈਲ ਦੌਰਾਨ 3.5 ਫੀ ਸਦੀ ਵਾਧਾ ਦਰਜ ਕੀਤਾ ਗਿਆ ਜੋ ਮਾਰਚ ਮਹੀਨੇ ਦੇ ਬਰਾਬਰ ਹੀ ਬਣਦਾ ਹੈ। ਉਧਰ ਕੁਝ ਆਰਥਿਕ ਮਾਹਰਾਂ ਦਾ ਮੰਨਣਾ ਹੈ ਕਿ ਕੈਨੇਡੀਅਨ ਡਾਲਰ ਦੇ ਕਮਜ਼ੋਰ ਹੋਣ ਕਾਰਨ ਵੀ ਰੁਜ਼ਗਾਰ ਖੇਤਰ ਪ੍ਰਭਾਵਤ ਹੋਇਆ। ਸ਼ੁੱਕਰਵਾਰ ਨੂੰ ਲੂਨੀ ਦੀ ਕੀਮਤ ਇਕ ਫ਼ੀ ਸਦੀ ਘਟੀ ਅਤੇ ਅਮੈਰਿਕਨ ਡਾਲਰ ਦੇ ਮੁਕਾਬਲੇ ਇਕ ਕੈਨੇਡੀਅਨ ਡਾਲਰ 1.39 ’ਤੇ ਟ੍ਰੇਡਿੰਗ ਕਰ ਰਿਹਾ ਸੀ।

Next Story
ਤਾਜ਼ਾ ਖਬਰਾਂ
Share it