ਲਿਬਰਲ ਪਾਰਟੀ ਵੱਲੋਂ ਚੋਣ ਪ੍ਰਚਾਰ ਟੀਮ ਦਾ ਨਵਾਂ ਮੁਖੀ ਨਿਯੁਕਤ
ਜਸਟਿਨ ਟਰੂਡੋ ਵਿਰੁੱਧ ਬਗਾਵਤ ਤੇਜ਼ ਹੋਣ ਦਰਮਿਆਨ ਲਿਬਰਲ ਪਾਰਟੀ ਵੱਲੋਂ ਪ੍ਰਚਾਰ ਟੀਮ ਦੇ ਨਵੇਂ ਮੁਖੀ ਦੀ ਨਿਯੁਕਤੀ ਕਰ ਦਿਤੀ ਗਈ ਹੈ।
By : Upjit Singh
ਔਟਵਾ : ਜਸਟਿਨ ਟਰੂਡੋ ਵਿਰੁੱਧ ਬਗਾਵਤ ਤੇਜ਼ ਹੋਣ ਦਰਮਿਆਨ ਲਿਬਰਲ ਪਾਰਟੀ ਵੱਲੋਂ ਪ੍ਰਚਾਰ ਟੀਮ ਦੇ ਨਵੇਂ ਮੁਖੀ ਦੀ ਨਿਯੁਕਤੀ ਕਰ ਦਿਤੀ ਗਈ ਹੈ। ਐਂਡਰਿਊ ਬੈਵਨ, ਜੈਰੇਮੀ ਬਰੌਡਹਰਸਟ ਦੀ ਜਗ੍ਹਾ ਲੈਣਗੇ ਜਿਨ੍ਹਾਂ ਨੇ ਮੌਂਟਰੀਅਲ ਦੀ ਜ਼ਿਮਨੀ ਚੋਣ ਤੋਂ ਐਨ ਪਹਿਲਾਂ ਅਸਤੀਫ਼ਾ ਦੇ ਦਿਤਾ ਸੀ। ਐਂਡਰਿਊ ਬੈਵਨ ਕੁਝ ਸਮਾਂ ਪਹਿਲਾਂ ਤੱਕ ਟਰੂਡੋ ਦੇ ਸਲਾਹਕਾਰ ਵੀ ਰਹਿ ਚੁੱਕੇ ਹਨ ਅਤੇ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਦੇ ਚੀਫ਼ ਆਫ਼ ਸਟਾਫ਼ ਵੀ ਰਹੇ। ਉਧਰ ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਐਂਡਰਿਊ ਬੈਵਨ ਦੀ ਨਿਯੁਕਤੀ ਪਹਿਲਾਂ ਵੀ ਕੀਤੀ ਜਾ ਸਕਦੀ ਸੀ ਪਰ ਇਕ ਮਹੀਨੇ ਤੋਂ ਵੱਧ ਸਮਾਂ ਅਹੁਦਾ ਖਾਲੀ ਰੱਖਿਆ ਗਿਆ ਅਤੇ ਜਦੋਂ ਲਿਬਰਲ ਪਾਰਟੀ ਦੇ 30 ਐਮ.ਪੀਜ਼ ਦੀ ਬਗਾਵਤ ਤੋਂ ਪਰਦਾ ਉਠਿਆ ਤਾਂ ਟਰੂਡੋ ਸਰਕਾਰ ਨੂੰ ਭਾਜੜਾਂ ਪੈ ਗਈਆਂ।
ਪਾਰਟੀ ਦੇ ਪੁਰਾਣੇ ਵਫ਼ਾਦਾਰ ਐਂਡਰਿਊ ਬੈਵਨ ਨੂੰ ਮਿਲੀ ਜ਼ਿੰਮੇਵਾਰੀ
ਟੋਰਾਂਟੋ ਸੇਂਟ ਪੌਲ ਸੀਟ ’ਤੇ ਲਿਬਰਲ ਪਾਰਟੀ ਦੀ ਹਾਰ ਤੋਂ ਬਾਅਦ ਹੀ ਵੱਡੀ ਗਿਣਤੀ ਵਿਚ ਅਸਤੀਫਿਆਂ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਸੀ ਪਰ ਉਸ ਵੇਲੇ ਹਾਲਾਤ ਕਿਸੇ ਤਰੀਕੇ ਨਾਲ ਸੰਭਲ ਗਏ ਜੋ ਮੌਂਟਰੀਅਲ ਸੀਟ ਦੀ ਜ਼ਿਮਨੀ ਚੋਣ ਆਉਂਦੇ ਆਉਂਦੇ ਮੁੜ ਡਾਵਾਂਡੋਲ ਹੁੰਦੇ ਨਜ਼ਰ ਆਏ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਵਿਚ ਅਗਲੀਆਂ ਆਮ ਚੋਣਾਂ ਭਾਵੇਂ ਇਕ ਸਾਲ ਬਾਅਦ ਹੋਣੀਆਂ ਹਨ ਪਰ ਕੰਜ਼ਰਵੇਟਿਵ ਪਾਰਟੀ ਵੱਲੋਂ ਟਰੂਡੋ ਸਰਕਾਰ ਦਾ ਤਖਤਾ ਪਲਟਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਵੇਖਦਿਆਂ ਕਿਸੇ ਵੀ ਵੇਲੇ ਚੋਣਾਂ ਦਾ ਐਲਾਨ ਹੋ ਸਕਦਾ ਹੈ। ਹੁਣ ਲਿਬਰਲ ਪਾਰਟੀ ਦੇ ਅੰਦਰ ਵੀ ਬਗਾਵਤ ਸ਼ੁਰੂ ਹੋ ਚੁੱਕੀ ਹੈ ਜੋ ਤਿੰਨ ਮਹੀਨੇ ਪਹਿਲਾਂ ਵਾਪਰੇ ਘਟਨਾਕ੍ਰਮ ਤੋਂ ਕਿਤੇ ਤੀਬਰ ਨਜ਼ਰ ਆ ਰਹੀ ਹੈ। ਟਰੂਡੋ ਦੀ ਗੈਰਹਾਜ਼ਰੀ ਦਾ ਫਾਇਦਾ ਉਠਾਉਂਦਿਆਂ ਬਾਗੀਆਂ ਨੇ ਆਪਣੀਆਂ ਸਰਗਰਮੀਆਂ ਵਧਾ ਦਿਤੀਆਂ ਅਤੇ ਪ੍ਰਧਾਨ ਮੰਤਰੀ ਦੇ ਅਸਤੀਫ਼ੇ ਤੋਂ ਘੱਟ ਉਨ੍ਹਾਂ ਨੂੰ ਕੁਝ ਵੀ ਮਨਜ਼ੂਰ ਨਹੀਂ। ਦੱਸ ਦੇਈਏ ਕਿ ਪਿਛਲੇ ਦਿਨੀਂ ਟਰੂਡੋ ਅਤੇ ਉਨ੍ਹਾਂ ਦੀ ਚੀਫ਼ ਆਫ਼ ਸਟਾਫ਼ ਕੈਟੀ ਟੈਲਫੋਰਡ ਆਸੀਅਨ ਸੰਮੇਲਨ ਵਿਚ ਸ਼ਾਮਲ ਹੋਣ ਲਾਓਸ ਗਏ ਹੋਏ ਸਨ। ਬਗਾਵਤ ਵਾਲੇ ਧੜੇ ਤੋਂ ਵੱਖਰੇ ਇਕ ਐਮ.ਪੀ. ਨੇ ਕਿਹਾ ਕਿ ਕੈਨੇਡੀਅਨ ਸਿਆਸਤ ਵਿਚ ਕਿਸੇ ਵੀ ਵੇਲੇ ਕੁਝ ਵੀ ਹੋ ਸਕਦਾ ਹੈ।