Canada ਵਿਚ Punjabi ਮੂਲ ਦੇ ਐਮ.ਪੀ. ਦਾ ਹੈਰਾਨਕੁੰਨ ਖੁਲਾਸਾ
ਕੈਨੇਡਾ ਵਿਚ ਪੰਜਾਬੀ ਮੂਲ ਦੇ ਐਮ.ਪੀ. ਨੇ ਹੈਰਾਨਕੁੰਨ ਖੁਲਾਸਾ ਕਰਦਿਆਂ ਕਿਹਾ ਹੈ ਕਿ ਸੱਤਾਧਾਰੀ ਧਿਰ ਉਨ੍ਹਾਂ ਉਤੇ ਪਾਰਟੀ ਬਦਲਣ ਦਾ ਦਬਾਅ ਪਾ ਰਹੀ ਹੈ

By : Upjit Singh
ਬਰੈਂਪਟਨ : ਕੈਨੇਡਾ ਵਿਚ ਪੰਜਾਬੀ ਮੂਲ ਦੇ ਐਮ.ਪੀ. ਨੇ ਹੈਰਾਨਕੁੰਨ ਖੁਲਾਸਾ ਕਰਦਿਆਂ ਕਿਹਾ ਹੈ ਕਿ ਸੱਤਾਧਾਰੀ ਧਿਰ ਉਨ੍ਹਾਂ ਉਤੇ ਪਾਰਟੀ ਬਦਲਣ ਦਾ ਦਬਾਅ ਪਾ ਰਹੀ ਹੈ ਅਤੇ ਪਿਛਲੇ ਕਈ ਹਫ਼ਤੇ ਤੋਂ ਲਿਬਰਲ ਆਗੂ ਉਨ੍ਹਾਂ ਨੂੰ ਟੋਹਣ ਦੇ ਯਤਨ ਕਰ ਰਹੇ ਹਨ ਪਰ ਉਨ੍ਹਾਂ ਵੱਲੋਂ ਕੰਜ਼ਰਵੇਟਿਵ ਪਾਰਟੀ ਛੱਡਣ ਦਾ ਕੋਈ ਇਰਾਦਾ ਨਹੀਂ। ਬਰੈਂਪਟਨ ਵੈਸਟ ਤੋਂ ਐਮ.ਪੀ. ਅਮਰਜੀਤ ਗਿੱਲ ਨੇ ਸੋਸ਼ਲ ਮੀਡੀਆ ਰਾਹੀਂ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਲਿਬਰਲ ਪਾਰਟੀ ਸੰਸਦ ਵਿਚ ਬਹੁਮਤ ਹਾਸਲ ਕਰਨਾ ਚਾਹੁੰਦੀ ਹੈ ਪਰ ਉਹ ਬਰੈਂਪਟਨ ਵੈਸਟ ਹਲਕੇ ਦੇ ਲੋਕਾਂ ਨਾਲ ਧੋਖਾ ਨਹੀਂ ਕਰਨਗੇ। ਹਲਕੇ ਦੇ ਲੋਕਾਂ ਨੇ ਕੈਨੇਡੀਅਨ ਸੰਸਦ ਵਿਚ ਆਪਣੀ ਆਵਾਜ਼ ਬੁਲੰਦ ਕਰਨ ਖ਼ਾਤਰ ਉਨ੍ਹਾਂ ਨੂੰ ਚੁਣਿਆ ਅਤੇ ਉਹ ਆਪਣੀ ਜ਼ਿੰਮੇਵਾਰੀ ਪੂਰਨ ਤਨਦੇਹੀ ਨਾਲ ਨਿਭਾਉਣਗੇ।
ਲਿਬਰਲ ਪਾਰਟੀ ਵਾਲੇ ਪਾਲਾ ਬਦਲਣ ਲਈ ਪਾ ਰਹੇ ਦਬਾਅ
ਅਮਰਜੀਤ ਗਿੱਲ ਨੇ ਅੱਗੇ ਕਿਹਾ ਕਿ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਅਤੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋਣ ’ਤੇ ਉਹ ਮਾਣ ਮਹਿਸੂਸ ਕਰਦੇ ਹਨ ਅਤੇ ਲੋਕ ਮਸਲਿਆਂ ਨੂੰ ਹਮੇਸ਼ਾ ਤਰਜੀਹ ਦਿਤੀ ਜਾਵੇਗੀ। ਅਮਰਜੀਤ ਗਿੱਲ ਦਾ ਕਹਿਣਾ ਸੀ ਕਿ ਆਪਣੇ ਹਲਕੇ ਅਤੇ ਮੁਲਕ ਵਿਚ ਸੁਰੱਖਿਅਤ ਸਟ੍ਰੀਟਸ, ਕਿਫ਼ਾਇਤੀ ਮਕਾਨਾਂ, ਸੁਰੱਖਿਅਤ ਸਰਹੱਦਾਂ ਅਤੇ ਖੁਦਮੁਖਤਿਆ ਕੈਨੇਡਾ ਵਿਚ ਮੋਟੀਆਂ ਤਨਖਾਹਾਂ ਲਈ ਹਮੇਸ਼ਾ ਆਵਾਜ਼ ਬੁਲੰਦ ਕਰਦੇ ਰਹਿਣਗੇ। ਦੱਸ ਦੇਈਏ ਕਿ ਅਮਰਜੀਤ ਗਿੱਲ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ ਦੇ ਵਰਨਨ-ਲੇਕ ਕੰਟਰੀ-ਮੋਨਸ਼ੀ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਦੇ ਐਮ.ਪੀ ਸਕੌਟ ਐਂਡਰਸਨ ਨੇ ਦਾਅਵਾ ਕੀਤਾ ਸੀ ਕਿ ਲਿਬਰਲ ਪਾਰਟੀ ਵਾਲੇ ਉਨ੍ਹਾਂ ਨੂੰ ਪਾਲਾ ਬਦਲਣ ਲਈ ਲੁਭਾਉਣ ਦੇ ਯਤਨ ਕਰ ਰਹੇ ਹਨ।
ਅਮਰਜੀਤ ਗਿੱਲ ਨੇ ਕੰਜ਼ਰਵੇਟਿਵ ਪਾਰਟੀ ਛੱਡਣ ਤੋਂ ਕੀਤੀ ਸਾਫ਼ ਨਾਂਹ
ਅਮਰਜੀਤ ਗਿੱਲ ਦੀ ਪੋਸਟ ਸਾਹਮਣੇ ਆਉਣ ਮਗਰੋਂ ਕੁਝ ਤਲਖ਼ ਟਿੱਪਣੀਆਂ ਵੀ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਮੰਤਰੀ ਦੀ ਕੁਰਸੀ ਮਿਲ ਜਾਂਦੀ ਤਾਂ ਪਾਰਟੀ ਬਦਲੀ ਜਾ ਸਕਦੀ ਸੀ। ਅਮਰਜੀਤ ਗਿੱਲ ਨੇ ਆਮ ਚੋਣਾਂ ਦੌਰਾਨ ਬਰੈਂਪਟਨ ਵੈਸਟ ਹਲਕੇ ਤੋਂ ਲਿਬਰਲ ਉਮੀਦਵਾਰ ਕਮਲ ਖਹਿਰਾ ਨੂੰ ਫ਼ਸਵੇਂ ਮੁਕਾਬਲੇ ਵਿਚ ਹਰਾਇਆ ਅਤੇ ਬਰੈਂਪਟਨ ਸ਼ਹਿਰ ਤੋਂ ਟੋਰੀਆਂ ਦੇ ਇਕੋ ਇਕ ਐਮ.ਪੀ. ਹਨ। ਇਸ ਤੋਂ ਪਹਿਲਾਂ ਨਵੰਬਰ ਵਿਚ ਕ੍ਰਿਸ ਡੈਂਟਰੇਮੌਂਟ ਅਤੇ ਦਸੰਬਰ ਵਿਚ ਮਾਈਕਲ ਮਾਅ ਕੰਜ਼ਰਵੇਟਿਵ ਪਾਰਟੀ ਛੱਡ ਕੇ ਲਿਬਰਲ ਪਾਰਟੀ ਵਿਚ ਸ਼ਾਮਲ ਹੋ ਚੁੱਕੇ ਹਨ ਅਤੇ ਪਾਰਲੀਮੈਂਟ ਵਿਚ ਬਹੁਮਤ ਲਈ ਲਿਬਰਲਾਂ ਨੂੰ ਸਿਰਫ਼ ਇਕ ਐਮ.ਪੀ. ਦੀ ਜ਼ਰੂਰਤ ਹੈ। ਉਧਰ ਐਂਡਰਸਨ ਨੇ ਦੋਸ਼ ਲਾਇਆ ਕਿ ਲਿਬਰਲ ਸਰਕਾਰ ਝੂਠੇ ਦਾਅਵਾ ਕਰ ਰਹੀ ਹੈ ਅਤੇ ਕੰਜ਼ਰਵੇਟਿਵ ਪਾਰਟੀ ਵਿਚ ਪਿਅਰੇ ਪੌਇਲੀਐਵ ਦੀ ਲੀਡਰਸ਼ਿਪ ਉਤੇ ਸਵਾਲ ਉਠਣ ਦਾ ਬੇਬੁਨਿਆਦ ਬਿਰਤਾਂਤ ਸਿਰਜਿਆ ਗਿਆ ਹੈ।


