ਕੈਨੇਡਾ ਵਾਲਿਆਂ ਦੀਆਂ ਆਸਾਂ ’ਤੇ ਫਿਰਿਆ ਪਾਣੀ
ਟੈਕਸ ਕਟੌਤੀ ਮਗਰੋਂ ਇਕ ਕੈਨੇਡੀਅਨ ਪਰਵਾਰ ਨੂੰ 280 ਡਾਲਰ ਸਾਲਾਨਾ ਦੀ ਬੱਚਤ ਹੋਵੇਗੀ ਜਦਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਯੋਜਨਾ ਵਿਚ 825 ਡਾਲਰ ਸਾਲਾਨਾ ਬੱਚਤ ਦਾ ਦਾਅਵਾ ਕੀਤਾ ਗਿਆ।

ਔਟਵਾ : ਟੈਕਸ ਕਟੌਤੀ ਮਗਰੋਂ ਇਕ ਕੈਨੇਡੀਅਨ ਪਰਵਾਰ ਨੂੰ 280 ਡਾਲਰ ਸਾਲਾਨਾ ਦੀ ਬੱਚਤ ਹੋਵੇਗੀ ਜਦਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਯੋਜਨਾ ਵਿਚ 825 ਡਾਲਰ ਸਾਲਾਨਾ ਬੱਚਤ ਦਾ ਦਾਅਵਾ ਕੀਤਾ ਗਿਆ। ਪਾਰਲੀਮਾਨੀ ਬਜਟ ਅਫ਼ਸਰ ਵੱਲੋਂ ਪੇਸ਼ ਗਿਣਤੀ-ਮਿਣਤੀ ਮੁਤਾਬਕ ਬਜ਼ੁਰਗਾਂ ਅਤੇ ਇਕੱਲੇ ਤੌਰ ’ਤੇ ਰਹਿ ਰਹੇ ਕੈਨੇਡੀਅਨਜ਼ ਦੀ ਬੱਚਤ ਹੋਰ ਵੀ ਹੇਠਾਂ ਜਾ ਸਕਦੀ ਹੈ ਜਿਸ ਮਗਰੋਂ ਕੰਜ਼ਰਵੇਟਿਵ ਪਾਰਟੀ ਨੂੰ ਲਿਬਰਲ ਸਰਕਾਰ ਦੀ ਟੈਕਸ ਕਟੌਤੀ ਯੋਜਨਾ ਭੰਡਣ ਦਾ ਮੌਕਾ ਮਿਲ ਗਿਆ। ਲਿਬਰਲ ਸਰਕਾਰ ਦੇ ਚੋਣ ਵਾਅਦੇ ਮੁਤਾਬਕ ਮੌਜੂਦਾ ਵਰ੍ਹੇ ਦੌਰਾਨ 57,375 ਡਾਲਰ ਦੀ ਪਹਿਲੀ ਟੈਕਸ ਯੋਗ ਆਮਦਨ ਉਤੇ ਟੈਕਸ ਦਰ 15 ਫੀ ਸਦੀ ਤੋਂ ਘਟਾ ਕੇ 14.5 ਫੀ ਸਦੀ ਕੀਤੀ ਜਾਣੀ ਹੈ ਜਦਕਿ ਅਗਲੇ ਵਰ੍ਹੇ ਤੋਂ ਟੈਕਸ ਦਰ ਘਟਾ ਕੇ 14 ਫੀ ਸਦੀ ਕਰ ਦਿਤੀ ਜਾਵੇਗੀ ਪਰ ਕੰਜ਼ਰਵੇਟਿਵ ਪਾਰਟੀ ਨੇ ਦੋਸ਼ ਲਾਇਆ ਹੈ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਟੈਕਸ ਕਟੌਤੀ ਯੋਜਨਾ ਨਾਲ ਮੁਲਕ ਦੇ ਪਰਵਾਰਾਂ ਨੂੰ ਸਿਰਫ਼ ਕੁਝ ਸੈਂਟ ਦਾ ਫਾਇਦਾ ਹੋਵੇਗਾ।
ਟੈਕਸ ਕਟੌਤੀ ਯੋਜਨਾ ਰਾਹੀਂ ਹੋਵੇਗਾ ਸਿਰਫ਼ 280 ਡਾਲਰ ਸਾਲਾਨਾ ਦਾ ਫਾਇਦਾ
ਪਾਰਲੀਮਾਨੀ ਬਜਟ ਅਫ਼ਸਰ ਈਵ ਗੀਰੋ ਨੇ ਕਿਹਾ ਕਿ ਇਕ ਕੈਨੇਡੀਅਨ ਪਰਵਾਰ ਨੂੰ ਔਸਤ ਆਧਾਰ ’ਤੇ ਜ਼ਿਆਦਾ ਰਿਆਇਤ ਮਿਲਦੀ ਨਜ਼ਰ ਨਹੀਂ ਆਉਂਦੀ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਮਹੀਨੇ ਟੈਕਸ ਕਟੌਤੀ ਬਿਲ ਪੇਸ਼ ਕੀਤੇ ਜਾਣ ਮੌਕੇ ਫਾਇਨੈਂਸ ਕੈਨੇਡਾ ਵੱਲੋਂ ਹਰ ਜੋੜੇ ਨੂੰ 840 ਡਾਲਰ ਸਾਲਾਨਾ ਦਾ ਫ਼ਾਇਦਾ ਹੋਣ ਬਾਰੇ ਦਾਅਵਾ ਕੀਤਾ ਗਿਆ। ਇਕ ਕੈਨੇਡੀਅਨ ਟੈਕਸਦਾਤੇ ਨੂੰ ਮੌਜੂਦਾ ਵਰ੍ਹੇ ਦੌਰਾਨ ਸਿਰਫ਼ 90 ਡਾਲਰ ਦਾ ਫਾਇਦਾ ਹੋਣ ਦੇ ਆਸਾਰ ਹਨ ਕਿਉਂਕਿ ਟੈਕਸ ਕਟੌਤੀ 1 ਜੁਲਾਈ ਤੋਂ ਲਾਗੂ ਹੋਣੀ ਹੈ। ਪਾਰਲੀਮਾਨੀ ਬਜਟ ਅਫ਼ਸਰ ਦਾ ਮੰਨਣਾ ਹੈ ਕਿ ਅਗਲੇ ਸਾਲ ਔਸਤ ਸਾਲਾਨਾ ਬੱਚਤ 190 ਡਾਲਰ ਤੱਕ ਜਾ ਸਕਦੀ ਹੈ। ਦੂਜੇ ਪਾਸੇ ਪਤੀ-ਪਤਨੀ ਦੋਹਾਂ ਦੀ ਕਮਾਈ ਨੂੰ ਜੋੜ ਕੇ ਦੇਖਿਆ ਜਾਵੇ ਤਾਂ ਦੂਜੀ ਇਨਕਮ ਬਰੈਕਟ ਵਿਚ ਆਉਂਦੇ ਇਕ ਬੱਚੇ ਵਾਲੇ ਜੋੜਿਆਂ ਨੂੰ ਅਗਲੇ ਸਾਲ 750 ਡਾਲਰ ਦੀ ਔਸਤ ਬੱਚਤ ਹੋ ਸਕਦੀ ਹੈ। ਇਸੇ ਤਰ੍ਹਾਂ ਬਗੈਰ ਬੱਚਿਆਂ ਵਾਲੇ ਇਕਹਿਰੇ ਕੈਨੇਡੀਅਨ ਜੋ ਟੌਪ ਇਨਕਮ ਬਰੈਕਟ ਵਿਚ ਆਉਂਦਾ ਹੈ, ਨੂੰ ਸਾਲਾਨਾ ਆਧਾਰ ’ਤੇ 350 ਡਾਲਰ ਦੀ ਔਸਤ ਬੱਚਤ ਹੋ ਸਕਦੀ ਹੈ। ਪਹਿਲੀ ਇਨਕਮ ਬਰੈਕਟ ਵਿਚ ਆਉਂਦੇ ਇਕ ਬਜ਼ੁਰਗ ਨੂੰ ਸਿਰਫ਼ 50 ਡਾਲਰ ਦਾ ਫਾਇਦਾ ਹੋਣ ਦੇ ਆਸਾਰ ਨਜ਼ਰ ਆਉਂਦੇ ਹਨ ਜਦਕਿ ਇਸੇ ਟੈਕਸ ਬਰੈਕਟ ਵਿਚ ਆਉਂਦੇ ਸਿੰਗਲ ਪੇਰੈਂਟ ਨੂੰ ਔਸਤਨ 140 ਡਾਲਰ ਦਾ ਫਾਇਦਾ ਹੋ ਸਕਦਾ ਹੈ।
ਲਿਬਰਲ ਸਰਕਾਰ ਵੱਲੋਂ 825 ਡਾਲਰ ਦੀ ਬੱਚਤ ਦਾ ਕੀਤਾ ਗਿਆ ਸੀ ਦਾਅਵਾ
ਕੰਜ਼ਰਵੇਟਿਵ ਪਾਰਟੀ ਨੇ ਪਾਰਲੀਮਾਨੀ ਬਜਟ ਅਫ਼ਸਰ ਦੀਆਂ ਟਿੱਪਣੀਆਂ ’ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੀ ਟੈਕਸ ਬੱਚਤ ਰਾਹੀਂ ਇਕ ਪਰਵਾਰ ਆਪਣੇ ਬਰੈਕਫਸਟ ਵਾਸਤੇ ਸੈਂਡਵਿਚ ਖਰੀਦਣ ਦੇ ਸਮਰੱਥ ਵੀ ਨਹੀਂ ਹੋਵੇਗਾ। ਕੰਜ਼ਰਵੇਟਿਵ ਪਾਰਟੀ ਵੱਲੋਂ ਚੋਣ ਪ੍ਰਚਾਰ ਦੌਰਾਨ 2.25 ਫੀ ਸਦੀ ਟੈਕਸ ਕਟੌਤੀ ਦਾ ਵਾਅਦਾ ਕੀਤਾ ਗਿਆ ਪਰ ਇਹ ਪੜਾਅਵਾਰ ਤਰੀਕੇ ਨਾਲ ਚਾਰ ਸਾਲ ਦੀ ਮਿਆਦ ਦੌਰਾਨ ਲਾਗੂ ਹੁੰਦਾ। ਵਿੱਤ ਮੰਤਰੀ ਫਰਾਂਸਵਾ ਫਿਲਿਪ ਸ਼ੈਂਪੇਨ ਵੱਲੋਂ ਫ਼ਿਲਹਾਲ ਇਸ ਮੁੱਦੇ ’ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਪਰ ਪਾਰਲੀਮਾਨੀ ਬਜਟ ਅਫ਼ਸਰ ਦਾ ਮੰਨਣਾ ਹੈ ਕਿ ਆਉਂਦੇ ਪੰਜ ਸਾਲ ਦੌਰਾਨ ਟੈਕਸ ਕਟੌਤੀ ਦੀ ਇਹ ਯੋਜਨਾ 64 ਅਰਬ ਡਾਲਰ ਦਾ ਬੋਝ ਸਰਕਾਰੀ ਖਜ਼ਾਨੇ ’ਤੇ ਪਾਵੇਗੀ ਪਰ ਸਬੰਧਤ ਕਟੌਤੀਆਂ ਦੇ ਮੱਦੇਨਜ਼ਰ ਅਸਲ ਅੰਕੜਾ 28 ਅਰਬ ਡਾਲਰ ਦੇ ਨੇੜੇ ਰਹਿ ਸਕਦਾ ਹੈ।