ਟੋਰਾਂਟੋ ਵਿਚ ਬੇਘਰਾਂ ਦੀ ਗਿਣਤੀ ਹੋਈ ਦੁੱਗਣੀ
ਕੈਨੇਡਾ ਦੇ ਟੋਰਾਂਟੋ ਵਰਗੇ ਸ਼ਹਿਰਾਂ ਵਿਚ ਬੇਘਰਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ ਅਤੇ ਪਿਛਲੇ ਤਿੰਨ ਸਾਲ ਵਿਚ ਅੰਕੜਾ ਦੁੱਗਣੇ ਤੋਂ ਟੱਪ ਚੁੱਕਾ ਹੈ।

By : Upjit Singh
ਟੋਰਾਂਟੋ : ਕੈਨੇਡਾ ਦੇ ਟੋਰਾਂਟੋ ਵਰਗੇ ਸ਼ਹਿਰਾਂ ਵਿਚ ਬੇਘਰਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ ਅਤੇ ਪਿਛਲੇ ਤਿੰਨ ਸਾਲ ਵਿਚ ਅੰਕੜਾ ਦੁੱਗਣੇ ਤੋਂ ਟੱਪ ਚੁੱਕਾ ਹੈ। ਮੁਲਕ ਦੀ ਆਰਥਿਕ ਰਾਜਧਾਨੀ ਵਿਚ ਪਿਛਲੇ ਸਾਲ ਦੇ ਅੰਤ ਤੱਕ 15,400 ਲੋਕ ਬੇਘਰ ਸਨ ਜਦਕਿ ਅਪ੍ਰੈਲ 2021 ਵਿਚ ਇਹ ਅੰਕੜਾ ਸਿਰਫ਼ 7,300 ਦਰਜ ਕੀਤਾ ਗਿਆ। ਸਿਟੀ ਕੌਂਸਲ ਵੱਲੋਂ ਕਰਵਾਇਆ ਤਾਜ਼ਾ ਅਧਿਐਨ ਕਹਿੰਦਾ ਹੈ ਕਿ ਕਈ ਸਮੱਸਿਆਵਾਂ ਕਰ ਕੇ ਬੇਘਰਾਂ ਦੀ ਗਿਣਤੀ ਵਧੀ ਜਿਨ੍ਹਾਂ ਵਿਚ ਕਿਫ਼ਾਇਤੀ ਰਿਹਾਇਸ਼ੀ ਟਿਕਾਣਿਆਂ ਦੀ ਘਾਟ, ਸਿਹਤ ਸਬੰਧੀ ਜ਼ਰੂਰਤਾਂ, ਘੱਟ ਆਮਦਨ ਅਤੇ ਨਸ਼ਿਆਂ ਦੀ ਵਰਤੋਂ ਪ੍ਰਮੁੱਖ ਮੰਨੇ ਜਾ ਸਕਦੀਆਂ ਹਨ।
15 ਹਜ਼ਾਰ ਤੋਂ ਵੱਧ ਲੋਕਾਂ ਦੇ ਸਿਰ ’ਤੇ ਛੱਤ ਨਹੀਂ
ਕੋਰੋਨਾ ਮਹਾਂਮਾਰੀ ਤੋਂ ਬਾਅਦ ਵੀ ਬੇਘਰਾਂ ਦੀ ਗਿਣਤੀ ਵਿਚ ਵਾਧਾ ਹੋਇਆ ਅਤੇ ਇਹ ਰੁਝਾਨ ਪੂਰੇ ਕੈਨੇਡਾ ਵਿਚ ਦੇਖਿਆ ਜਾ ਸਕਦਾ ਹੈ। ਦੂਜੇ ਪਾਸੇ ਰੈਣ ਬਸੇਰਿਆਂ ਵਿਚ ਆਸਰਾ ਲੈਣ ਵਾਲਿਆਂ ਦੀ ਗਿਣਤੀ ਵਿਚ 2018 ਤੋਂ ਬਾਅਦ ਬਹੁਤਾ ਵਾਧਾ ਨਹੀਂ ਹੋਇਆ। ਟੋਰਾਂਟੋ ਸਿਟੀ ਕੌਂਸਲ ਦਾ ਕਹਿਣਾ ਹੈ ਕਿ ਬੇਘਰ ਲੋਕਾਂ ਦੇ ਅੰਕੜੇ ਇਕੱਤਰ ਕੀਤੇ ਜਾਣ ਮਗਰੋਂ ਅੰਕੜਾ ਹੇਠਾਂ ਆਇਆ ਹੈ ਕਿਉਂਕਿ ਸ਼ੈਲਟਰਜ਼ ਵਿਚ ਰਹਿ ਰਹੇ ਸ਼ਰਨਾਰਥੀਆਂ ਅਤੇ ਖੁੱਲ੍ਹੇ ਅਸਮਾਨ ਹੇਠ ਝੁੱਗੀਆਂ ਵਿਚ ਰਹਿਣ ਵਾਲਿਆਂ ਦੀ ਗਿਣਤੀ ਵਿਚ ਵੱਡੀ ਕਮੀ ਆਈ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਲੋਕਾਂ ਨੇ ਆਪਣੇ ਵਾਸਤੇ ਪੱਕੀ ਰਿਹਾਇਸ਼ ਲੱਭ ਲਈ। ਇਥੇ ਦਸਣਾ ਬਣਦਾ ਹੈ ਕਿ 2024 ਦੇ ਅੰਤ ਵਿਚ ਟੋਰਾਂਟੋ ਦੇ ਨਿਗਰਾਨੀ ਵੱਲੋਂ ਜਾਰੀ ਹੈਰਾਨਕੁੰਨ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਸੀ ਕਿ ਸ਼ਰਨਾਰਥੀਆਂ ਨੂੰ ਐਮਰਜੰਸੀ ਸ਼ੈਲਟਰ ਸਿਸਟਮ ਵਿਚ ਆਸਰਾ ਦੇਣ ਤੋਂ ਨਾਂਹ ਕੀਤੀ ਜਾ ਰਹੀ ਹੈ। ਇਸ ਕਥਿਤ ਧੱਕੇਸ਼ਾਹੀ ਵਿਰੁੱਧ ਰਫ਼ਿਊਜੀਆਂ ਵੱਲੋਂ ਇਕੱਠੇ ਹੋ ਕੇ ਟੋਰਾਂਟੋ ਪ੍ਰਸ਼ਾਸਨ ਵਿਰੁੱਧ ਮੁਕੱਦਮਾ ਵੀ ਦਾਇਰ ਕੀਤਾ ਗਿਆ।
ਕੈਨੇਡਾ ਦੇ ਕਈ ਸ਼ਹਿਰਾਂ ਵਿਚ ਹਾਲਾਤ ਬਦਤਰ
ਬੇਘਰ ਲੋਕਾਂ ਨੂੰ ਸ਼੍ਰੇਣੀਆ ਦੇ ਆਧਾਰ ’ਤੇ ਵੰਡਿਆ ਗਿਆ ਤਾਂ 58 ਫੀ ਸਦੀ ਲੋਕ ਅਫ਼ਰੀਕੀ ਮੂਲ ਦੇ ਦਰਜ ਕੀਤੀ ਗਈ ਜਦਕਿ 9 ਫ਼ੀ ਸਦੀ ਕੈਨੇਡੀਅਨ ਮੂਲ ਬਾਸ਼ਿੰਦੇ ਸਨ। ਟੋਰਾਂਟੋ ਦੀ ਆਬਾਦੀ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਅਫ਼ਰੀਕੀ ਮੂਲ ਦੇ ਲੋਕਾਂ ਦੀ ਵਸੋਂ ਸਿਰਫ਼ 10 ਫ਼ੀ ਸਦੀ ਬਣਦੀ ਹੈ। ਸਰਵੇਖਣ ਦੌਰਾਨ ਜ਼ਿਆਦਾਤਰ ਬੇਘਰ ਲੋਕਾਂ ਨੇ ਦੱਸਿਆ ਕਿ ਉਹ ਇਕ ਤੋਂ ਵੱਧ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਹਨ ਜਾਂ ਉਨ੍ਹਾਂ ਨੂੰ ਨਸ਼ੇ ਕਰਨ ਦੀ ਆਦਤ ਹੈ। ਸਰਵੇਖਣ ਦੌਰਾਨ ਬੇਘਰਾਂ ਨੇ ਦਲੀਲ ਦਿਤੀ ਕਿ ਮਾਮੂਲੀ ਮਦਦ ਨਾਲ ਉਨ੍ਹਾਂ ਦੇ ਸਿਰ ’ਤੇ ਛੱਤ ਆ ਸਕਦੀ ਹੈ ਜਿਸ ਵਿਚ ਸਭ ਤੋਂ ਅਹਿਮ ਕਿਰਾਏ ਦੇ ਮੁਤਾਬਕ ਆਮਦਨ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਕਿਰਾਏਦਾਰਾਂ ਦੇ ਕਾਨੂੰਨੀ ਹੱਕਾਂ ਤੇ ਰੁਜ਼ਗਾਰ ਨਾਲ ਸਬੰਧਤ ਜਾਗਰੂਕਤਾ ਵੀ ਸਮੱਸਿਆ ਦਾ ਹੱਲ ਕਰਨ ਵਿਚ ਸਹਾਈ ਸਾਬਤ ਹੋ ਸਕਦੀ ਹੈ। ਉਧਰ ਟੋਰਾਂਟੋ ਸਿਟੀ ਕੌਂਸਲ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਆਉਂਦੇ 10 ਸਾਲ ਦੌਰਾਨ 20 ਨਵੇਂ ਰੈਣ ਬਸੇਰੇ ਤਿਆਰ ਕਰਨ ਦੀ ਯੋਜਨਾ ਤਿਆਰ ਹੈ। ਟੋਰਾਂਟੋ ਵਿਚ ਇਕ ਹਜ਼ਾਰ ਦੀ ਵਸੋਂ ਪਿੱਛੇ ਕੈਨੇਡਾ ਦੇ ਕਿਸੇ ਵੀ ਹੋਰ ਸ਼ਹਿਰ ਦੇ ਮੁਕਾਬਲੇ ਵੱਧ ਸ਼ੈਲਟਰ ਬੈੱਡ ਮੌਜੂਦ ਹਨ ਅਤੇ 2021 ਮਗਰੋਂ ਸਮਰੱਥਾ ਵਿਚ 61 ਫੀ ਸਦੀ ਵਾਧਾ ਕੀਤਾ ਗਿਆ ਹੈ। ਦੱਸ ਦੇਈਏ ਕਿ ਬੀ.ਸੀ. ਦੇ ਸਰੀ ਸ਼ਹਿਰ ਵਿਚ ਪਿਛਲੇ ਪੰਜ ਸਾਲ ਦੌਰਾਨ ਬੇਘਰਾਂ ਦੀ ਗਿਣਤੀ 65 ਫੀ ਸਦੀ ਵਧੀ ਹੈ ਜਦਕਿ ਕੈਲਗਰੀ ਵਿਖੇ ਨਿਆਸਰਿਆਂ ਦੀ ਗਿਣਤੀ ਮਾਮੂਲੀ ਤੌਰ ’ਤੇ ਵਧੀ ਹੈ।


