ਆਰਜ਼ੀ ਵਿਦੇਸ਼ੀ ਕਾਮਿਆਂ ਨਾਲ ਗੁਲਾਮਾਂ ਵਾਲਾ ਸਲੂਕ
ਟੈਂਪਰੇਰੀ ਫੌਰਨ ਵਰਕਰ ਪ੍ਰੋਗਰਾਮ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਨੋਵਾ ਸਕੋਸ਼ੀਆ ਦੇ ਇਕ ਪੀਜ਼ਾ ਰੈਸਟੋਰੈਂਟ ਨੂੰ 1 ਲੱਖ 26 ਹਜ਼ਾਰ ਡਾਲਰ ਜੁਰਮਾਨਾ ਕੀਤਾ ਗਿਆ ਹੈ

By : Upjit Singh
ਹੈਲੀਫ਼ੈਕਸ : ਟੈਂਪਰੇਰੀ ਫੌਰਨ ਵਰਕਰ ਪ੍ਰੋਗਰਾਮ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਨੋਵਾ ਸਕੋਸ਼ੀਆ ਦੇ ਇਕ ਪੀਜ਼ਾ ਰੈਸਟੋਰੈਂਟ ਨੂੰ 1 ਲੱਖ 26 ਹਜ਼ਾਰ ਡਾਲਰ ਜੁਰਮਾਨਾ ਕੀਤਾ ਗਿਆ ਹੈ ਅਤੇ ਦੋ ਸਾਲ ਵਾਸਤੇ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਭਰਤੀ ’ਤੇ ਰੋਕ ਵੀ ਲਾਈ ਗਈ ਹੈ। ਕੈਨੇਡਾ ਸਰਕਾਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਫਰੈਡੀਜ਼ ਪੀਜ਼ਾ ਜਿਸ ਦਾ ਕਾਨੂੰਨੀ ਕਾਰੋਬਾਰੀ ਨਾਂ ਐਮਹਰਸਟ ਪੀਜ਼ਾ ਐਂਡ ਡੌਨਏਅਰ ਲਿਮ. ਹੈ, ਵੱਲੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਮੁਲਾਜ਼ਮਾਂ ਦੀ ਭਰਤੀ ਕੀਤੀ ਗਈ। ਸਿਰਫ਼ ਐਨਾ ਹੀ ਨਹੀਂ ਫਰੈਡੀਜ਼ ਪੀਜ਼ਾ ਵੱਲੋਂ ਮੁਲਾਜ਼ਮਾਂ ਨੂੰ ਦਿਤੀ ਜਾ ਰਹੀ ਤਨਖਾਹ ਅਤੇ ਕੰਮ ਕਰਨ ਦੇ ਹਾਲਤਾ ਵੀ ਕੈਨੇਡਾ ਸਰਕਾਰ ਵੱਲੋਂ ਤੈਅਸ਼ੁਦਾ ਮਾਪਦੰਡਾਂ ’ਤੇ ਖਰੇ ਨਹੀਂ ਸਨ ਉਤਰਦੇ।
ਕੈਨੇਡੀਅਨ ਪੀਜ਼ਾ ਰੈਸਟੋਰੈਂਟ ਨੂੰ 1.26 ਲੱਖ ਡਾਲਰ ਜੁਰਮਾਨਾ
ਰੁਜ਼ਗਾਰ ਲਈ ਦਿਤੇ ਇਸ਼ਤਿਹਾਰ ਵਿਚ ਸ਼ਰਤਾਂ ਕੁਝ ਲਿਖੀਆਂ ਗਈਆਂ ਜਦਕਿ ਕੰਮ ਵਾਲੇ ਹਾਲਾਤ ਇਨ੍ਹਾਂ ਤੋਂ ਬਿਲਕੁਲ ਵੱਖਰੇ ਨਜ਼ਰ ਆਏ। ਫੈਡਰਲ ਸਰਕਾਰ ਦੀ ਪੜਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਫਰੈਡੀਜ਼ ਪੀਜ਼ਾ ਆਪਣੀ ਫਰੈਂਚਾਇਜ਼ੀ ਵਿਚ ਮੁਲਾਜ਼ਮਾਂ ਦਾ ਸਰੀਰਕ, ਮਾਨਸਿਕ ਜਾਂ ਆਰਥਿਕ ਸ਼ੋਸ਼ਣ ਰੋਕਣ ਵਿਚ ਅਸਫ਼ਲ ਰਿਹਾ। ਦੱਸ ਦੇਈਏ ਕਿ ਨੋਵਾ ਸਕੋਸ਼ੀਆ ਦੇ ਰੈਸਟੋਰੈਂਟ ਦੀ ਸ਼ਿਕਾਇਤ ਕਰਨ ਵਾਲਿਆਂ ਵਿਚ ਦੋ ਭਾਰਤੀ ਨੌਜਵਾਨ ਸਨ ਜਿਨ੍ਹਾਂ ਤੋਂ ਕਥਿਤ ਤੌਰ ’ਤੇ ਗੁਲਾਮਾਂ ਵਾਂਗ ਕੰਮ ਕਰਵਾਇਆ ਗਿਆ ਅਤੇ ਬਣਦਾ ਮਿਹਨਤਾਨਾ ਨਾ ਮਿਲ ਸਕਿਆ। ਕੁਝ ਸਮਾਂ ਪਹਿਲਾਂ ਉਨਟਾਰੀਓ ਦੇ ਇਟੋਬੀਕੋ ਵਿਖੇ ਕੈਨੇਡੀਅਨ ਟਾਇਰ ਦੀ ਫਰੈਂਚਾਇਜ਼ੀ ਨੂੰ ਵੀ ਆਰਜ਼ੀ ਵਿਦੇਸ਼ੀ ਕਾਮਿਆਂ ਦੇ ਮਾਮਲੇ ਵਿਚ ਨਿਯਮਾਂ ਦੀ ਉਲੰਘਣਾ ਕਰਨ ’ਤੇ ਇਕ ਲੱਖ 11 ਹਜ਼ਾਰ ਡਾਲਰ ਜੁਰਮਾਨਾ ਕੀਤਾ ਗਿਆ ਸੀ।
ਨੋਵਾ ਸਕੋਸ਼ੀਆ ਵਿਚ ਫਰੈਡੀਜ਼ ਪੀਜ਼ਾ ਵਿਰੁੱਧ ਕਾਰਵਾਈ
ਦਾ ਗਲੋਬ ਐਂਡ ਮੇਲ ਦੀ ਰਿਪੋਰਟ ਮੁਤਾਬਕ ਫਰੈਂਚਾਇਜ਼ੀ ਦਾ ਮਾਲਕ ਭਾਰਤੀ ਮੂਲ ਦਾ ਐਜ਼ਿਲ ਨਟਰਾਜਨ ਦੱਸਿਆ ਗਿਆ। ਟੈਂਪਰੇਰੀ ਫੌਰਨ ਵਰਕਰ ਪ੍ਰੋਗਰਾਮ ਦੀ ਨਿਗਰਾਨੀ ਕਰਨ ਵਾਲੇ ਕੈਨੇਡਾ ਸਰਕਾਰ ਦੇ ਰੁਜ਼ਗਾਰ ਅਤੇ ਸਮਾਜਿਕ ਵਿਕਾਸ ਵਿਭਾਗ ਵੱਲੋਂ ਨਟਰਾਜਨ ਨਾਲ ਸਬੰਧਤ ਵਿਸਤਾਰਤ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਾਮਿਆਂ ਦੀ ਤਨਖਾਹ ਅਤੇ ਕੰਮ ਵਾਲੇ ਹਾਲਾਤ ਤੈਅਸ਼ੁਦਾ ਮਾਪਦੰਡਾਂ ਮੁਤਾਬਕ ਨਹੀਂ ਸਨ। ਇਸ ਘਟਨਾ ਤੋਂ ਇਕ ਸਾਲ ਪਹਿਲਾਂ ਇਸੇ ਸਟੋਰ ਦੇ 13 ਵਿਦੇਸ਼ੀ ਕਾਮਿਆਂ ਨੇ ਨਟਰਾਜਨ ਉਤੇ ਧੱਕੇਸ਼ਾਹੀ ਕਰਨ ਦਾ ਦੋਸ਼ ਲਾਉਂਦਿਆਂ ਅਸਤੀਫ਼ਾ ਦੇ ਦਿਤਾ ਸੀ ਜਾਂ ਨਟਰਾਜਨ ਨੇ ਉਨ੍ਹਾਂ ਨੂੰ ਕੱਢ ਦਿਤਾ।


