ਸਰੀ ਦੇ ਜਸ਼ਨ ਵਿਰਕ ਵਿਰੁੱਧ ਲੱਗੇ ਵੱਡਾ ਹਾਦਸਾ ਕਰਨ ਦੇ ਦੋਸ਼
ਡੈਲਟਾ ਪੁਲਿਸ ਵੱਲੋਂ ਸਰੀ ਦੇ ਜਸ਼ਨ ਵਿਰਕ ਵਿਰੁੱਧ ਨਸ਼ੇ ਵਿਚ ਗੱਡੀ ਚਲਾਉਂਦਿਆਂ ਵੱਡਾ ਹਾਦਸਾ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ।
By : Upjit Singh
ਸਰੀ : ਡੈਲਟਾ ਪੁਲਿਸ ਵੱਲੋਂ ਸਰੀ ਦੇ ਜਸ਼ਨ ਵਿਰਕ ਵਿਰੁੱਧ ਨਸ਼ੇ ਵਿਚ ਗੱਡੀ ਚਲਾਉਂਦਿਆਂ ਵੱਡਾ ਹਾਦਸਾ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। 25 ਅਕਤੂਬਰ 2023 ਨੂੰ ਵਾਪਰੇ ਹਾਦਸੇ ਦੌਰਾਨ ਐਕਿਊਰਾ ਆਰ.ਐਸ.ਐਕਸ. ਦੇ ਪਰਖੱਚੇ ਉਡ ਗਏ ਸਨ ਅਤੇ ਦੋ ਜਣਿਆਂ ਨੂੰ ਗੰਭੀਰ ਸੱਟਾਂ ਵੱਜੀਆਂ। ਡੈਲਟਾ ਪੁਲਿਸ ਨੇ ਦੱਸਿਆ ਕਿ ਹਾਦਸਾ ਐਨਾ ਖਤਰਨਾਕ ਸੀ ਕਿ ਦੋ ਜਣਿਆਂ ਦੀ ਜ਼ਿੰਦਗੀ ਸਦਾ ਵਾਸਤੇ ਬਦਲ ਗਈ। ਗੱਡੀ ਦੀ ਪਿਛਲੀ ਸੀਟ ’ਤੇ ਬੈਠੇ ਇਕ ਸ਼ਖਸ ਦੀ ਹਾਲਤ ਅਧਰੰਗ ਵਾਲੇ ਮਰੀਜ਼ ਵਰਗੀ ਹੋ ਗਈ ਜਦਕਿ ਦੂਜੇ ਦਾ ਚੂਲਾ ਟੁੱਟ ਗਿਆ ਅਤੇ ਰੀੜ ਦੀ ਹੱਡੀ ਨੂੰ ਵੀ ਨੁਕਸਾਨ ਪੁੱਜਾ।
ਅਕਤੂਬਰ 2023 ਵਿਚ ਹਾਦਸੇ ਦੌਰਾਨ ਗੱਡੀ ਦੇ ਉਡ ਗਏ ਸਨ ਪਰਖੱਚੇ
ਡੈਲਟਾ ਦੇ ਵਾਟਰਸ਼ੈੱਡ ਪਾਰਕ ਨੇੜੇ ਦਰੱਖਤਾਂ ਵਿਚ ਵੱਜੀ ਕਾਰ ਬੁਰੀ ਤਰ੍ਹਾਂ ਉਲਝ ਗਈ ਅਤੇ ਇਸ ਦੇ ਛੱਤ ਨਜ਼ਰ ਹੀ ਨਹੀਂ ਸੀ ਆ ਰਹੀ। ਇਸ ਤੋਂ ਪਹਿਲਾਂ ਕਿ ਐਮਰਜੰਸੀ ਕਾਮੇ ਪੁੱਜਦੇ, ਗੱਡੀ ਦਾ ਡਰਾਈਵਰ ਅਤੇ ਉਸ ਦੇ ਨਾਲ ਬੈਠਾ ਸ਼ਖਸ ਮੌਕੇ ਤੋਂ ਫਰਾਰ ਹੋ ਗਏ। ਲੰਮੀ ਅਤੇ ਡੂੰਘਾਈ ਨਾਲ ਕੀਤੀ ਪੜਤਾਲ ਮਗਰੋਂ ਦਸੰਬਰ 2024 ਵਿਚ ਦੋਸ਼ਾਂ ਨੂੰ ਪ੍ਰਵਾਨਗੀ ਦਿਤੀ ਗਈ। 29 ਸਾਲ ਦੇ ਜਸ਼ਨ ਵਿਰਕ ਵਿਰੁੱਧ ਸਰੀਰਕ ਨੁਕਸਾਨ ਪਹੁੰਚਾਉਣ ਵਾਲੇ ਹਾਦਸੇ ਮਗਰੋਂ ਮੌਕੇ ’ਤੇ ਮੌਜੂਦ ਨਾ ਰਹਿਣ ਦੇ ਦੋ ਦੋਸ਼ ਅਤੇ ਨਸ਼ੇ ਵਿਚ ਗੱਡੀ ਚਲਾਉਂਦਿਆਂ ਸਰੀਰਕ ਨੁਕਸਾਨ ਪਹੁੰਚਾਉਣ ਦੇ ਦੋਸ਼ ਆਇਦ ਕਰਦਿਆਂ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਅਦਾਲਤ ਵਿਚ ਅਗਲੀ ਪੇਸ਼ੀ ਤੱਕ ਜਸ਼ਨ ਵਿਰਕ ਨੂੰ ਜ਼ਮਾਨਤ ’ਤੇ ਰਿਹਾਈ ਦੇ ਦਿਤੀ ਗਈ।