ਕੈਨੇਡਾ ਦੇ ਕਿਊਬੈਕ ਸੂਬੇ ਵਿਚ ਸਿੱਖਾਂ ਨਾਲ ਮੁੜ ਧੱਕੇਸ਼ਾਹੀ
ਕੈਨੇਡਾ ਦੇ ਕਿਊਬੈਕ ਸੂਬੇ ਵਿਚ ਹੁਣ ਦਸਤਾਰਧਾਰੀ ਵਿਦਿਆਰਥੀ ਨਜ਼ਰ ਨਹੀਂ ਆਉਣਗੇ ਅਤੇ ਸਿੱਖਾਂ ਵਾਸਤੇ ਵੱਡਾ ਧਾਰਮਿਕ ਸੰਕਟ ਪੈਦਾ ਹੋ ਗਿਆ ਹੈ

By : Upjit Singh
ਕਿਊਬੈਕ ਸਿਟੀ : ਕੈਨੇਡਾ ਦੇ ਕਿਊਬੈਕ ਸੂਬੇ ਵਿਚ ਹੁਣ ਦਸਤਾਰਧਾਰੀ ਵਿਦਿਆਰਥੀ ਨਜ਼ਰ ਨਹੀਂ ਆਉਣਗੇ ਅਤੇ ਸਿੱਖਾਂ ਵਾਸਤੇ ਵੱਡਾ ਧਾਰਮਿਕ ਸੰਕਟ ਪੈਦਾ ਹੋ ਗਿਆ ਹੈ। ਜੀ ਹਾਂ, ਸੂਬਾ ਸਰਕਾਰ ਵੱਲੋਂ ਸਿੱਖਾਂ ਅਤੇ ਮੁਸਲਮਾਨਾਂ ਦੀ ਧਾਰਮਿਕ ਆਜ਼ਾਦੀ ਪੂਰੀ ਤਰ੍ਹਾਂ ਖ਼ਤਮ ਕਰਨ ਦੇ ਮਕਸਦ ਤਹਿਤ ਯੂਨੀਵਰਸਿਟੀਆਂ ਸਣੇ ਹੋਰਨਾਂ ਸਰਕਾਰੀ ਵਿਦਿਅਕ ਸੰਸਥਾਵਾਂ ਵਿਚ ਧਾਰਮਿਕ ਪਛਾਣ ਵਾਲੇ ਚਿੰਨ੍ਹ ਧਾਰਨ ਕਰਨ ’ਤੇ ਪਾਬੰਦੀ ਲਾਗੂ ਕੀਤੀ ਜਾ ਰਹੀ ਹੈ। ਇਥੋਂ ਤੱਕ ਕਿ ਮੁਸਲਮਾਨ ਵਿਦਿਆਰਥੀ ਯੂਨੀਵਰਸਿਟੀ ਕੰਪਲੈਕਸ ਵਿਚ ਨਮਾਜ਼ ਅਦਾ ਵੀ ਨਹੀਂ ਕਰ ਸਕਣਗੇ। ਕਿਊਬੈਕ ਸਿਟੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਧਰਮ ਨਿਰਪੱਖਤਾ ਮਾਮਲਿਆਂ ਬਾਰੇ ਮੰਤਰੀ ਸ਼ੌਨ ਫਰਾਂਸਵਾ ਰੌਬਰਜ ਨੇ ਕਿਹਾ ਕਿ 2019 ਵਿਚ ਬਿਲ 21 ਪਾਸ ਹੋਣ ਮਗਰੋਂ ਕਈ ਹੋਰ ਸੁਧਾਰਾਂ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਸੀ ਜਿਨ੍ਹਾਂ ਨੂੰ ਧਿਆਨ ਵਿਚ ਰਖਦਿਆਂ ਨਵਾਂ ਬਿਲ ਸੂਬਾ ਵਿਧਾਨ ਸਭਾ ਵਿਚ ਪੇਸ਼ ਕੀਤਾ ਜਾ ਰਿਹਾ ਹੈ।
ਵਿਦਿਅਕ ਸੰਸਥਾਵਾਂ ਵਿਚ ਪੱਗ ਬੰਨ੍ਹਣ ਅਤੇ ਹਿਜਾਬ ’ਤੇ ਲੱਗੇਗੀ ਪਾਬੰਦੀ
ਨਵੇਂ ਬਿਲ ਤਹਿਤ ਸਮੁੱਚੀ ਸਿੱਖਿਆ ਪ੍ਰਣਾਲੀ ਵਿਚ ਕੰਮ ਕਰਦੇ ਮੁਲਾਜ਼ਮਾਂ ਦੀ ਧਾਰਮਿਕ ਆਜ਼ਾਦੀ ਖੋਹੀ ਜਾ ਰਹੀ ਹੈ ਅਤੇ ਇਸ ਵਾਰ ਪ੍ਰਾਈਵੇਟ ਸਕੂਲਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 2019 ਵਾਲਾ ਬਿਲ 21 ਜਨਤਕ ਖੇਤਰ ਦੇ ਮੁਲਾਜ਼ਮਾਂ ਜਿਵੇਂ ਪੁਲਿਸ ਮੁਲਾਜ਼ਮਾਂ, ਸਕੂਲੀ ਅਧਿਆਪਕਾਂ ਅਤੇ ਜੱਜਾਂ ਨੂੰ ਪੱਗ ਬੰਨ੍ਹਣ ਜਾਂ ਹਿਜਾਬ ਧਾਰਨ ਕਰਨ ਤੋਂ ਰੋਕਦਾ ਹੈ ਪਰ ਨਵਾਂ ਬਿਲ ਵਾਲੰਟੀਅਰਾਂ ਅਤੇ ਵਿਦਿਆਰਥੀਆਂ ਉਤੇ ਵੀ ਲਾਗੂ ਕੀਤਾ ਜਾ ਰਿਹਾ ਹੈ। ਕੈਨੇਡੀਅਨ ਮੀਡੀਆ ਵੱਲੋਂ ਸੂਤਰਾਂ ਦੇ ਹਵਾਲੇ ਨਾਲ ਬਿਲ ਵਿਚਲੇ ਅਹਿਮ ਤੱਥ ਪੇਸ਼ ਕੀਤੇ ਗਏ ਹਨ ਅਤੇ ਦੱਸਿਆ ਜਾ ਰਿਹਾ ਹੈ ਕਿ ਫ਼ਿਲਹਾਲ ਜਨਤਕ ਥਾਵਾਂ ’ਤੇ ਨਕਾਬ ਜਾਂ ਹਿਜਾਬ ਉਤੇ ਪਾਬੰਦੀ ਲਾਗੂ ਨਹੀਂ ਕੀਤੀ ਜਾ ਰਹੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜਨਤਕ ਥਾਵਾਂ ’ਤੇ ਧਾਰਮਿਕ ਇਕੱਠ ਕਰਨ ਦੀ ਪਾਬੰਦੀ ਦਾ ਜ਼ਿਕਰ ਵੀ ਸਾਹਮਣੇ ਆਇਆ ਅਤੇ ਇਨ੍ਹਾਂ ਹਾਲਾਤ ਵਿਚ ਨਗਰ ਕੀਰਤਨ ਸਜਾਉਣ ’ਤੇ ਪਾਬੰਦੀ ਲੱਗ ਸਕਦੀ ਹੈ। ਕਿਊਬੈਕ ਦੀ ਫਰਾਂਸਵਾ ਲੈਗੋ ਸਰਕਾਰ ਜਨਤਕ ਥਾਵਾਂ ’ਤੇ ਧਾਰਮਿਕ ਸਰਗਰਮੀਆਂ ਬੰਦ ਕਰਨ ਦੀ ਯੋਜਨਾ ਵੀ ਬਣਾ ਚੁੱਕੀ ਹੈ ਪਰ ਤਾਜ਼ਾ ਬਿਲ ਵਿਚ ਇਸ ਦਾ ਜ਼ਿਕਰ ਫ਼ਿਲਹਾਲ ਸਾਹਮਣੇ ਨਹੀਂ ਆਇਆ।
ਧਰਮ ਨਿਰਪੱਖਤਾ ਦੇ ਨਾਂ ’ਤੇ ਮੁਸਲਮਾਨਾਂ ਦੀ ਨਮਾਜ਼ ਉਤੇ ਵੀ ਰੋਕ
ਸਿਰਫ਼ ਨਗਰ ਕੀਰਤਨ ਸਜਾਉਣ ਜਾਂ ਸੜਕਾਂ ’ਤੇ ਨਮਾਜ਼ ਅਦਾ ਕਰਨ ਦੀ ਰੋਕ ਲਾਉਣ ਦੇ ਮਨਸੂਬੇ ਨਹੀਂ ਸਗੋਂ ਗੁੱਡ ਫਰਾਈਡੇ ਮੌਕੇ ਈਸਾਈ ਧਰਮ ਦੇ ਲੋਕ ਕਰੌਸ ਪ੍ਰੋਸੈਸ਼ਨ ਵੀ ਨਹੀਂ ਕੱਢ ਸਕਣਗੇ। ਰੌਬਰਜ ਨੇ ਇਹ ਨਹੀਂ ਦੱਸਿਆ ਕਿ ਕੀ ਸੂਬਾ ਸਰਕਾਰ ਨੌਟਵਿਦਸਟੈਂਡਿੰਗ ਕਲੌਜ਼ ਲਾਗੂ ਕਰੇਗੀ ਜਿਸ ਰਾਹੀਂ ਕੈਨੇਡੀਅਨ ਚਾਰਟਰ ਆਫ਼ ਰਾਈਟਸ ਐਂਡ ਫਰੀਡਮਜ਼ ਅਧੀਨ ਮਿਲੇ ਹੱਕ ਸਿੱਧੇ ਤੌਰ ’ਤੇ ਖ਼ਤਮ ਹੋ ਜਾਣਗੇ। ਪਿਛਲੇ ਸਾਲ ਕਿਊਬੈਕ ਦੇ ਪ੍ਰੀਮੀਅਰ ਫਰਾਂਸਵਾ ਲੈਗੋ ਨੇ ਕਿਹਾ ਸੀ ਕਿ ਨੌਟਵਿਦਸਟੈਂਡਿੰਗ ਕਲੌਜ਼ ਦੀ ਸੰਭਾਵਨਾ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਚੇਤੇ ਰਹੇ ਕਿ ਕਿਊਬੈਕ ਦੀ ਇਕ ਖੁਦਮੁਖਤਿਆਰ ਕਮੇਟੀ ਨੇ ਸੂਬੇ ਵਿਚ ਧਰਮ ਨਿਰਪੱਖਤਾ ਮਜ਼ਬੂਤ ਕਰਨ ਲਈ 50 ਸਿਫ਼ਾਰਸ਼ਾਂ ਕੀਤੀਆਂ। 300 ਸਫ਼ਿਆਂ ਦੀ ਰਿਪੋਰਟ ਵਿਚ ਕਮੇਟੀ ਨੇ ਕਿਹਾ ਕਿ ਧਾਰਮਿਕ ਆਜ਼ਾਦੀ ਦਾ ਘੇਰਾ ਸੀਮਤ ਰੱਖਿਆ ਜਾਵੇ ਅਤੇ ਡੇਅ ਕੇਅਰ ਵਰਕਰਜ਼ ਨੂੰ ਵੀ ਧਾਰਮਿਕ ਚਿੰਨ੍ਹ ਧਾਰਨ ਕਰਨ ’ਤੇ ਪਾਬੰਦੀ ਦੇ ਘੇਰੇ ਵਿਚ ਲਿਆਂਦਾ ਜਾਵੇ। ਕਮੇਟੀ ਦੀ ਇਕ ਸਿਫ਼ਾਰਸ਼ ਇਹ ਵੀ ਕਹਿੰਦੀ ਹੈ ਕਿ ਜਨਤਕ ਥਾਵਾਂ ’ਤੇ ਧਾਰਮਿਕ ਸਰਗਰਮੀਆਂ ਬਾਰੇ ਫੈਸਲਾ ਲੈਣ ਦਾ ਹੱਕ ਸਬੰਧਤ ਮਿਊਂਪੈਲਿਟੀਜ਼ ਨੂੰ ਦਿਤਾ ਜਾਵੇ। ਦੂਜੇ ਪਾਸੇ ਧਰਮ ਨਿਰਪੱਖਤਾ ਮਾਮਲਿਆਂ ਬਾਰੇ ਮੰਤਰੀ ਨੇ ਦਲੀਲ ਦਿਤੀ ਕਿ ਫਲਸਤੀਨ ਹਮਾਇਤੀ ਮੁਜ਼ਾਹਰਿਆਂ ਦੌਰਾਨ ਮੌਂਟਰੀਅਲ ਵਿਖੇ ਇਕ ਚਰਚ ਦੇ ਬਾਹਰ ਸੜਕ ’ਤੇ ਨਮਾਜ਼ ਅਦਾ ਕੀਤੀ ਗਈ ਜਿਸ ਨਾਲ ਫਿਰਕੂ ਤਣਾਅ ਪੈਦਾ ਹੋਇਆ। ਜਨਤਕ ਥਾਵਾਂ ’ਤੇ ਨਮਾਜ਼ ਅਦਾ ਕਰਨ ਦੇ ਮਾਮਲੇ ਵਧਦੇ ਜਾ ਰਹੇ ਹਨ ਅਤੇ ਸਰਕਾਰ ਇਹ ਸਭ ਬੰਦ ਕਰਨਾ ਚਾਹੁੰਦੀ ਹੈ।


