ਜ਼ਿਮਨੀ ਚੋਣਾਂ ਵਿਚ ਵੀ ਵਿਦੇਸ਼ੀ ਦਖਲ ’ਤੇ ਨਜ਼ਰ ਰੱਖੇਗੀ ਕੈਨੇਡਾ ਸਰਕਾਰ
ਕੈਨੇਡੀਅਨ ਚੋਣਾਂ ਵਿਚ ਵਿਦੇਸ਼ੀ ਦਖਲ ਦੇ ਖਦਸ਼ੇ ਨੂੰ ਵੇਖਦਿਆਂ ਫੈਡਰਲ ਸਰਕਾਰ ਵੱਲੋਂ ਭਵਿੱਖ ਵਿਚ ਹੋਣ ਵਾਲੀਆਂ ਜ਼ਿਮਨੀ ਚੋਣਾਂ ’ਤੇ ਵੀ ਨਜ਼ਰ ਰੱਖੀ ਜਾਵੇਗੀ। ਲੋਕ ਸੁਰੱਖਿਆ ਮੰਤਰੀ ਡੌਮੀਨਿਕ ਲਬਲੈਂਕ ਨੇ ਕਿਹਾ ਕਿ ਸਤੰਬਰ ਵਿਚ ਕਿਊਬੈਕ ਅਤੇ ਮੈਨੀਟੋਬਾ ਦੀਆਂ ਦੋ ਪਾਰਲੀਮਾਨੀ ਸੀਟਾਂ ’ਤੇ ਜ਼ਿਮਨੀ ਚੋਣ ਹੋਣੀ ਹੈ
By : Upjit Singh
ਔਟਵਾ : ਕੈਨੇਡੀਅਨ ਚੋਣਾਂ ਵਿਚ ਵਿਦੇਸ਼ੀ ਦਖਲ ਦੇ ਖਦਸ਼ੇ ਨੂੰ ਵੇਖਦਿਆਂ ਫੈਡਰਲ ਸਰਕਾਰ ਵੱਲੋਂ ਭਵਿੱਖ ਵਿਚ ਹੋਣ ਵਾਲੀਆਂ ਜ਼ਿਮਨੀ ਚੋਣਾਂ ’ਤੇ ਵੀ ਨਜ਼ਰ ਰੱਖੀ ਜਾਵੇਗੀ। ਲੋਕ ਸੁਰੱਖਿਆ ਮੰਤਰੀ ਡੌਮੀਨਿਕ ਲਬਲੈਂਕ ਨੇ ਕਿਹਾ ਕਿ ਸਤੰਬਰ ਵਿਚ ਕਿਊਬੈਕ ਅਤੇ ਮੈਨੀਟੋਬਾ ਦੀਆਂ ਦੋ ਪਾਰਲੀਮਾਨੀ ਸੀਟਾਂ ’ਤੇ ਜ਼ਿਮਨੀ ਚੋਣ ਹੋਣੀ ਹੈ ਜਿਸ ਦੇ ਮੱਦੇਨਜ਼ਰ ਇਲੈਕਸ਼ਨਜ਼ ਟਾਸਕ ਫੋਰਸ ਨੇ ਤਿਆਰੀ ਕਰ ਲਈ ਹੈ। ਫੈਡਰਲ ਸਰਕਾਰ ਵੱਲੋਂ ਚੋਣ ਪ੍ਰਕਿਰਿਆ ਦੀ ਨਿਗਰਾਨੀ ਲਈ 2019 ਵਿਚ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ ਜਿਸ ਵਿਚ ਕੈਨੇਡੀਅਨ ਖੁਫੀਆ ਏਜੰਸੀ, ਆਰ.ਸੀ.ਐਮ.ਪੀ., ਗਲੋਬਲ ਅਫੇਅਰਜ਼ ਕੈਨੇਡਾ ਅਤੇ ਸੀ.ਐਸ.ਈ. ਦੇ ਨੁਮਾਇੰਦੇ ਸ਼ਾਮਲ ਹਨ। ਲੋਕ ਸੁਰੱਖਿਆ ਮੰਤਰੀ ਨੇ ਦੱਸਿਆ ਕਿ ਜ਼ਿਮਨੀ ਚੋਣਾਂ ਦੌਰਾਨ ਟਾਸਕ ਫੋਰਸ ਵੱਲੋਂ ਖੁਫੀਆ ਜਾਣਕਾਰੀ ਇਕੱਤਰ ਕਰ ਕੇ ਉਪ ਮੰਤਰੀਆਂ ਦੀ ਇਕ ਕਮੇਟੀ ਨੂੰ ਦਿਤੀ ਜਾਵੇਗੀ ਅਤੇ ਕਮੇਟੀ ਵੱਲੋਂ ਅੱਗੇ ਇਸ ਨੂੰ ਸਬੰਧਤ ਮੰਤਰੀਆਂ ਨਾਲ ਸਾਂਝਾ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਸਕਿਉਰਿਟੀ ਐਂਡ ਇੰਟੈਲੀਜੈਂਸ ਥਰੈਟਸ ਟੂ ਇਲੈਕਸ਼ਨਜ਼ ਟਾਸਕ ਫੋਰਸ ਵੱਲੋਂ ਕਲਾਸੀਫਾਈਡ ਅਤੇ ਅਨਕਲਾਸੀਫਾਈਡ ਦੋਵੇਂ ਕਿਸਮ ਦੀ ਰਿਪੋਰਟ ਤਿਆਰ ਕਰ ਕੇ ਪ੍ਰਧਾਨ ਮੰਤਰੀ, ਸਬੰਧਤ ਮੰਤਰੀਆਂ ਅਤੇ ਕੌਮੀ ਸੁਰੱਖਿਆ ਬਾਰੇ ਸੰਸਦ ਮੈਂਬਰਾਂ ਦੀ ਇੰਟੈਲੀਜੈਂਸ ਕਮੇਟੀ ਦੇ ਸਪੁਰਦ ਕੀਤੀ ਜਾਵੇਗੀ। ਇਥੇ ਦਸਣਾ ਬਣਦਾ ਹੈ ਕਿ 16 ਸਤੰਬਰ ਨੂੰ ਵਿੰਨੀਪੈਗ ਅਤੇ ਮੌਂਟਰੀਅਲ ਦੇ ਹਲਕਿਆਂ ਵਿਚ ਵੋਟਾਂ ਪੈਣਗੀਆਂ।
ਵਿੰਨੀਪੈਗ ਅਤੇ ਮੌਂਟਰੀਅਲ ਵਿਚ 16 ਸਤੰਬਰ ਨੂੰ ਪੈਣੀਆਂ ਨੇ ਵੋਟਾਂ
ਦੂਜੇ ਪਾਸੇ ਆਮ ਚੋਣਾਂ ਦੌਰਾਨ ਵਿਦੇਸ਼ੀ ਦਖਲ ਦੀ ਨਿਗਰਾਨੀ ਵਾਸਤੇ ਵੱਖਰੀ ਪ੍ਰਕਿਰਿਆ ਅਪਣਾਈ ਜਾਂਦੀ ਹੈ। ਕੈਨੇਡਾ ਚੋਣਾਂ ਵਿਚ ਵਿਦੇਸ਼ੀ ਦਖਲ ਪਿਛਲੇ ਸਮੇਂ ਦੌਰਾਨ ਬੇਹੱਦ ਭਖਦਾ ਮੁੱਦਾ ਰਿਹਾ ਜਦੋਂ ਇਕ ਖੁਫੀਆ ਰਿਪੋਰਟ ਵਿਚ ਭਾਰਤ ਵਿਰੁੱਧ ਵੀ ਦਖਲ ਦੇਣ ਦੇ ਦੋਸ਼ ਲੱਗੇ। ਪੜਤਾਲ ਕਮਿਸ਼ਨ ਅੱਗੇ ਪੇਸ਼ ਹੋਏ ਖੁਫੀਆ ਏਜੰਸੀ ਦੇ ਮੁਖੀ ਦਾ ਕਹਿਣਾ ਸੀ ਕਿ 2019 ਅਤੇ 2021 ਦੀਆਂ ਚੋਣਾਂ ਦੌਰਾਨ ਨਾ ਸਿਰਫ ਚੀਨ ਵੱਲੋਂ ਆਪਣੇ ਸਰੋਤਾਂ ਰਾਹੀਂ ਢਾਈ ਲੱਖ ਡਾਲਰ ਖਰਚ ਕਰਨ ਦੇ ਯਤਨ ਕੀਤੇ ਗਏ ਸਗੋਂ ਭਾਰਤ ਅਤੇ ਪਾਕਿਸਤਾਨ ਨੇ ਵੀ ਦਖਲ ਦੇਣ ਦਾ ਯਤਨ ਕੀਤਾ। ਕੈਨੇਡੀਅਨ ਸਕਿਉਰਿਟੀ ਇੰਟੈਲੀਜੈਂਸ ਸਰਵਿਸ ਵੱਲੋਂ ਪੇਸ਼ ਦਸਤਾਵੇਜ਼ਾਂ ਮੁਤਾਬਕ ਭਾਰਤ ਸਰਕਾਰ ਨੇ ਚੋਣ ਵਿਚ ਦਖਲ ਦੇ ਇਰਾਦੇ ਨਾਲ ਆਪਣੇ ਲੁਕਵੇਂ ਏਜੰਟ ਦੀ ਵਰਤੋਂ ਕਰਦਿਆਂ ਸੰਭਾਵਤ ਤੌਰ ’ਤੇ ਗੁਪਤ ਸਰਗਰਮੀਆਂ ਚਲਾਈਆਂ। ਸਿਰਫ ਇਥੇ ਹੀ ਬੱਸ ਨਹੀਂ ਪਾਕਿਸਤਾਨ ਨੇ ਵੀ ਆਪਣੇ ਹਿਤਾਂ ਖਾਤਰ ਚੋਣਾਂ ਵਿਚ ਦਖਲ ਦੇਣ ਦੇ ਯਤਨ ਕੀਤੇ। ਦੂਜੇ ਪਾਸੇ ਚੀਨ ਵੱਲੋਂ ਲਿਬਰਲ ਪਾਰਟੀ ਦੇ ਸੱਤ ਅਤੇ ਕੰਜ਼ਰਵੇਟਿਵ ਪਾਰਟੀ ਦੇ ਚਾਰ ਉਮੀਦਵਾਰਾਂ ਨੂੰ ਕਥਿਤ ਤੌਰ ’ਤੇ ਪ੍ਰਭਾਵਤ ਕਰਨ ਦਾ ਯਤਨ ਕੀਤਾ ਗਿਆ। ਖੁਫੀਆ ਦਸਤਾਵੇਜ਼ਾਂ ਮੁਤਾਬਕ ਭਾਰਤ ਸਰਕਾਰ ਦਾ ਮੰਨਣਾ ਹੈ ਕਿ ਇੰਡੋ ਕੈਨੇਡੀਅਨ ਵੋਟਰਾਂ ਦਾ ਇਕ ਵੱਡਾ ਹਿੱਸਾ ਖਾਲਿਸਤਾਨੀ ਸਰਗਰਮੀਆਂ ਪ੍ਰਤੀ ਨਰਮ ਰਵੱਈਆ ਰਖਦਾ ਹੈ। ਦੂਜੇ ਪਾਸੇ ਚੀਨ ਵੱਲੋਂ 11 ਉਮੀਦਵਾਰਾਂ ਤੋਂ ਇਲਾਵਾ ਸਿਆਸੀ ਪਾਰਟੀਆਂ ਦੇ 13 ਸਟਾਫ ਮੈਂਬਰਾਂ ਨੂੰ ਵੀ ਪ੍ਰਭਾਵਤ ਕਰਨ ਦੇ ਯਤਨ ਕੀਤੇ ਗਏ। ਢਾਈ ਲੱਖ ਡਾਲਰ ਦੀ ਰਕਮ ਚੀਨੀ ਮੂਲ ਦੇ ਕੈਨੇਡੀਅਨ ਨਾਗਰਿਕਾਂ ਰਾਹੀਂ 2018 ਅਤੇ 2019 ਵਿਚ ਕੈਨੇਡਾ ਪਹੁੰਚਾਈ ਗਈ ਜਿਨ੍ਹਾਂ ਨੂੰ ਖੁਫੀਆ ਰਿਪੋਰਟ ਵਿਚ ‘ਥਰੈਟ ਐਕਟਰਜ਼’ ਦਾ ਨਾਂ ਦਿਤਾ ਗਿਆ ਹੈ।