ਕੰਜ਼ਰਵੇਟਿਵ ਪਾਰਟੀ ਨੇ ਮਨਾਈ ਦੀਵਾਲੀ ਅਤੇ ਬੰਦੀ ਛੋੜ ਦਿਹਾੜਾ
ਦੀਵਾਲੀ ਅਤੇ ਬੰਦੀ ਛੋੜ ਦਿਹਾੜੇ ਦੇ ਸਬੰਧ ਵਿਚ ਕੰਜ਼ਰਵੇਟਿਵ ਪਾਰਟੀ ਵੱਲੋਂ ਪਾਰਲੀਮੈਂਟ ਹਿਲ ਵਿਖੇ ਖਾਸ ਸਮਾਗਮ ਕਰਵਾਉਂਦਿਆਂ ਪਾਰਟੀ ਆਗੂ ਪਿਅਰੇ ਪੌਇਲੀਐਵ ਦੀ ਸ਼ਮੂਲੀਅਤ ਯਕੀਨੀ ਬਣਾਈ ਗਈ।
By : Upjit Singh
ਔਟਵਾ : ਦੀਵਾਲੀ ਅਤੇ ਬੰਦੀ ਛੋੜ ਦਿਹਾੜੇ ਦੇ ਸਬੰਧ ਵਿਚ ਕੰਜ਼ਰਵੇਟਿਵ ਪਾਰਟੀ ਵੱਲੋਂ ਪਾਰਲੀਮੈਂਟ ਹਿਲ ਵਿਖੇ ਖਾਸ ਸਮਾਗਮ ਕਰਵਾਉਂਦਿਆਂ ਪਾਰਟੀ ਆਗੂ ਪਿਅਰੇ ਪੌਇਲੀਐਵ ਦੀ ਸ਼ਮੂਲੀਅਤ ਯਕੀਨੀ ਬਣਾਈ ਗਈ। ਇਸ ਤੋਂ ਪਹਿਲਾਂ ਇਹ ਰਿਪੋਰਟਾਂ ਆਈਆਂ ਸਨ ਕਿ ਪਿਅਰੇ ਪੌਇਲੀਐਵ ਅਤੇ ਕੰਜ਼ਰਵੇਟਿਵ ਪਾਰਟੀ ਵੱਲੋਂ ਭਾਰਤੀ ਮੂਲ ਦੇ ਲੋਕਾਂ ਨਾਲ ਸਬੰਧਤ ਤਿਉਹਾਰ ਨਾਲ ਸਬੰਧਤ ਸਮਾਗਮਾਂ ਨੂੰ ਰੱਦ ਕਰ ਦਿਤਾ ਗਿਆ ਹੈ। ਕੰਜ਼ਰਵੇਟਿਵ ਪਾਰਟੀ ਦੇ ਐਮ.ਪੀ. ਟਿਮ ਉਪਲ ਅਤੇ ਹੋਰਨਾਂ ਵੱਲੋਂ ਸਾਂਝੀਆਂ ਕੀਤੀਆਂ ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਦੀਵਾਲੀ ਅਤੇ ਬੰਦੀ ਛੋੜ ਦਿਹਾੜੇ ਨਾਲ ਸਬੰਧਤ ਸਮਾਗਮ ਦੌਰਾਨ ਸਭਿਆਚਾਰਕ ਵੰਨਗੀਆਂ ਵੀ ਸ਼ਾਮਲ ਕੀਤੀਆਂ ਗਈਆਂ।
ਪਾਰਲੀਮੈਂਟ ਹਿਲ ’ਤੇ ਸਮਾਗਮ ਵਿਚ ਸ਼ਾਮਲ ਹੋਏ ਪਿਅਰੇ ਪੌਇਲੀਐਵ
ਸਮਾਗਮ ਦੌਰਾਨ ਪਿਅਰੇ ਪੌਇਲੀਐਵ ਵੱਲੋਂ ਆਪਸੀ ਮਿਲਵਰਤਣ ਕਾਇਮ ਰੱਖਣ ’ਤੇ ਜ਼ੋਰ ਦਿਤਾ ਗਿਆ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਇਹ ਰਿਪੋਰਟਾਂ ਸਾਹਮਣੇ ਆਈਆਂ ਸਨ ਕਿ ਕੰਜ਼ਰਵੇਟਿਵ ਪਾਰਟੀ ਵੱਲੋਂ ਪਾਰਲੀਮੈਂਟ ਹਿਲ ’ਤੇ ਕਰਵਾਇਆ ਜਾਣ ਵਾਲਾ ਸਮਾਗਮ ਰੱਦ ਕਰ ਦਿਤਾ ਗਿਆ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਬਰੈਂਪਟਨ ਸਣੇ ਮੁਲਕ ਦੇ ਹੋਰਨਾਂ ਹਿੱਸਿਆ ਵਿਚ ਵਾਪਰੇ ਘਟਨਾਕ੍ਰਮ ਬਾਰੇ ਸੰਸਦ ਵਿਚ ਟਿੱਪਣੀ ਕੀਤੀ ਗਈ। ਟਰੂਡੋ ਨੇ ਕਿਹਾ ਕਿ ਧਾਰਮਿਕ ਥਾਵਾਂ ਦੇ ਬਾਹਰ ਹਿੰਸਾ ਕਰਨ ਵਾਲੇ ਨਾ ਤਾਂ ਸਿੱਖ ਹਨ ਅਤੇ ਨਾ ਹੀ ਹਿੰਦੂ। ਦੂਜੇ ਪਾਸੇ ਭਾਰਤੀ ਮੀਡੀਆ ਵਿਚ ਇਸ ਟਿੱਪਣੀ ਨੂੰ ਵੱਖਰੇ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਟਰੂਡੋ ਨੇ ਸਪੱਸ਼ਟ ਲਫ਼ਜ਼ਾਂ ਵਿਚ ਕਿਹਾ ਕਿ ਕੈਨੇਡਾ ਵਿਚ ਹਿੰਸਾ, ਅਸਹਿਣਸ਼ੀਲਤਾ ਜਾਂ ਸਮਾਜਿਕ ਵੰਡੀਆਂ ਵਾਸਤੇ ਕੋਈ ਥਾਂ ਨਹੀਂ।