ਕੈਨੇਡਾ ਵਿਚ ਮਹਿੰਗਾਈ ਦਰ ਘਟ ਕੇ 2 ਫੀ ਸਦੀ ’ਤੇ ਆਈ
ਕੈਨੇਡਾ ਵਿਚ ਮਹਿੰਗਾਈ ਦਰ ਘਟ ਕੇ 2 ਫੀ ਸਦੀ ’ਤੇ ਆ ਗਈ ਹੈ ਅਤੇ ਵਿਆਜ ਦਰਾਂ ਵਿਚ ਵੱਡੀ ਕਟੌਤੀ ਦੇ ਆਸਾਰ ਨਜ਼ਰ ਆ ਰਹੇ ਹਨ।
By : Upjit Singh
ਟੋਰਾਂਟੋ : ਕੈਨੇਡਾ ਵਿਚ ਮਹਿੰਗਾਈ ਦਰ ਘਟ ਕੇ 2 ਫੀ ਸਦੀ ’ਤੇ ਆ ਗਈ ਹੈ ਅਤੇ ਵਿਆਜ ਦਰਾਂ ਵਿਚ ਵੱਡੀ ਕਟੌਤੀ ਦੇ ਆਸਾਰ ਨਜ਼ਰ ਆ ਰਹੇ ਹਨ। ਅਗਸਤ ਦੌਰਾਨ ਜਿਥੇ ਗੈਸੋਲੀਨ ਦੀਆਂ ਕੀਮਤਾਂ ਹੇਠਲੇ ਪੱਧਰ ’ਤੇ ਰਹੀਆਂ, ਉਥੇ ਹੀ ਕੱਪੜਿਆਂ ਅਤੇ ਜੁੱਤੀਆਂ ਦੇ ਭਾਅ ਵਿਚ ਕਮੀ ਦਰਜ ਕੀਤੀ। ਸੀ.ਆਈ.ਬੀ.ਸੀ. ਦੇ ਸੀਨੀਅਰ ਇਕੌਨੋਮਿਸਟ ਐਂਡਰਿਊ ਗ੍ਰੈਂਥਮ ਨੇ ਕਿਹਾ ਕਿ ਹੁਣ ਬੈਂਕ ਆਫ ਕੈਨੇਡਾ ਦੇ ਰਾਹ ਵਿਚ ਕੋਈ ਅੜਿੱਕਾ ਨਹੀਂ ਰਿਹਾ ਅਤੇ ਅਰਥਚਾਰੇ ਨੂੰ ਹੁਲਾਰਾ ਦੇਣ ਵੱਲ ਧਿਆਨ ਕੇਂਦਰਤ ਹੋਣਾ ਚਾਹੀਦਾ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਜੇ ਮੌਰਗੇਜ ਦੇ ਖਰਚੇ ਨੂੰ ਬਾਹਰ ਰੱਖ ਦਿਤਾ ਜਾਵੇ ਤਾਂ ਅਗਸਤ ਮਹੀਨੇ ਦੌਰਾਨ ਮਹਿੰਗਾਈ ਦਰ ਸਿਰਫ 1.2 ਫੀ ਸਦੀ ਰਹਿ ਜਾਂਦੀ।
ਵਿਆਜ ਦਰਾਂ ਵਿਚ ਵੱਡੀ ਕਟੌਤੀ ਦੇ ਆਸਾਰ ਬਣੇ
ਦੂਜੇ ਪਾਸੇ ਕੈਨੇਡਾ ਵਿਚ 1971 ਮਗਰੋਂ ਪਹਿਲੀ ਵਾਰ ਅਗਸਤ ਮਹੀਨੇ ਦੌਰਾਨ ਮਹਿੰਗਾਈ ਦਰ ਐਨੀ ਹੇਠਾਂ ਆਈ ਹੈ ਕਿਉਂਕਿ ਗਾਹਕਾਂ ਦੀ ਘਟਦੀ ਗਿਣਤੀ ਨੂੰ ਵੇਖਦਿਆਂ ਰਿਟੇਲਰਜ਼ ਵੱਲੋਂ ਵੱਡੀਆਂ ਰਿਆਇਤਾਂ ਦੀ ਪੇਸ਼ਕਸ਼ ਕੀਤੀ ਗਈ। ਕੈਨੇਡੀਅਨ ਰੇਟਸ ਦੇ ਮੈਨੇਜਿੰਗ ਡਾਇਰੈਕਟਰ ਬੈਂਜਾਮਿਨ ਰਾਈਟਜ਼ਸ ਦਾ ਕਹਿਣਾ ਸੀ ਕਿ ਹੁਣ ਬੈਂਕ ਆਫ਼ ਕੈਨੇਡਾ ਨੂੰ ਵਿਆਜ ਦਰਾਂ ਵਿਚ ਵੱਡੀ ਕਟੌਤੀ ਕਰਨੀ ਚਾਹੀਦੀ ਹੈ। ਬੈਂਜਾਮਿਨ ਨੇ ਮੰਨਿਆ ਕਿ ਸਿਰਫ ਅਗਸਤ ਦੇ ਅੰਕੜਿਆਂ ਨੂੰ ਆਧਾਰ ਬਣਾ ਕੇ ਵੱਡੀ ਕਟੌਤੀ ਸੰਭਵ ਨਹੀਂ ਅਤੇ ਬੈਂਕ ਆਫ ਕੈਨੇਡਾ ਸਤੰਬਰ ਦੇ ਅੰਕੜੇ ਵੀ ਦੇਖਣਾ ਚਾਹੇਗਾ ਅਤੇ ਇਸ ਤੋਂ ਬਾਅਦ ਹੀ ਅਕਤੂਬਰ ਵਿਚ ਕੋਈ ਫੈਸਲਾ ਲਿਆ ਜਾ ਸਕਦਾ ਹੈ। ਬੈਂਕ ਆਫ਼ ਕੈਨੇਡਾ ਦੇ ਗਵਰਨਰ ਟਿਫ ਮੈਕਲਮ ਪਹਿਲਾਂ ਹੀ ਸੰਕੇਤ ਦੇ ਚੁੱਕੇ ਹਨ ਕਿ ਵਿਆਜ ਦਰਾਂ ਵਿਚ ਕਟੌਤੀ ਦਾ ਆਕਾਰ ਵਧਾਇਆ ਜਾ ਸਕਦਾ ਹੈ ਜੇ ਮਹਿੰਗਾਈ ਦਰ ਕੇਂਦਰੀ ਬੈਂਕ ਦੀਆਂ ਉਮੀਦਾਂ ਮੁਤਾਬਕ ਹੇਠਾਂ ਆ ਜਾਵੇ। ਬੈਂਕ ਆਫ ਕੈਨੇਡਾ ਵੱਲੋਂ ਆਰੰਭ ਤੋਂ ਹੀ ਮਹਿੰਗਾਈ ਦਰ 2 ਫੀ ਸਦੀ ਦੇ ਪੱਧਰ ’ਤੇ ਆਉਣ ਦੀ ਉਡੀਕ ਕੀਤੀ ਜਾ ਰਹੀ ਸੀ ਜਿਸ ਨਾਲ ਵਿਆਜ ਦਰਾਂ ਹੇਠਾਂ ਆਉਣਗੀਆਂ ਅਤੇ ਆਰਥਿਕ ਵਾਧਾ ਦਰ ਤੇਜ਼ ਕਰਨ ਵਿਚ ਮਦਦ ਮਿਲੇਗੀ।