ਬੀ.ਸੀ. ਦੇ ਹਸਪਤਾਲ ਲਈ ਸਾਊਥ ਏਸ਼ੀਅਨਜ਼ ਵੱਲੋਂ ਵੱਡਾ ਯੋਗਦਾਨ
ਬੀ.ਸੀ. ਦੇ ਲੈਂਗਲੀ ਮੈਮੋਰੀਅਲ ਹਸਪਤਾਲ ਵਿਚ ਸਿਹਤ ਸਹੂਲਤਾਂ ਹੋਰ ਬਿਹਤਰ ਬਣਾਉਣ ਦੇ ਮਕਸਦ ਤਹਿਤ ਸਾਊਥ ਏਸ਼ੀਅਨ ਭਾਈਚਾਰੇ ਵੱਲੋਂ ਗੁਰੂ ਨਾਨਕ ਐਂਡਾਓਮੈਂਟ ਫੰਡ ਰਾਹੀਂ 3 ਲੱਖ ਡਾਲਰ ਇਕੱਤਰ ਕੀਤੇ ਗਏ।

By : Upjit Singh
ਲੈਂਗਲੀ : ਬੀ.ਸੀ. ਦੇ ਲੈਂਗਲੀ ਮੈਮੋਰੀਅਲ ਹਸਪਤਾਲ ਵਿਚ ਸਿਹਤ ਸਹੂਲਤਾਂ ਹੋਰ ਬਿਹਤਰ ਬਣਾਉਣ ਦੇ ਮਕਸਦ ਤਹਿਤ ਸਾਊਥ ਏਸ਼ੀਅਨ ਭਾਈਚਾਰੇ ਵੱਲੋਂ ਗੁਰੂ ਨਾਨਕ ਐਂਡਾਓਮੈਂਟ ਫੰਡ ਰਾਹੀਂ 3 ਲੱਖ 31 ਹਜ਼ਾਰ ਡਾਲਰ ਇਕੱਤਰ ਕੀਤੇ ਗਏ। ਕਲੋਵਰਡੇਲ ਦੇ ਮਿਰਾਜ ਬੈਂਕੁਇਟ ਹਾਲ ਵਿਖੇ 250 ਤੋਂ ਵੱਧ ਲੋਕਾਂ ਦੇ ਇਕੱਠ ਦੌਰਾਨ ਭਾਈਚਾਰੇ ਦੇ ਲੋਕਾਂ ਨੇ ਦਿਲ ਖੋਲ੍ਹ ਕੇ ਯੋਗਦਾਨ ਪਾਇਆ। ਗੁਰੂ ਨਾਨਕ ਸਾਹਿਬ ਵੱਲੋਂ ਦਿਖਾਏ ਰਾਹ ’ਤੇ ਅੱਗੇ ਵਧਦਿਆਂ ਲਗਾਤਾਰ 6ਵੇਂ ਵਰ੍ਹੇ ਦੌਰਾਨ ਹਸਪਤਾਲ ਵਿਚ ਲੋੜੀਂਦੇ ਸਾਜ਼ੋ ਸਮਾਨ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ਦੌਰਾਨ ਸਮਾਜ ਦਾ ਕੋਈ ਵਰਗ ਪਿੱਛੇ ਨਹੀਂ ਰਿਹਾ। ਲੈਂਗਲੀ ਕਮਿਊਨਿਟੀ ਹੈਲਥ ਐਂਡ ਹੌਸਪੀਟਲ ਫਾਊਂਡੇਸ਼ਨ ਦੀ ਕਾਰਜਕਾਰੀ ਡਾਇਰੇਕਟਰ ਹੈਦਰ ਸਕੌਟ ਨੇ ਕਿਹਾ ਕਿ 2019 ਤੋਂ ਗੁਰੂ ਨਾਨਕ ਐਂਡਾਓਮੈਂਟ ਫੰਡ ਵਿਚ ਯੋਗਦਾਨ ਪਾਉਣ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।
ਗੁਰੂ ਨਾਨਕ ਐਂਡਾਓਮੈਂਟ ਫੰਡ ਰਾਹੀਂ 3 ਲੱਖ 31 ਹਜ਼ਾਰ ਡਾਲਰ ਇਕੱਤਰ
ਅਜੋਕੇ ਦੌਰ ਵਿਚ ਸਮਾਜ ਸੇਵਾ ਦਾ ਜਜ਼ਬਾ ਆਉਣ ਵਾਲੇ ਸਮੇਂ ਦੌਰਾਨ ਮਰੀਜ਼ਾਂ ਵਾਸਤੇ ਬਿਹਤਰ ਤੋਂ ਬਿਹਤਰ ਸਹੂਲਤਾਂ ਦਾ ਸਬੱਬ ਬਣੇਗਾ। ਗੁਰੂ ਨਾਨਕ ਐਂਡਾਓਮੈਂਅ ਫੰਡ ਰਾਹੀਂ ਸਥਾਨਕ ਸਿਹਤ ਸੇਵਾਵਾਂ ਵਿਚ ਸੁਧਾਰ ਦਾ ਟੀਚਾ ਇਕ ਅਮੀਰ ਵਿਰਸੇ ਵੱਲ ਇਸ਼ਾਰਾ ਕਰਦਾ ਹੈ। ਇਸ ਵਾਰ ਦੇ ਸਮਾਗਮ ਦੌਰਾਨ 13 ਹਜ਼ਾਰ ਅਤੇ 13 ਡਾਲਰ ਦੀ ਰਕਮ ਦਾਨ ਦੇਣ ਵਾਲੇ 13 ਦਾਨੀ ਸੱਜਣਾਂ ਨੂੰ ਗੁਰੂ ਨਾਨਕ ਐਂਡਾਓਮੈਂਟ ਫੰਡ ਦੇ ਬਾਨੀ ਡੋਨਰਜ਼ ਵਜੋਂ ਯਾਦਗਾਰੀ ਸਿੱਕੇ ਭੇਟ ਕੀਤੇ ਗਏ। ਕਲਾਈਮੇਟ ਚੇਂਜ ਐਡਵੋਕੇਟ ਅਤੇ ਸਾਬਕਾ ਮਿਸ ਫੰਡਰੇਜ਼ਰ ਕੈਨੇਡਾ ਸੁਹਾਨਾ ਗਿੱਲ ਨੇ ਦੱਸਿਆ ਕਿ ਸਮਾਗਮ ਦੌਰਾਨ ਚਾਂਦਨੀ ਗਰੁੱਪ ਅਤੇ ਰਾਯਲ ਅਕੈਡਮੀ ਪੰਜਾਬ ਦੀਆਂ ਟੀਮਾਂ ਨੇ ਸਭਿਆਚਾਰਕ ਪੇਸ਼ਕਾਰੀਆਂ ਰਾਹੀਂ ਮਹਿਮਾਨਾਂ ਵਿਚ ਨਵਾਂ ਜੋਸ਼ ਭਰ ਦਿਤਾ। ਗਿਵਿੰਗ ਹਾਰਟਸ ਗਾਲਾ ਕਮੇਟੀ ਦੇ ਮੁਖੀ ਬੌਬ ਸੰਘਾ ਦਾ ਕਹਿਣਾ ਸੀ ਕਿ ਲੈਂਗਲੀ ਦੀ ਵਸੋਂ ਵਿਚ ਹੋ ਰਹੇ ਵਾਧੇ ਨੂੰ ਵੇਖਦਿਆਂ ਅਰਜੈਂਟ ਹੈਲਥ ਕੇਅਰ ਜ਼ਰੂਰਤਾਂ ਵਿਚ ਵੀ ਵਾਧਾ ਹੋ ਰਿਹਾ ਹੈ। ਇਨ੍ਹਾਂ ਚੁਣੌਤੀਆਂ ਦੇ ਟਾਕਰੇ ਲਈ ਲੈਂਗਲੀ ਮੈਮੋਰੀਅਲ ਹਸਪਤਾਲ ਦੀਆਂ ਟੀਮਾਂ ਕੋਲ ਹਰ ਆਧੁਨਿਕ ਸਾਜ਼ੋ ਸਮਾਨ ਮੌਜੂਦ ਹੋਣਾ ਲਾਜ਼ਮੀ ਹੈ।
ਭਾਈਚਾਰੇ ਨੇ ਸੇਵਾ ਦੇ ਸਿਧਾਂਤ ਨੂੰ ਅਪਣਾਇਆ
ਉਨ੍ਹਾਂ ਅੱਗੇ ਕਿਹਾ ਕਿ ਗੁਰੂ ਨਾਨਕ ਐਂਡਾਓਮੈਂਟ ਫੰਡ ਸਾਡੇ ਭਾਈਚਾਰੇ ਅੰਦਰ ਸਿਹਤ ਸਹੂਲਤਾਂ ਨੂੰ ਆਧੁਨਿਕ ਰੂਪ ਦੇਣ ਖਾਤਰ ਪੈਦਾ ਹੋਏ ਜਜ਼ਬੇ ਨੂੰ ਦਰਸਾਉਂਦਾ ਹੈ ਅਤੇ ਬਾਬਾ ਨਾਨਕ ਦੇ ਸੇਵਾ ਦੇ ਸਿਧਾਂਤ ਨੂੰ ਅਪਣਾਉਂਦਿਆਂ ਸਮੁੱਚਾ ਸਮਾਜ ਇਥੇ ਇਕੱਤਰ ਹੋਇਆ ਹੈ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਸਾਲ ਲੈਂਗਲੀ ਮੈਮੋਰੀਅਲ ਹਸਪਤਾਲ ਵਾਸਤੇ 2 ਲੱਖ 60 ਹਜ਼ਾਰ ਡਾਲਰ ਇਕੱਤਰ ਕੀਤੇ ਗਏ ਸਨ। ਗਿਵਿੰਗ ਹਾਰਟਸ ਗਾਲਾ ਡੋਨਰ ਕਮਿਊਨਿਟੀ ਵੱਲੋਂ ਹੁਣ ਤੱਕ 15 ਲੱਖ ਡਾਲਰ ਦੀ ਰਕਮ ਇਕੱਤਰ ਕਰਦਿਆਂ ਲੈਂਗਲੀ ਮੈਮੋਰੀਅਲ ਹਸਪਤਾਲ ਦੇ ਮਾਰਟਿਨੀ ਫੈਮਿਲੀ ਐਮਰਜੰਸੀ ਸੈਂਟਰ ਦੀ ਸਿਰਜਣਾ ਵਿਚ ਵੱਡਾ ਯੋਗਦਾਨ ਪਾਇਆ ਜਾ ਚੁੱਕਾ ਹੈ। ਐਮਰਜੰਸੀ ਸੈਂਟਰ ਵਿਚ ਜਿਥੇ ਬਜ਼ੁਰਗਾਂ ਵਾਸਤੇ ਖਾਸ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ, ਉਥੇ ਹੀ ਨਵਜੰਮੇ ਬੱਚਿਆਂ ਦੀ ਸੰਭਾਲ ਵਾਸਤੇ ਆਧੁਨਿਕ ਮਸ਼ੀਨਾਂ ਸਥਾਪਤ ਕੀਤੀਆਂ ਗਈਆਂ ਹਨ।


