ਕੈਨੇਡਾ ’ਚ ਖ਼ਾ.ਲਿਸ.ਤਾਨੀਆਂ ਵੱਲੋਂ ਮੁੜ ਖੜਕਾ-ਦੜਕਾ ਕਰਨ ਦੇ ਆਸਾਰ
ਭਾਰਤੀ ਹਾਈ ਕਮਿਸ਼ਨ ਵੱਲੋਂ ਲਾਏ ਜਾ ਰਹੇ ਲਾਈਫ਼ ਸਰਟੀਫ਼ਿਕੇਟ ਕੈਂਪਾਂ ਦੌਰਾਨ ਰੋਸ ਵਿਖਾਵਿਆਂ ਦੇ ਖਦਸ਼ੇ ਨੂੰ ਦੇਖਦਿਆਂ ਪੀਲ ਰੀਜਨਲ ਪੁਲਿਸ ਨੇ ਤਿਆਰੀ ਕਰ ਲਈ ਹੈ।

By : Upjit Singh
ਟੋਰਾਂਟੋ : ਕੈਨੇਡਾ ਵਿਚ ਖਾਲਿਸਤਾਨ ਹਮਾਇਤੀਆਂ ਵੱਲੋਂ ਮੁੜ ਖੜਕਾ-ਦੜਕਾ ਕੀਤੇ ਜਾਣ ਦੇ ਆਸਾਰ ਹਨ। ਜੀ ਹਾਂ, ਭਾਰਤੀ ਹਾਈ ਕਮਿਸ਼ਨ ਵੱਲੋਂ ਲਾਏ ਜਾ ਰਹੇ ਲਾਈਫ਼ ਸਰਟੀਫ਼ਿਕੇਟ ਕੈਂਪਾਂ ਦੌਰਾਨ ਰੋਸ ਵਿਖਾਵਿਆਂ ਦੇ ਖਦਸ਼ੇ ਨੂੰ ਦੇਖਦਿਆਂ ਪੀਲ ਰੀਜਨਲ ਪੁਲਿਸ ਨੇ ਤਿਆਰੀ ਕਰ ਲਈ ਹੈ। ਇਨਸਾਗਾ ਦੀ ਰਿਪੋਰਟ ਮੁਤਾਬਕ ਨਾਜਾਇਜ਼ ਹਥਿਆਰ ਰੱਖਣ ਦੇ ਮਾਮਲੇ ਵਿਚ ਗ੍ਰਿਫਤਾਰ ਹੋ ਚੁੱਕੇ ਇੰਦਰਜੀਤ ਸਿੰਘ ਗੋਸਲ ਵੱਲੋਂ ਇਕ ਆਨਲਾਈਨ ਪੋਸਟ ਰਾਹੀਂ ਮਿਸੀਸਾਗਾ ਦੇ ਹਿੰਦੂ ਹੈਰੀਟੇਜ ਸੈਂਟਰ ਅਤੇ ਬਰੈਂਪਟਨ ਦੇ ਭਾਰਤ ਮਾਤਾ ਮੰਦਰ ਵਿਖੇ ਭਾਰਤੀ ਕੌਂਸਲੇਟ ਅਧਿਕਾਰੀਆਂ ਦੀ ਸਿਟੀਜ਼ਨਜ਼ ਅਰੈਸਟ ਦਾ ਸੱਦਾ ਦਿਤਾ ਗਿਆ ਹੈ ਪਰ ਦੂਜੇ ਪਾਸੇ ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਵੱਲੋਂ ਸੋਧੇ ਹੋਏ ਪ੍ਰੋਗਰਾਮ ਤਹਿਤ ਬਰੈਂਪਟਨ ਦਾ ਪਹਿਲਾ ਲਾਈਫ਼ ਸਰਟੀਫ਼ਿਕੇਟ ਕੈਂਪ 5 ਨਵੰਬਰ ਨੂੰ ਟਿੰਬਰਲੇਨ ਡਰਾਈਵ ’ਤੇ ਗੁਰਦਵਾਰਾ ਨਾਨਕਸਰ ਸਾਹਿਬ ਵਿਖੇ ਲਾਉਣ ਦਾ ਐਲਾਨ ਕੀਤਾ ਗਿਆ। ਇਸ ਮਗਰੋਂ 6 ਨਵੰਬਰ ਨੂੰ ਦੂਜਾ ਕੈਂਪ ਬਰੈਂਪਟਨ ਦੇ ਗੋਰ ਰੋਡ ’ਤੇ ਸਥਿਤ ਹਿੰਦੂ ਸਭਾ ਮੰਦਰ ਵਿਚ ਹੋਵੇਗਾ।
ਲਾਈਫ਼ ਸਰਟੀਫ਼ਿਕੇਟ ਕੈਂਪਾਂ ਦੌਰਾਨ ਹੋਣਗੇ ਰੋਸ ਵਿਖਾਵੇ
ਉਧਰ ਪੀਲ ਰੀਜਨਲ ਪੁਲਿਸ ਨੇ ਕਿਹਾ ਕਿ ਰੋਸ ਵਿਖਾਵਿਆਂ ਦੀ ਯੋਜਨਾ ਬਾਰੇ ਪਤਾ ਲੱਗਣ ਮਗਰੋਂ ਪੁਲਿਸ ਅਫ਼ਸਰਾਂ ਦੀ ਤੈਨਾਤੀ ਵਧਾਉਣ ਦਾ ਫੈਸਲਾ ਲਿਆ ਗਿਆ ਹੈ। ਇਸੇ ਦੌਰਾਨ ਨਿਊ ਯਾਰਕ ਸ਼ਹਿਰ ਦੇ ਮੇਅਰ ਦੀ ਕੁਰਸੀ ਨੇੜੇ ਪੁੱਜ ਚੁੱਕੇ ਜ਼ੋਹਰਾਨ ਮਮਦਾਨੀ ਚੋਣ ਪ੍ਰਚਾਰ ਦੌਰਾਨ ਸ਼ੁੱਕਰਵਾਰ ਨੂੰ ਗੁਰਦਵਾਰਾ ਸਾਹਿਬ ਪੁੱਜੇ ਅਤੇ ਭਾਰਤ ਸਰਕਾਰ ’ਤੇ ਘੱਟ ਗਿਣਤੀਆਂ ਵਿਰੁੱਧ ਹਿੰਸਕ ਨੀਤੀਆਂ ਅਖਤਿਆਰ ਕਰਨ ਦਾ ਦੋਸ਼ ਲਾਇਆ। ਮਮਦਾਨੀ ਨੇ ਕਿਹਾ ਕਿ ਮੇਅਰ ਐਰਿਕ ਐਡਮਜ਼ ਨੇ ਹਰ ਚੀਜ਼ ਮਹਿੰਗੀ ਕਰਦਿਆਂ ਸ਼ਹਿਰ ਵਿਚ ਰਹਿਣਾ ਦੁੱਭਰ ਕਰ ਦਿਤਾ ਹੈ ਅਤੇ ਇਸ ਦੇ ਨਾਲ ਹੀ ਭਾਰਤ ਸਰਕਾਰ ਨਾਲ ਨਜ਼ਦੀਕੀਆਂ ਵਧਾਈਆਂ ਜੋ ਸਾਡੀ ਕਮਿਊਨਿਟੀ ਵਿਰੁੱਧ ਹਿੰਸਕ ਨੀਤੀ ਅਖਤਿਆਰ ਕਰ ਰਹੀ ਹੈ। ਮਮਦਾਨੀ ਦੇ ਬਿਆਨ ’ਤੇ ਸਖ਼ਤ ਇਤਰਾਜ਼ ਪ੍ਰਗਟਾਉਂਦਿਆਂ ਰਾਜ ਸਭਾ ਮੈਂਬਰ ਪ੍ਰਿਅੰਕਾ ਚਤੁਰਵੇਦੀ ਨੇ ਕਿਹਾ ਕਿ ਨਿਊ ਯਾਰਕ ਸ਼ਹਿਰ ਦੇ ਲੋਕ ਕਿਸ ਨੂੰ ਮੇਅਰ ਚੁਣਦੇ ਹਨ, ਇਸ ਨਾਲ ਸਾਡਾ ਕੋਈ ਵਾਹ-ਵਾਸਤਾ ਨਹੀਂ ਪਰ ਜ਼ੋਹਰਾਨ ਮਮਦਾਨੀ ਨੇ ਗੁਰਦਵਾਰਾ ਸਾਹਿਬ ਵਿਚ ਜੋ ਕਿਹਾ ਉਹ ਪ੍ਰੇਸ਼ਾਨੀਆਂ ਪੈਦਾ ਕਰਦਾ ਹੈ।
ਨਿਊ ਯਾਰਕ ਦੇ ਗੁਰਦਵਾਰੇ ’ਚ ਮਮਦਾਨੀ ਦੇ ਭਾਸ਼ਣ ਨੇ ਛੇੜਿਆ ਵਿਵਾਦ
ਦੱਸ ਦੇਈਏ ਕਿ ਰਾਸ਼ਟਰਪਤੀ ਡੌਨਲਡ ਟਰੰਪ, ਜ਼ੋਹਰਾਨ ਉਤੇ ਇਸਲਾਮਿਕ ਕੱਟੜਪੰਥੀ ਦਾ ਨਜ਼ਦੀਕੀ ਹੋਣ ਬਾਰੇ ਦੋਸ਼ ਲਾ ਚੁੱਕੇ ਹਨ। ਬੀਤੀ 18 ਅਕਤੂਬਰ ਨੂੰ ਮਮਦਾਨੀ ਅਤੇ ਬਰੁਕਲਿਨ ਦੇ ਇਮਾਮ ਸਿਰਾਜ ਵਹਾਜ ਦੀ ਤਸਵੀਰ ਸਾਹਮਣੇ ਆਈ। ਸਿਰਾਜ ਵਿਰੁੱਧ 1993 ਵਿਚ ਵਰਲਡ ਟਰੇਡ ਸੈਂਟਰ ’ਤੇ ਬੰਬਾਰੀ ਦੀ ਸਾਜ਼ਿਸ਼ ਘੜਨ ਦੇ ਦੋਸ਼ ਲੱਗੇ ਸਨ। ਜ਼ੋਹਰਾਨ ਮਮਦਾਨੀ ਭਾਰਤੀ ਮੂਲ ਦੀ ਫ਼ਿਲਮਸਾਜ਼ ਮੀਰਾ ਨਾਇਰ ਦੇ ਬੇਟੇ ਹਨ ਜਿਨ੍ਹਾਂ ਦਾ ਜਨਮ ਯੁਗਾਂਡਾ ਵਿਚ ਹੋਇਆ। ਕਾਲਜ ਦੀ ਪੜ੍ਹਾਈ ਮੁਕੰਮਲ ਕਰਨ ਮਗਰੋਂ 2018 ਵਿਚ ਜ਼ੋਹਰਾਨ ਨੂੰ ਅਮਰੀਕਾ ਦੀ ਨਾਗਰਿਕਤਾ ਮਿਲ ਗਈ ਅਤੇ ਦੋ ਸਾਲ ਬਾਅਦ ਕੁਈਨਜ਼ ਦੀ ਐਸਟੋਰੀਆ ਸੀਟ ਤੋਂ ਨਿਊ ਯਾਰਕ ਅਸੈਂਬਲੀ ਦੀ ਚੋਣ ਜਿੱਤ ਲਈ। ਮੇਅਰ ਦੀ ਚੋਣ ਵਿਚ ਉਨ੍ਹਾਂ ਦੀ ਜਿੱਤ 96 ਫ਼ੀ ਸਦੀ ਪੱਕੀ ਮੰਨੀ ਜਾ ਰਹੀ ਹੈ ਅਤੇ ਵਿਰੋਧੀ ਉਮੀਦਵਾਰ ਐਂਡਰਿਊ ਕੂਮੋ ਪਹਿਲਾਂ ਹੀ ਆਖ ਚੁੱਕੇ ਹਨ ਕਿ ਚੋਣ ਹਾਰੇ ਤਾਂ ਨਿਊ ਯਾਰਕ ਛੱਡ ਕੇ ਫਲੋਰੀਡਾ ਚਲੇ ਜਾਣਗੇ।


