ਕੈਨੇਡਾ ਵਿਚ ਸਾਊਥ ਏਸ਼ੀਅਨ ਔਰਤ ਹੋਈ ਅਗਵਾ
ਕੈਨੇਡਾ ਦੇ ਬੀ.ਸੀ. ਵਿਚ ਇਕ ਸਾਊਥ ਏਸ਼ੀਅਨ ਔਰਤ ਨੂੰ ਜ਼ਬਰਦਸਤੀ ਚੁੱਕ ਕੇ ਲਿਜਾਣ ਦੀ ਵੀਡੀਓ ਜਾਰੀ ਕਰਦਿਆਂ ਐਬਸਫੋਰਡ ਪੁਲਿਸ ਵੱਲੋਂ ਲੋਕਾਂ ਤੋਂ ਮਦਦ ਮੰਗੀ ਗਈ ਹੈ।

By : Upjit Singh
ਐਬਸਫੋਰਡ : ਕੈਨੇਡਾ ਦੇ ਬੀ.ਸੀ. ਵਿਚ ਇਕ ਸਾਊਥ ਏਸ਼ੀਅਨ ਔਰਤ ਨੂੰ ਜ਼ਬਰਦਸਤੀ ਚੁੱਕ ਕੇ ਲਿਜਾਣ ਦੀ ਵੀਡੀਓ ਜਾਰੀ ਕਰਦਿਆਂ ਐਬਸਫੋਰਡ ਪੁਲਿਸ ਵੱਲੋਂ ਲੋਕਾਂ ਤੋਂ ਮਦਦ ਮੰਗੀ ਗਈ ਹੈ। ਪੁਲਿਸ ਮੁਤਾਬਕ ਐਤਵਾਰ ਰਾਤ ਤਕਰੀਬਨ 9.13 ਵਜੇ ਮਕੈਲਮ ਰੋਡ ਦੇ ਇਕ ਪਾਰਕਿੰਗ ਲਾਟ ਵਿਚ ਇਕ ਔਰਤ ਵੱਲੋਂ ਚੀਕਾਂ ਮਾਰਨ ਦੀ ਇਤਲਾਹ ਗਸ਼ਤ ਕਰ ਰਹੇ ਅਫ਼ਸਰਾਂ ਨੂੰ ਮਿਲੀ।
ਐਬਸਫੋਰਡ ਪੁਲਿਸ ਕਰ ਰਹੀ ਸ਼ੱਕੀ ਦੀ ਭਾਲ
ਕਾਲ ਕਰਨ ਵਾਲੇ ਨੇ ਦੱਸਿਆ ਕਿ 20-25 ਸਾਲ ਦੀ ਇਕ ਸਾਊਥ ਏਸ਼ੀਅਨ ਔਰਤ ਖੁਦ ਨੂੰ ਇਕ ਮਰਦ ਤੋਂ ਦੂਰ ਕਰਨ ਦਾ ਯਤਨ ਕਰ ਰਹੀ ਸੀ ਪਰ ਉਹ ਵਾਰ ਵਾਰ ਉਸ ਨੂੰ ਖਿੱਚ ਕੇ ਹਰੇ ਰੰਗ ਦੇ ਫੌਰਡ ਪਿਕਅੱਪ ਟਰੱਕ ਵੱਲ ਲਿਜਾ ਰਿਹਾ ਸੀ। ਪੁਲਿਸ ਅਫ਼ਸਰ ਮੌਕਾ ਏ ਵਾਰਦਾਤ ’ਤੇ ਪੁੱਜੇ ਪਰ ਉਸ ਵੇਲੇ ਤੱਕ ਪਿਕਅੱਪ ਟਰੱਕ ਉਥੋਂ ਜਾ ਚੁੱਕਾ ਸੀ। ਪੁਲਿਸ ਵੱਲੋਂ ਆਲੇ ਦੁਆਲੇ ਦੇ ਇਲਾਕੇ ਵਿਚ ਉਸ ਦੀ ਭਾਲ ਕੀਤੀ ਗਈ ਪਰ ਕੋਈ ਉਘ ਸੁੱਘ ਨਾ ਲੱਗ ਸਕੀ।
ਲੋਕਾਂ ਨੂੰ ਮਦਦ ਲਈ ਅੱਗੇ ਆਉਣ ਦੀ ਕੀਤੀ ਅਪੀਲ
ਸੋਮਵਾਰ ਨੂੰ ਪੁਲਿਸ ਨੇ ਪਾਰਕਿੰਗ ਲਾਟ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਹਾਸਲ ਕਰਦਿਆਂ ਇਸ ਨੂੰ ਜਨਤਕ ਕਰ ਦਿਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਘਟਨਾ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ ਉਹ ਜਾਂਚਕਰਤਾਵਾਂ ਨਾਲ 604 859 5225 ’ਤੇ ਸੰਪਰਕ ਕਰੇ। ਪੁਲਿਸ ਨੇ ਪਿਕਅੱਪ ਟਰੱਕ ਦੇ ਡਰਾਈਵਰ ਦਾ ਹੁਲੀਆ ਜਾਰੀ ਕਰਦਿਆਂ ਦੱਸਿਆ ਕਿ ਉਸ ਦਾ ਸਰੀਰ ਪਤਲਾ, ਵਾਲ ਕਾਲੇ ਅਤੇ ਘਟਨਾ ਵੇਲੇ ਉਸ ਨੇ ਹਲਕੇ ਰੰਗ ਦੇ ਸ਼ੌਟਸ ਅਤੇ ਟੀ-ਸ਼ਰਟ ਪਾਈ ਹੋਈ ਸੀ। ਸ਼ੱਕੀ ਦੀ ਉਮਰ 20-25 ਸਾਲ ਦੱਸੀ ਜਾ ਰਹੀ ਹੈ।


