ਕੈਨੇਡਾ ਵਿਚ ਮਹਿੰਗਾਈ ਲੈ ਕੇ ਆ ਰਿਹੈ ਨਵਾਂ ਵਰ੍ਹਾ
ਨਵਾਂ ਵਰ੍ਹਾ ਕੈਨੇਡਾ ਵਾਲਿਆਂ ਲਈ ਨਵੀਆਂ ਚੁਣੌਤੀਆਂ ਲੈ ਕੇ ਆ ਰਿਹਾ ਹੈ। ਖੁਰਾਕੀ ਵਸਤੀਆਂ ਦੀਆਂ ਕੀਮਤਾਂ ਵਿਚ 5 ਫ਼ੀ ਸਦੀ ਤੱਕ ਵਾਧਾ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ
By : Upjit Singh
ਟੋਰਾਂਟੋ : ਨਵਾਂ ਵਰ੍ਹਾ ਕੈਨੇਡਾ ਵਾਲਿਆਂ ਲਈ ਨਵੀਆਂ ਚੁਣੌਤੀਆਂ ਲੈ ਕੇ ਆ ਰਿਹਾ ਹੈ। ਖੁਰਾਕੀ ਵਸਤੀਆਂ ਦੀਆਂ ਕੀਮਤਾਂ ਵਿਚ 5 ਫ਼ੀ ਸਦੀ ਤੱਕ ਵਾਧਾ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ ਜਿਸ ਨਾਲ ਚਾਰ ਜੀਆਂ ਵਾਲੇ ਇਕ ਪਰਵਾਰ ਨੂੰ ਗਰੌਸਰੀ ’ਤੇ 800 ਡਾਲਰ ਤੱਕ ਵੱਧ ਖਰਚ ਕਰਨੇ ਹੋਣਗੇ। ਮਹਿੰਗਾਈ ਵਿਚ ਵਾਧਾ ਹੋਇਆ ਤਾਂ ਬੈਂਕ ਆਫ਼ ਕੈਨੇਡਾ ਵੱਲੋਂ ਵਿਆਜ ਦਰਾਂ ਵਿਚ ਕਟੌਤੀ ਦੀ ਪ੍ਰਕਿਰਿਆ ਨੂੰ ਰੋਕਿਆ ਜਾ ਸਕਦਾ ਹੈ ਜਿਸ ਨਾਲ ਕਰਜ਼ੇ ਦੀਆਂ ਕਿਸ਼ਤਾਂ ਸਸਤੀਆਂ ਹੋਣ ਦੀ ਉਡੀਕ ਕਰ ਰਹੇ ਲੋਕਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ।
ਖੁਰਾਕੀ ਵਸਤਾਂ ਦੀਆਂ ਕੀਮਤਾਂ ਵਿਚ 5 ਫ਼ੀ ਸਦੀ ਵਾਧਾ ਹੋਣ ਦਾ ਖਦਸ਼ਾ
ਚਾਰ ਕੈਨੇਡੀਅਨ ਯੂਨੀਵਰਸਿਟੀਆਂ ਦੇ ਸਾਂਝੇ ਯਤਨਾਂ ਨਾਲ ਤਿਆਰ ਰਿਪੋਰਟ ਕਹਿੰਦੀ ਹੈ ਕਿ ਚਾਰ ਜੀਆਂ ਵਾਲੇ ਪਰਵਾਰ ਨੂੰ ਨਵੇਂ ਵਰ੍ਹੇ ਦੌਰਾਨ ਅੰਦਾਜ਼ਨ 16,833 ਡਾਲਰ ਖੁਰਾਕੀ ਵਸਤਾਂ ’ਤੇ ਖਰਚ ਕਰਨੇ ਹੋਣਗੇ। ਡਲਹਾਊਜ਼ੀ ਯੂਨੀਵਰਸਿਟੀ, ਯੂਨੀਵਰਸਿਟੀ ਆਫ਼ ਗੁਐਲਫ਼, ਯੂਨੀਵਰਸਿਟੀ ਆਫ਼ ਸਸਕੈਚਵਨ ਅਤੇ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਦੀ ਰਿਪੋਰਟ ਮੁਤਾਬਕ ਕਈ ਅਣਕਿਆਸੇ ਘਟਨਾਕ੍ਰਮ ਮਹਿੰਗਾਈ ਵਧਣ ਦਾ ਕਾਰਨ ਬਣ ਸਕਦੇ ਹਨ। ਰਿਪੋਰਟ ਦੇ ਮੁੱਖ ਲੇਖਕ ਸਿਲਵੈਨ ਚਾਰਲਬੌਇਸ ਨੇ ਦੱਸਿਆ ਕਿ ਕਲਾਈਮੇਟ ਚੇਂਜ ਹਰ ਵਾਰ ਵੱਖਰਾ ਅਸਰ ਪਾਉਂਦਾ ਹੈ ਪਰ ਰੂਸ ਵੱਲੋਂ ਕਣਕ ਦੇ ਐਕਸਪੋਰਟ ਵਿਚ ਸੰਭਾਵਤ ਕਮੀ ਵੀ ਕੀਮਤਾਂ ਵਧਣ ਦਾ ਵੱਡਾ ਕਾਰਨ ਬਣ ਸਕਦੀ ਹੈ।
4 ਜੀਆਂ ਵਾਲੇ ਪਰਵਾਰ ਨੂੰ 800 ਡਾਲਰ ਵੱਧ ਖਰਚ ਕਰਨੇ ਹੋਣਗੇ
ਇਸ ਦੇ ਨਾਲ ਅਮੈਰਿਕਨ ਡਾਲਰ ਦੇ ਮੁਕਾਬਲੇ ਕੈਨੇਡੀਅਨ ਲੂਨੀ ਦੀ ਕੀਮਤ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਸਕਦਾ। ਸਭ ਤੋਂ ਵੱਡਾ ਤੱਥ ਡੌਨਲਡ ਟਰੰਪ ਵੱਲੋਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਾ ਹੋਵੇਗਾ ਜੋ ਕੈਨੇਡੀਅਨ ਵਸਤਾਂ ’ਤੇ 25 ਫੀ ਸਦੀ ਟੈਕਸ ਲਾਉਣ ਦੀ ਧਮਕੀ ਦੇ ਚੁੱਕੇ ਹਨ। ਉਨ੍ਹਾਂ ਅੱਗੇ ਕਿਹਾ ਕਿ ਯੂਕਰੇਨ ਜੰਗ ਮਗਰੋਂ ਪਹਿਲਾਂ ਹੀ ਕੌਮਾਂਤਰੀ ਮੰਡੀਆਂ ਵਿਚ ਕਣਕ ਦੀ ਆਮਦ ਘਟੀ ਹੈ ਅਤੇ ਇਸ ਵੇਲੇ ਦੁਨੀਆਂ ਦੇ ਲੋਕਾਂ ਨੂੰ ਮਿਲਣ ਵਾਲੇ ਖੁਰਾਕੀ ਤੱਤਾਂ ਵਿਚੋਂ 20 ਫੀ ਸਦੀ ਹਿੱਸਾ ਕਣਕ ਦਾ ਬਣਦਾ ਹੈ।