Canada ਵਿਚ extortion ਪੀੜਤ ਪੰਜਾਬੀਆਂ ਦੀ ਗਿਣਤੀ ਕਿਤੇ ਜ਼ਿਆਦਾ
ਕੈਨੇਡਾ ਵਿਚ ਜਬਰੀ ਵਸੂਲੀ ਦੇ ਮਾਮਲਿਆਂ ਦੀ ਅਸਲ ਗਿਣਤੀ ਕਿਤੇ ਜ਼ਿਆਦਾ ਹੈ ਪਰ ਸਾਊਥ ਏਸ਼ੀਅਨ ਭਾਈਚਾਰਾ ਗੈਂਗਸਟਰਾਂ ਦੇ ਡਰੋਂ ਪੁਲਿਸ ਕੋਲ ਸ਼ਿਕਾਇਤ ਦਰਜ ਹੀ ਨਹੀਂ ਕਰਾਉਂਦਾ

By : Upjit Singh
ਸਰੀ : ਕੈਨੇਡਾ ਵਿਚ ਜਬਰੀ ਵਸੂਲੀ ਦੇ ਮਾਮਲਿਆਂ ਦੀ ਅਸਲ ਗਿਣਤੀ ਕਿਤੇ ਜ਼ਿਆਦਾ ਹੈ ਪਰ ਸਾਊਥ ਏਸ਼ੀਅਨ ਭਾਈਚਾਰਾ ਗੈਂਗਸਟਰਾਂ ਦੇ ਡਰੋਂ ਪੁਲਿਸ ਕੋਲ ਸ਼ਿਕਾਇਤ ਦਰਜ ਹੀ ਨਹੀਂ ਕਰਾਉਂਦਾ। ‘ਵੈਨਕੂਵਰ ਸਨ’ ਦੀ ਰਿਪੋਰਟ ਮੁਤਾਬਕ ਪੰਜਾਬੀ ਪੱਤਰਕਾਰ ਗੁਰਪ੍ਰੀਤ ਸਹੋਤਾ ਨੇ ਦੋਸ਼ ਲਾਇਆ ਕਿ ਪੁਲਿਸ ਮਹਿਕਮੇ ਅਤੇ ਹਰ ਪੱਧਰ ਦੀਆਂ ਸਰਕਾਰਾਂ ਨੂੰ ਸੰਭਾਵਤ ਤੌਰ ’ਤੇ ਹਾਲਾਤ ਸਮਝ ਨਹੀਂ ਆ ਰਹੇ ਅਤੇ ਮਸਲੇ ਦਾ ਢੁਕਵਾਂ ਹੱਲ ਕੱਢਣ ਵਿਚ ਸਫ਼ਲਤਾ ਨਹੀਂ ਮਿਲ ਰਹੀ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਆਪਣੇ ਘਰਾਂ ਤੋਂ ਦੂਰ ਗੱਡੀਆਂ ਵਿਚ ਰਾਤਾਂ ਕੱਟਣ ਲਈ ਮਜਬੂਰ ਹਨ, ਉਹ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜ ਰਹੇ ਅਤੇ ਆਪਣੇ ਕਾਰੋਬਾਰੀ ਟਿਕਾਣਿਆਂ ’ਤੇ ਜਾਣ ਤੋਂ ਵੀ ਟਾਲਾ ਵੱਟ ਰਹੇ ਹਨ।
ਗੈਂਗਸਟਰਾਂ ਦੇ ਡਰੋਂ ਅੱਗੇ ਨਹੀਂ ਆ ਰਹੇ ਜ਼ਿਆਦਾਤਰ ਪਰਵਾਰ : ਰਿਪੋਰਟ
ਸਰੀ ਪੁਲਿਸ ਨਵੇਂ ਵਰ੍ਹੇ ਦੌਰਾਨ ਗੋਲੀਬਾਰੀ ਦੀਆਂ ਸਿਰਫ਼ ਸੱਤ ਵਾਰਦਾਤਾਂ ਦੱਸ ਰਹੀ ਹੈ ਜਦਕਿ ਗੁਰਪ੍ਰੀਤ ਸਹੋਤਾ ਮੁਤਾਬਕ 21 ਮੌਕਿਆਂ ’ਤੇ ਗੋਲੀਆਂ ਚੱਲ ਚੁੱਕੀਆਂ ਹਨ। ਵੱਡੀ ਗਿਣਤੀ ਵਿਚ ਲੋਕ ਪੁਲਿਸ ਕੋਲ ਜਾਣ ਤੋਂ ਝਿਜਕਦੇ ਹਨ ਅਤੇ ਆਰ.ਸੀ.ਐਮ.ਪੀ. ਦੇ ਸਹਾਇਕ ਕਮਿਸ਼ਨਰ ਕਹਿ ਰਹੇ ਹਨ ਕਿ ਇਥੇ ਕੋਈ ਸੰਕਟ ਨਹੀਂ। ਇਹ ਸਮੱਸਿਆ ਅੱਜ ਪੰਜਾਬੀਆਂ ਨਾਲ ਹੈ ਤਾਂ ਕਲ ਹਰ ਪਾਸੇ ਫੈਲ ਜਾਵੇਗੀ ਪਰ ਇਸ ਤੋਂ ਪਹਿਲਾਂ ਜਾਗਣਾ ਲਾਜ਼ਮੀ ਹੈ। ਸਾਬਕਾ ਪੁਲਿਸ ਮੁਖੀ ਅਤੇ ਰਿਚਮੰਡ ਤੋਂ ਕੌਂਸਲਰ ਕਾਸ਼ ਹੀਡ ਨੇ ਸਹਿਮਤੀ ਜ਼ਾਹਰ ਕੀਤੀ ਕਿ ਮੌਜੂਦਾ ਸਮੇਂ ਵਿਚ ਪੁਲਿਸ ਹਾਲਾਤ ਨਾਲ ਨਜਿੱਠਣ ਵਿਚ ਅਸਫ਼ਲ ਰਹੀ ਹੈ। ਕਾਸ਼ ਹੀਡ ਨੇ ਦੱਸਿਆ ਕਿ ਉਹ ਕਈ ਪੀੜਤਾਂ ਨੂੰ ਜਾਣਦੇ ਹਨ ਜੋ ਜਬਰੀ ਵਸੂਲੀ ਕਰਨ ਵਾਲਿਆਂ ਨੂੰ ਲੱਖਾਂ ਡਾਲਰ ਦੇ ਚੁੱਕੇ ਹਨ ਕਿਉਂਕਿ ਉਨ੍ਹਾਂ ਨੂੰ ਪੁਲਿਸ ਉਤੇ ਬਿਲਕੁਲ ਵੀ ਯਕੀਨ ਨਹੀਂ।
ਸਰੀ ਵਿਖੇ ਰਾਤ ਵੇਲੇ ਹੈਲੀਕਾਪਟਰ ਰਾਹੀਂ ਗਸ਼ਤ ਹੋਵੇਗੀ ਸ਼ੁਰੂ
ਹਾਲ ਹੀ ਵਿਚ ਸਰੀ ਦੇ ਇਕ ਪਰਵਾਰ ਵੱਲੋਂ ਹਮਲਾਵਰਾਂ ’ਤੇ ਗੋਲੀਆਂ ਚਲਾਉਣ ਦੀ ਵਾਰਦਾਤ ਇਸ ਗੱਲ ਦਾ ਸਬੂਤ ਹੈ ਕਿ ਲੋਕਾਂ ਨੂੰ ਪੁਲਿਸ ’ਤੇ ਭਰੋਸਾ ਨਹੀਂ ਰਿਹਾ। ਦੂਜੇ ਪਾਸੇ ਲੋਕਾਂ ਵੱਲੋਂ ਆਪਣੇ ਸੁਰੱਖਿਆ ਬੰਦੋਬਸਤ ਆਪ ਕੀਤੇ ਜਾ ਰਹੇ ਹਨ। ਹਮਲਾਵਰਾਂ ਨੂੰ ਭੁਲੇਖਾ ਪਾਉਣ ਲਈ ਲਾਲ-ਨੀਲੀਆਂ ਬੱਤੀਆਂ ਚਲਾਈਆਂ ਜਾਂਦੀਆਂ ਤਾਂਕਿ ਪੁਲਿਸ ਦੀ ਗੱਡੀ ਮੌਜੂਦ ਹੋਣ ਬਾਰੇ ਸੰਕੇਤ ਦਿਤੇ ਜਾ ਸਕਣ। ਇਕ ਸ਼ਖਸ 3 ਮਿਲੀਅਨ ਡਲਰ ਦੀ ਰਕਮ ਦੇ ਚੁੱਕਾ ਹੈ ਅਤੇ ਰਕਮ ਭਾਰਤੀ ਬੈਂਕ ਵਿਚ ਟ੍ਰਾਂਸਫ਼ਰ ਕੀਤੀ ਗਈ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਇਸ ਬੰਦੇ ਉਤੇ ਕਦੇ ਗੋਲੀਆਂ ਵੀ ਨਹੀਂ ਚੱਲੀਆਂ।


