ਕੈਨੇਡਾ ਵਿਚ ਸਿੱਖਾਂ ਵੱਲੋਂ ਬੇਘਰਾਂ ਅਤੇ ਲੋੜਵੰਦ ਦੀ ਮਦਦ
ਕੈਨੇਡਾ ਵਿਚ ਸਿੱਖ ਭਾਈਚਾਰੇ ਵੱਲੋਂ ਲੋੜਵੰਦਾਂ ਦੀ ਮਦਦ ਕਰਦਿਆਂ ਖੁਰਾਕੀ ਵਸਤਾਂ, ਕੰਬਲ ਅਤੇ ਹੋਰ ਜ਼ਰੂਰੀ ਚੀਜ਼ਾਂ ਵੰਡੀਆਂ ਗਈਆਂ।
By : Upjit Singh
ਵਿੰਡਸਰ : ਕੈਨੇਡਾ ਵਿਚ ਸਿੱਖ ਭਾਈਚਾਰੇ ਵੱਲੋਂ ਲੋੜਵੰਦਾਂ ਦੀ ਮਦਦ ਕਰਦਿਆਂ ਖੁਰਾਕੀ ਵਸਤਾਂ, ਕੰਬਲ ਅਤੇ ਹੋਰ ਜ਼ਰੂਰੀ ਚੀਜ਼ਾਂ ਵੰਡੀਆਂ ਗਈਆਂ। ਵਿੰਡਸਰ ਸਪੋਰਟਸ ਐਂਡ ਕਲਚਰਲ ਸੈਂਟਰ ਵੱਲੋਂ ਲਗਾਤਾਰ 20ਵੇਂ ਵਰ੍ਹੇ ਦੌਰਾਨ ਇਹ ਸੇਵਾ ਨਿਭਾਉਂਦਿਆਂ ਸ਼ਹਿਰ ਦੇ ਬੇਘਰ ਲੋਕਾਂ ਨੂੰ ਦੋ ਕੁਇੰਟਲ ਚੌਲ, ਕੌਫੀ, ਚਾਹ ਪੱਤੀ, ਪਾਸਤਾ ਸੌਸ ਦੇ ਜਾਰ, ਨੂਡਲਜ਼ ਅਤੇ ਹੋਰ ਅਨਾਜ ਵੰਡਣ ਦਾ ਉਪਰਾਲਾ ਕੀਤਾ ਗਿਆ। ਵਿੰਡਸਰ ਸਪੋਰਟਸ ਐਂਡ ਕਲਚਰਲ ਸੈਂਟਰ ਦੇ ਪ੍ਰਧਾਨ ਜਤਿੰਦਰ ਸਿੰਘ ਨੇ ਦੱਸਿਆ ਕਿ ਵੱਡੀ ਗਿਣਤੀ ਵਿਚ ਲੋਕਾਂ ਕੋਲ ਅਥਾਹ ਦੌਲਤ ਹੁੰਦੀ ਹੈ ਪਰ ਲੋੜਵੰਦਾਂ ਵਿਚ ਵੰਡਣ ਵਾਸਤੇ ਵੱਡਾ ਦਿਲ ਵੀ ਚਾਹੀਦਾ ਹੈ।
ਵਿੰਡਸਰ ਸ਼ਹਿਰ ਵਿਚ ਕੁਇੰਟਲਾਂ ਦੇ ਹਿਸਾਬ ਨਾਲ ਖੁਰਾਕੀ ਵਸਤਾਂ ਵੰਡੀਆਂ
ਉਨ੍ਹਾਂ ਕਿਹਾ ਕਿ ਲੰਘੀ ਕ੍ਰਿਸਮਸ ਅਤੇ ਬੌਕਸਿੰਗ ਡੇਅ ਮੌਕੇ ਵੀ ਬੇਘਰਾਂ ਦੇ ਰੈਣ ਬਸੇਰਿਆਂ ਵਿਚ 95 ਐਕਸਟਰਾ ਲਾਰਜ ਪਿਜ਼ੇ ਪਹੁੰਚਾਏ ਗਏ ਅਤੇ ਭਵਿੱਖ ਵਿਚ ਵੀ ਲੋੜਵੰਦਾਂ ਦੀ ਸੇਵਾ ਦਾ ਸਿਲਸਿਲਾ ਜਾਰੀ ਰੱਖਿਆ ਜਾਵੇਗਾ। ਖੈਰਾਤੀ ਸੰਸਥਾ ‘ਸਟ੍ਰੀਟ ਹੈਲਪ’ ਦੀ ਪ੍ਰਬੰਧਕ ਕ੍ਰਿਸਟੀਨ ਵਿਲਸਨ ਦਾ ਕਹਿਣਾ ਸੀ ਕਿ ਸਿੱਖ ਭਾਈਚਾਰੇ ਵੱਲੋਂ ਹਰ ਸਾਲ ਕੀਤਾ ਜਾਂਦਾ ਉਪਰਾਲਾ ਬੇਹੱਦ ਅਹਿਮੀਅਤ ਰਖਦਾ ਹੈ। ਵਿੰਡਸਰ ਸ਼ਹਿਰ ਵਿਚ ਵਸਦੇ ਹਰ ਤਬਕੇ ਦੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂਕਿ ਉਨ੍ਹਾਂ ਲੋੜਵੰਦਾਂ ਦੀ ਮਦਦ ਕੀਤੀ ਜਾ ਸਕੇ ਜੋ ਸੰਭਾਵਤ ਤੌਰ ’ਤੇ ਬਹੁਤੇ ਖੁਸ਼ਕਿਸਮਤ ਨਹੀਂ।
ਕੰਬਲ ਅਤੇ ਹੋਰ ਜ਼ਰੂਰੀ ਚੀਜ਼ਾਂ ਵੀ ਮੁਹੱਈਆ ਕਰਵਾਈਆਂ
ਸਿੱਖ ਭਾਈਚਾਰਾ ਸੇਵਾ ਦੇ ਸਿਧਾਂਤ ਨੂੰ ਅੱਗੇ ਵਧਾਉਂਦਿਆਂ ਲੋੜਵੰਦਾਂ ਦੀ ਮਦਦ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡਦਾ ਜਿਸ ਨੂੰ ਵੇਖਦਿਆਂ ਪੂਰਾ ਸ਼ਹਿਰ ਭਾਈਚਾਰੇ ਦਾ ਸ਼ੁਕਰਗਜ਼ਾਰ ਹੈ। ਕ੍ਰਿਸਟੀਨ ਵਿਲਸਨ ਨੇ ਅੱਗੇ ਕਿਹਾ ਕਿ ਸਿਆਲ ਦੇ ਮੌਸਮ ਦੌਰਾਨ ਸਟ੍ਰੀਟ ਹੈਲਪ ਵੱਲੋਂ ਬੇਘਰ ਲੋਕਾਂ ਨੂੰ ਠੰਢ ਤੋਂ ਬਚਣ ਦਾ ਸਮਾਨ ਮੁਹੱਈਆ ਕਰਵਾਇਆ ਜਾਂਦਾ ਹੈ ਅਤੇ ਅਜਿਹੇ ਉਨ੍ਹਾਂ ਦੀ ਜਥੇਬੰਦੀ ਨੂੰ ਸਲੀਪਿੰਗ ਬੈਗਜ਼, ਵਿੰਟਰ ਕੋਟਸ ਅਤੇ ਬੂਟਸ ਦੀ ਦਰਕਾਰ ਰਹਿੰਦੀ ਹੈ। ਬੇਘਰ ਹੋਣ ਦਾ ਦਰਦ ਉਹੀ ਸਮਝ ਸਕਦਾ ਹੈ ਜੋ ਅਜਿਹੇ ਹਾਲਾਤ ਵਿਚੋਂ ਲੰਘ ਚੁੱਕਾ ਹੋਵੇ ਜਾਂ ਜ਼ਿੰਦਗੀ ਵਿਚ ਸਖ਼ਤ ਮਿਹਨਤ ਕਰਦਿਆਂ ਉਚਾ ਮੁਕਾਮ ਹਾਸਲ ਕੀਤਾ ਹੋਵੇ।