ਜਸਟਿਨ ਟਰੂਡੋ ਦੀਆਂ ਅੱਖਾਂ ਵਿਚ ਆਏ ਹੰਝੂ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵੀਰਵਾਰ ਨੂੰ ਮਨ ਭਰ ਆਇਆ ਜਦੋਂ ਆਪਣੇ ਵਿਦਾਇਗੀ ਭਾਸ਼ਣ ਦੌਰਾਨ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ।

ਔਟਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵੀਰਵਾਰ ਨੂੰ ਮਨ ਭਰ ਆਇਆ ਜਦੋਂ ਆਪਣੇ ਵਿਦਾਇਗੀ ਭਾਸ਼ਣ ਦੌਰਾਨ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ। ਟਰੂਡੋ ਨੇ ਸਾਫ਼ ਲਫ਼ਜ਼ਾਂ ਵਿਚ ਆਖ ਦਿਤਾ ਕਿ ਬਤੌਰ ਪ੍ਰਧਾਨ ਮੰਤਰੀ ਉਨ੍ਹਾਂ ਨੇ ਆਪਣੇ ਦਫ਼ਤਰ ਵਿਚ ਹਰ ਵੇਲੇ ਕੈਨੇਡਾ ਵਾਸੀਆਂ ਨੂੰ ਸਭ ਤੋਂ ਅੱਗੇ ਰੱਖਿਆ। ਲੋਕਾਂ ਦਾ ਸਾਥ ਮਿਲਿਆ ਤਾਂ ਹੀ ਐਨਾ ਲੰਮਾ ਸਫਰ ਤੈਅ ਕੀਤਾ ਜਾ ਸਕਿਆ। ਉਨ੍ਹਾਂ ਕਿਹਾ ਕਿ ਆਪਣੀ ਸਰਕਾਰ ਦੇ ਅੰਤਲੇ ਦਿਨਾਂ ਵਿਚ ਵੀ ਉਹ ਕੈਨੇਡਾ ਵਾਲਿਆਂ ਦੀ ਪਿੱਠ ਨਹੀਂ ਲੱਗਣ ਦੇਣਗੇ। ਡੌਨਲਡ ਟਰੰਪ ਵੱਲੋਂ ਪੈਦਾ ਹੋ ਰਹੇ ਖਤਰਿਆਂ ਸਾਹਮਣੇ ਸਾਰੇ ਕੈਨੇਡੀਅਨ ਇਕਜੁਟ ਹਨ ਅਤੇ ਅਗਲੀਆਂ ਚੋਣਾਂ ਦੌਰਾਨ ਕੈਨੇਡਾ ਨੂੰ 51ਵਾਂ ਸੂਬਾ ਕਹਿਣ ਵਾਲਿਆਂ ਨੂੰ ਮੂੰਹਤੋੜ ਜਵਾਬ ਦੇ ਦਿਤਾ ਜਾਵੇਗਾ।
ਦਿਲ ਦੀਆਂ ਗੱਲਾਂ ਸਾਂਝੀਆਂ ਕਰ ਗਏ ਪ੍ਰਧਾਨ ਮੰਤਰੀ
ਜਸਟਿਨ ਟਰੂਡੋ ਨੇ ਆਪਣੇ ਪਿਤਾ ਦਾ ਵਿਰਾਸਤ ਬਾਰੇ ਵੀ ਖਾਸ ਤੌਰ ’ਤੇ ਜ਼ਿਕਰ ਕੀਤਾ ਜਿਨ੍ਹਾਂ ਵੱਲੋਂ ਦੋ ਸਰਕਾਰੀ ਭਾਸ਼ਾਵਾਂ ਅਤੇ ਚਾਰਟਰ ਆਫ਼ ਰਾਈਟਸ ਐਂਡ ਫਰੀਡਮ ਕੈਨੇਡਾ ਵਾਸੀਆਂ ਨੂੰ ਦਿਤੇ ਗਏ। ਉਨ੍ਹਾਂ ਅੱਗੇ ਕਿਹਾ ਕਿ ਨਵਾਂ ਲਿਬਰਲ ਆਗੂ ਚੁਣੇ ਜਾਣ ਮਗਰੋਂ ਉਹ ‘ਕੇਅਰ ਟੇਕਰ’ ਪੀ.ਐਮ. ਵਜੋਂ ਕੰਮ ਕਰਨ ਦਾ ਯਤਨ ਨਹੀਂ ਕਰਨਗੇ। ਬਤੌਰ ਲਿਬਰਲ ਆਗੂ ਟਰੂਡੋ ਦਾ ਸਿਰਫ ਦੋ ਦਿਨ ਦਾ ਕਾਰਜਕਾਲ ਬਾਕੀ ਹੈ ਪਰ ਨਵਾਂ ਪ੍ਰਧਾਨ ਮੰਤਰੀ ਉਨ੍ਹਾਂ ਦੇ ਰਸਮੀ ਅਸਤੀਫ਼ੇ ਤੋਂ ਬਾਅਦ ਹੀ ਅਹੁਦਾ ਸੰਭਾਲ ਸਕਦਾ ਹੈ। ਆਪਣੇ 10 ਸਾਲ ਦੇ ਕਾਰਜਕਾਲ ਦੌਰਾਨ ਆਏ ਉਤਾਰ-ਚੜਾਅ ਦਾ ਜ਼ਿਕਰ ਕਰਦਿਆਂ ਟਰੂਡੋ ਨੇ ਕਿਹਾ, ‘‘ਡੌਨਲਡ ਟਰੰਪ ਨੂੰ ਦੂਜੀ ਵਾਰ ਜਿਤਦਿਆਂ ਦੇਖਿਆ, 100 ਸਾਲ ਵਿਚ ਇਕ ਵਾਰ ਆਉਣ ਵਾਲੀ ਮਹਾਂਮਾਰੀ ਨਾਲ ਦੋ-ਦੋ ਹੱਥ ਕੀਤੇ, ਮਹਿੰਗਾਈ ਦੇ ਸੰਕਟ ਵਿਚੋਂ ਲੰਘੇ ਅਤੇ ਯੂਕਰੇਨ ਉਤੇ ਰੂਸੀ ਹਮਲੇ ਮਗਰੋਂ ਪੈਦਾ ਹੋਈਆਂ ਸਮੱਸਿਆਵਾਂ ਨਾਲ ਨਜਿੱਠਿਆ। ਬਿਨਾਂ ਸ਼ੱਕ ਕਈ ਮੌਕਿਆਂ ’ਤੇ ਹਾਲਾਤ ਗੁੰਝਲਦਾਰ ਬਣ ਗਏ ਪਰ ਆਖਰੀ ਮੌਕੇ ਤੱਕ ਬਤੌਰ ਪ੍ਰਧਾਨ ਮੰਤਰੀ ਮੈਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਤੋਂ ਪਿੱਛੇ ਨਹੀਂ ਹਟਾਂਗਾ।’’ ਟਰੂਡੋ ਨੇ ਅੱਗੇ ਕਿਹਾ ਕਿ ਕੈਨੇਡਾ ਵਾਸੀਆਂ ਦੀ ਸੇਵਾ ਕਰਨਾ ਉਨ੍ਹਾਂ ਦੀ ਜ਼ਿੰਦਗੀ ਦਾ ਵੱਡਾ ਮਾਣ ਹੈ।
ਕੈਨੇਡਾ ਵਾਸੀਆਂ ਨੂੰ ਸਭ ਤੋਂ ਅੱਗੇ ਰੱਖਣ ਦਾ ਕੀਤਾ ਦਾਅਵਾ
ਚਾਈਲਡ ਕੇਅਰ ਦੀ ਗੱਲ ਕਰਦਿਆਂ ਤਾਂ ਉਨ੍ਹਾਂ ਦੀਆਂ ਅੱਖਾਂ ਵਿਚੋਂ ਹੰਝੂ ਵਗ ਤੁਰੇ। ਉਨ੍ਹਾਂ ਕਿਹਾ ਕਿ ਚਾਈਲਡ ਕੇਅਰ ਇਕ ਸਾਫ-ਸੁਥਰਾ ਖੇਤਰ ਹੈ ਜੋ ਸਾਡੇ ਅਰਥਚਾਰੇ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਅਜੋਕੇ ਦੌਰ ਜਿੰਨੀ ਅਹਿਮੀਅਤ ਕਦੇ ਵੀ ਹਾਸਲ ਨਹੀਂ ਕੀਤੀ। ਚਾਈਲਡ ਕੇਅਰ ਪ੍ਰੋਗਰਾਮ ਰਾਹੀਂ ਮਹਿੰਗਾਈ ਦੇ ਸੰਕਟ ਦੌਰਾਨ ਪਰਵਾਰਾਂ ਨੂੰ ਮਦਦ ਮਿਲੀ ਅਤੇ ਇਸ ਨੇ ਰਿਸੈਸ਼ਨ ਨੂੰ ਦੂਰ ਰੱਖਣ ਵਿਚ ਵੀ ਮਦਦ ਕੀਤੀ। ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਮੌਜੂਦਾ ਵਰ੍ਹੇ ਦੌਰਾਨ ਡੇਢ ਲੱਖ ਨਵੀਆਂ ਚਾਈਲਡ ਕੇਅਰ ਸਪੇਸਿਜ਼ ਸਿਰਜੀਆਂ ਜਾਣਗੀਆਂ ਜਾਂ ਫੰਡ ਮੁਹੱਈਆ ਕਰਵਾਏ ਜਾਣਗੇ। ਸਿਰਫ ਐਨਾ ਹੀ ਨਹੀਂ ਅਗਲੇ ਵਰ੍ਹੇ ਤੱਕ ਸਰਕਾਰ ਇਕ ਲੱਖ ਹੋਰ ਚਾਈਲਡ ਕੇਅਰ ਸਪੇਸਿਜ਼ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਵੇਲੇ ਕੈਨੇਡਾ ਪੱਧਰੀ ਚਾਈਲਡ ਕੇਅਰ ਪ੍ਰੋਗਰਾਮ ਚੱਲ ਰਿਹਾ ਹੈ ਪਰ ਮਾਪਿਆਂ ਦੇ ਮਨ ਵਿਚ ਚਿੰਤਾ ਪੈਦਾ ਹੋ ਰਹੀ ਹੈ ਕਿ ਸੂਬਾ ਸਰਕਾਰਾਂ ਨਾਲ ਸਮਝੌਤਿਆਂ ਦੀ ਮਿਆਦ ਲੰਘਣ ਮਗਰੋਂ ਅਗਲੇ ਸਾਲ ਕੀ ਹੋਵੇਗਾ। ਪ੍ਰਧਾਨ ਮੰਤਰੀ ਨੇ ਦਲੀਲ ਦਿਤੀ ਕਿ ਕਿਸੇ ਵੇਲੇ ਲਿਬਰਲ ਸਰਕਾਰ ਦੇ ਚਾਈਲਡ ਕੇਅਰ ਪ੍ਰੋਗਰਾਮ ਨੂੰ ਭੰਡਿਆ ਗਿਆ ਪਰ ਹਾਊਸ ਆਫ਼ ਕਾਮਨਜ਼ ਵਿਚ ਚਾਈਲਡ ਕੇਅਰ ਬਿਲ ਆਉਣ ’ਤੇ ਕੰਜ਼ਰਵੇਟਿਵ ਪਾਰਟੀ ਵੀ ਹਮਾਇਤ ਕਰਨ ਲਈ ਮਜਬੂਰ ਹੋ ਗਈ। ਹੁਣ ਪਿਅਰੇ ਪੌਇਲੀਐਵ ਅਤੇ ਉਨ੍ਹਾਂ ਦੇ ਸਾਥੀ ਕਹਿ ਰਹੇ ਹਨ ਕਿ ਟੋਰੀ ਸਰਕਾਰ ਆਉਣ ’ਤੇ ਤਬਦੀਲੀਆਂ ਕੀਤੀਆਂ ਜਾਣਗੀਆਂ। ਇਥੇ ਦਸਣਾ ਬਣਦਾ ਹੈ ਕਿ ਟਰੂਡੋ ਦੀ ਇਸ ਪ੍ਰੈਸ ਕਾਨਫਰੰਸ ਨੂੰ ਬਤੌਰ ਪ੍ਰਧਾਨ ਮੰਤਰੀ ਉਨ੍ਹਾਂ ਦੀ ਅੰਤਮ ਪ੍ਰੈਸ ਕਾਨਫਰੰਸ ਵੀ ਮੰਨਿਆ ਗਿਆ।