Begin typing your search above and press return to search.

ਕੈਨੇਡਾ ’ਚ ਸੈਂਕੜੇ ਪੰਜਾਬੀ ਨੌਜਵਾਨਾਂ ਦਾ ਭਵਿੱਖ ਹਨੇਰੇ ਵਿਚ

ਕੈਨੇਡਾ ਵਿਚ ਸੈਂਕੜੇ ਪੰਜਾਬੀ ਨੌਜਵਾਨਾਂ ਨੂੰ ਵਾਪਸੀ ਦਾ ਜਹਾਜ਼ ਚੜ੍ਹਨ ਲਈ ਮਜਬੂਰ ਕਰ ਦਿਤਾ ਗਿਆ ਹੈ ਅਤੇ ਆਪਣੇ ਸੁਪਨਿਆਂ ਦੇ ਮੁਲਕ ਵਿਚੋਂ ਕੱਢੇ ਜਾਣ ਤੋਂ ਬਚਣ ਲਈ ਉਨ੍ਹਾਂ ਨੇ ਆਰ ਜਾਂ ਪਾਰ ਦਾ ਸੰਘਰਸ਼ ਵਿੱਢ ਦਿਤਾ ਹੈ

ਕੈਨੇਡਾ ’ਚ ਸੈਂਕੜੇ ਪੰਜਾਬੀ ਨੌਜਵਾਨਾਂ ਦਾ ਭਵਿੱਖ ਹਨੇਰੇ ਵਿਚ
X

Upjit SinghBy : Upjit Singh

  |  20 Nov 2025 7:24 PM IST

  • whatsapp
  • Telegram

ਟੋਰਾਂਟੋ : ਕੈਨੇਡਾ ਵਿਚ ਸੈਂਕੜੇ ਪੰਜਾਬੀ ਨੌਜਵਾਨਾਂ ਨੂੰ ਵਾਪਸੀ ਦਾ ਜਹਾਜ਼ ਚੜ੍ਹਨ ਲਈ ਮਜਬੂਰ ਕਰ ਦਿਤਾ ਗਿਆ ਹੈ ਅਤੇ ਆਪਣੇ ਸੁਪਨਿਆਂ ਦੇ ਮੁਲਕ ਵਿਚੋਂ ਕੱਢੇ ਜਾਣ ਤੋਂ ਬਚਣ ਲਈ ਉਨ੍ਹਾਂ ਨੇ ਆਰ ਜਾਂ ਪਾਰ ਦਾ ਸੰਘਰਸ਼ ਵਿੱਢ ਦਿਤਾ ਹੈ। ਉਨਟਾਰੀਓ ਵਿਧਾਨ ਸਭਾ ਦੇ ਬਾਹਰ ਲਗਾਤਾਰ ਤੀਜੇ ਦਿਨ ਵੀ ਰੋਸ ਵਿਖਾਵੇ ਵਿਚ ਸ਼ਾਮਲ ਨੌਜਵਾਨਾਂ ਨੇ ਕਿਹਾ ਕਿ ਅਰਜ਼ੀਆਂ ਉਤੇ ਮੁੜ ਵਿਚਾਰ ਕੀਤੇ ਜਾਣ ਦਾ ਭਰੋਸਾ ਮਿਲਣ ਤੋਂ ਬਾਅਦ ਹੀ ਉਹ ਧਰਨਾ ਖ਼ਤਮ ਕਰਨਗੇ। ਡਗ ਫ਼ੋਰਡ ਸਰਕਾਰ ਵਿਰੁੱਧ ਚੱਲ ਰਹੀ ਨਾਹਰੇਬਾਜ਼ੀ ਦੌਰਾਨ ਪੰਜਾਬੀ ਨੌਜਵਾਨਾਂ ਦੇ ਹੱਕ ਵਿਚ ਹਾਅ ਦਾ ਨਾਹਰਾ ਮਾਰਨ, ਵਿਰੋਧੀ ਧਿਰ ਦੀ ਆਗੂ ਮੈਰਿਟ ਸਟਾਈਲਜ਼ ਵੀ ਪੁੱਜੇ। ‘ਦਾ ਗਲੋਬ ਐਂਡ ਮੇਲ’ ਦੀ ਰਿਪੋਰਟ ਮੁਤਾਬਕ ਧੋਖਾਧੜੀ ਜਾਂ ਗੁੰਮਰਾਹਕੁਨ ਜਾਣਕਾਰੀ ਪੇਸ਼ ਕਰਨ ਦਾ ਦੋਸ਼ ਲਾਉਂਦਿਆਂ ਉਨਟਾਰੀਓ ਇੰਮੀਗ੍ਰੈਂਟ ਨੌਮਿਨੀ ਪ੍ਰੋਗਰਾਮ ਅਧੀਨ ਆਈਆਂ ਸੈਂਕੜੇ ਅਰਜ਼ੀਆਂ ਰੱਦ ਕਰ ਦਿਤੀਆਂ ਗਈਆਂ ਜਦਕਿ ਇਸ ਤੋਂ ਪਹਿਲਾਂ ਸੂਬਾ ਸਰਕਾਰ ਇਕ ਲੱਖ ਹੁਨਰਮੰਦ ਕਾਮਿਆਂ ਦੀ ਜ਼ਰੂਰਤ ਹੋਣ ਦਾ ਰਾਗ ਅਲਾਪ ਰਹੀ ਸੀ।

3 ਦਿਨ ਤੋਂ ਉਨਟਾਰੀਓ ਵਿਧਾਨ ਸਭਾ ਦੇ ਬਾਹਰ ਧਰਨਾ

ਇਸ ਦੇ ਉਲਟ ਪੰਜਾਬੀ ਨੌਜਵਾਨਾਂ ਦੀ ਸ਼ਿਕਾਇਤ ਹੈ ਕਿ ਉਨਟਾਰੀਓ ਸਰਕਾਰ ਨੇ ਉਨ੍ਹਾਂ ਨੂੰ ਦਸਤਾਵੇਜ਼ਾਂ ਦੀ ਤਸਦੀਕ ਕਰਵਾਉਣ ਦਾ ਮੌਕਾ ਹੀ ਨਹੀ ਦਿਤਾ ਅਤੇ ਇਕਪਾਸੜ ਤੌਰ ’ਤੇ ਅਰਜ਼ੀਆਂ ਰੱਦ ਕਰ ਦਿਤੀਆਂ। ਇੰਮੀਗ੍ਰੇਸ਼ਨ ਘੁੰਮਣਘੇਰੀ ਵਿਚ ਫਸੇ ਸੈਂਕੜੇ ਪੰਜਾਬੀ ਨੌਜਵਾਨਾਂ ਵਿਚੋਂ ਇਕ ਜਗਜੀਤ ਸਿੰਘ ਨੇ ਦੱਸਿਆ ਕਿ ਉਹ ਸਟੱਡੀ ਵੀਜ਼ਾ ਜਨਵਰੀ 2021 ਵਿਚ ਕੈਨੇਡਾ ਪੁੱਜਾ ਅਤੇ ਵਰਕ ਪਰਮਿਟ ਮਿਲਣ ਮਗਰੋਂ ਵਿੰਡਸਰ ਦੀ ਇਕ ਕੰਪਨੀ ਵਿਚ ਕਾਰਪੈਂਟਰ ਦੀ ਨੌਕਰੀ ਕਰ ਲਈ। ਜਗਜੀਤ ਸਿੰਘ ਮੁਤਾਬਕ ਉਨਟਾਰੀਓ ਇੰਮੀਗ੍ਰੈਂਟ ਨੌਮਿਨੀ ਪ੍ਰੋਗਰਾਮ ਅਧੀਨ ਦਿਲਚਸਪੀ ਦਾ ਪ੍ਰਗਟਾਵਾ ਕਰਨ ਮਗਰੋਂ ਕਿਰਤ ਮੰਤਰਾਲੇ ਵੱਲੋਂ ਅਰਜ਼ੀ ਦਾਇਰ ਕਰਨ ਦਾ ਸੱਦਾ ਦਿਤਾ ਗਿਆ ਪਰ ਦੋ ਸਾਲ ਅਰਜ਼ੀ ਪ੍ਰਵਾਨ ਹੋਣ ਦੀ ਉਡੀਕ ਕਰਦਾ ਰਿਹਾ ਅਤੇ ਹੁਣ ਥੋਕ ਦੇ ਭਾਅ ਅਰਜ਼ੀਆਂ ਰੱਦ ਹੋਣ ਦਾ ਫੁਰਮਾਨ ਆ ਗਿਆ ਹੈ।

ਆਰ-ਪਾਰ ਦੀ ਲੜਾਈ ਲੜਨ ਦਾ ਕੀਤਾ ਐਲਾਨ

ਉਧਰ ਐਨ.ਡੀ.ਪੀ. ਦੀ ਵਿਧਾਇਕ ਅਲੈਕਸਾ ਗਿਲਮੌਰ ਨੇ ਦੱਸਿਆ ਕਿ ਅਕਤੂਬਰ ਦੇ ਅੰਤ ਤੱਕ ਤਕਰੀਬਨ 2,600 ਐਪੀਲੈਂਕਟਸ ਆਪਣੀ ਅਰਜ਼ੀ ਪ੍ਰਵਾਨ ਹੋਣ ਦੀ ਉਡੀਕ ਕਰ ਰਹੇ ਸਨ। ਅਲੈਕਸਾ ਨੇ ਕਿਹਾ ਕਿ ਖੜ੍ਹੇ ਪੈਰ ਅਰਜ਼ੀਆਂ ਰੱਦ ਕਰਨਾ ਬਿਨੈਕਾਰਾਂ ਵਾਸਤੇ ਤਬਾਹਕੁੰਨ ਸਾਬਤ ਹੋਵੇਗਾ। ਦੂਜੇ ਪਾਸੇ ਕਿਰਤ ਮੰਤਰਾਲੇ ਦੇ ਡਾਇਰੈਕਟਰ ਵੱਲੋਂ ਭੇਜੀ ਈਮੇਲ ਵਿਚ ਕਿਹਾ ਗਿਆ ਹੈ ਕਿ ਸਾਰੇ ਬਿਨੈਕਾਰਾਂ ਦੀ ਫ਼ੀਸ ਵਾਪਸ ਕੀਤੀ ਜਾਵੇਗੀ ਅਤੇ ਯੋਗਤਾ ਸ਼ਰਤਾਂ ਪੂਰੀਆਂ ਕਰਨ ਵਾਲੇ ਉਮੀਦਵਾਰ ਮੁੜ ਅਰਜ਼ੀ ਦਾਇਰ ਕਰ ਸਕਦੇ ਹਨ। ਠੰਢ ਵਿਚ ਖੁੱਲ੍ਹੇ ਅਸਮਾਨ ਹੇਠ ਨਾਹਰੇਬਾਜ਼ੀ ਕਰਦਿਆਂ ਨੌਜਵਾਨਾ ਨੇ ਮੰਗ ਕੀਤੀ ਹੈ ਕਿ ਧੋਖਾਧੜੀ ਦੇ ਸਬੂਤ ਪੇਸ਼ ਕੀਤੇ ਜਾਣ। ਮੁਜ਼ਾਹਰਾਕਾਰੀਆਂ ਵਿਚ ਸ਼ਾਮਲ ਸ਼ਫ਼ਨਾ ਸ਼ਮਸੂਦੀਨ ਨੇ ਦੱਸਿਆ ਕਿ ਉਸ ਨੇ 2021 ਵਿਚ ਬਤੌਰ ਵੈਲਡਰ ਵਾਟਰਲੂ ਦੀ ਕੰਪਨੀ ਵਿਚ ਕੰਮ ਸ਼ੁਰੂ ਕੀਤਾ। ਅਪ੍ਰੈਲ 2024 ਵਿਚ ਓ.ਆਈ.ਐਨ.ਪੀ. ਅਧੀਨ ਅਰਜ਼ੀ ਦਾਖਲ ਕਰਨ ਮਗਰੋਂ ਵਧੇਰੇ ਦਸਤਾਵੇਜ਼ਾਂ ਬਾਰੇ ਸਿਰਫ਼ ਇਕ ਵਾਰ ਕਾਲ ਆਈ।

ਓ.ਐਨ.ਆਈ.ਪੀ. ਅਧੀਨ 2,600 ਅਰਜ਼ੀਆਂ ਹੋਈਆਂ ਰੱਦ

ਮੁਜ਼ਾਹਰੇ ਵਿਚ ਸ਼ਾਮਲ ਸੈਂਕੜੇ ਬਿਨੈਕਾਰ ਇਹੋ ਦਾਅਵਾ ਕਰ ਰਹੇ ਸਨ ਕਿ ਉਨ੍ਹਾਂ ਵੱਲੋਂ ਮੁਹੱਈਆ ਜਾਣਕਾਰੀ ਬਿਲਕੁਲ ਦਰੁਸਤ ਹੈ ਅਤੇ ਸਬੂਤ ਵਜੋਂ ਹਰ ਦਸਤਾਵੇਜ਼ ਪੇਸ਼ ਕਰਨ ਵਾਸਤੇ ਰਾਜ਼ੀ ਹਨ। ਬਰੈਂਟਫਰਡ ਨਾਲ ਸਬੰਧਤ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਇਕ ਸਾਲ ਤੋਂ ਵੱਧ ਸਮੇਂ ਤੋਂ ਅਰਜ਼ੀ ਪ੍ਰਵਾਨ ਹੋਣ ਦੀ ਉਡੀਕ ਕਰ ਰਿਹਾ ਹੈ ਪਰ ਅਚਨਚੇਤ ਅਰਜ਼ੀ ਰੱਦ ਹੋਣ ਦਾ ਸੁਨੇਹਾ ਪੁੱਜ ਗਿਆ। ਗੁਰਪ੍ਰੀਤ ਸਿੰਘ ਨੇ ਮੰਨਿਆ ਕਿ ਕੁਝ ਲੋਕ ਸਿਸਟਮ ਦੀ ਦੁਰਵਰਤੋਂ ਕਰਦੇ ਹਨ ਪਰ ਯੋਗ ਉਮੀਦਵਾਰਾਂ ਨੂੰ ਵੱਖਰੇ ਤੌਰ ’ਤੇ ਵਿਚਾਰਿਆ ਜਾਣਾ ਚਾਹੀਦਾ ਹੈ। ਐਨ.ਡੀ.ਪੀ. ਦੀ ਆਗੂ ਮੈਰਿਟ ਸਟਾਈਲਜ਼ ਨੇ ਮੁਜ਼ਾਹਰਕਾਰੀਆਂ ਨੂੰ ਹੱਲਾਸ਼ੇਰੀ ਦਿਤੀ ਕਿ ਉਨ੍ਹਾਂ ਵਾਸਤੇ ਸੰਘਰਸ਼ ਜਾਰੀ ਰਹੇਗਾ।

Next Story
ਤਾਜ਼ਾ ਖਬਰਾਂ
Share it