ਕੈਨੇਡਾ ਵਿਚ ਸਿੱਖ ਮੁਟਿਆਰ ਦਾ ਛੁਰੇ ਮਾਰ ਕੇ ਕਤਲ
ਕੈਨੇਡਾ ਵਿਚ ਸਿੱਖ ਮੁੰਡੇ-ਕੁੜੀਆਂ ਦੇ ਕਤਲ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਇਸ ਵਾਰ 23 ਸਾਲ ਦੀ ਸਿਮਰਨਜੀਤ ਕੌਰ ਨੂੰ ਨਿਸ਼ਾਨਾ ਬਣਾਇਆ ਗਿਆ।
By : Upjit Singh
ਸਰੀ, ਬੀ.ਸੀ. : ਕੈਨੇਡਾ ਵਿਚ ਸਿੱਖ ਮੁੰਡੇ-ਕੁੜੀਆਂ ਦੇ ਕਤਲ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਇਸ ਵਾਰ 23 ਸਾਲ ਦੀ ਸਿਮਰਨਜੀਤ ਕੌਰ ਨੂੰ ਨਿਸ਼ਾਨਾ ਬਣਾਇਆ ਗਿਆ। ਸਟੱਡੀ ਵੀਜ਼ਾ ’ਤੇ ਕੈਨੇਡਾ ਆਈ ਸਿਮਰਨਜੀਤ ਕੌਰ ਸਰੀ ਦੇ ਗਿਲਫਰਡ ਇਲਾਕੇ ਵਿਚ ਆਪਣੀਆਂ ਸਹੇਲੀਆਂ ਨਾਲ ਕਿਰਾਏ ’ਤੇ ਰਹਿ ਰਹੀ ਸੀ ਜਿਥੇ ਅਣਪਛਾਤੇ ਸ਼ੱਕੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦਿਆਂ ਸਿਮਰਨਜੀਤ ਕੌਰ ਦੀ ਹੱਤਿਆ ਕਰ ਦਿਤੀ ਜਦਕਿ ਉਸ ਦੀ ਇਕ ਸਹੇਲੀ ਗੰਭੀਰ ਜ਼ਖਮੀ ਹੋ ਗਈ।
15 ਦਿਨ ਵਿਚ 4 ਸਿੱਖ-ਮੁੰਡੇ ਕੁੜੀਆਂ ਦੀ ਕੀਤੀ ਗਈ ਹੱਤਿਆ
ਸਿਮਰਨਜੀਤ ਕੌਰ ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਵਿਚ ਆਉਂਦੇ ਪਿੰਡ ਠਸਕਾ ਮੀਰਾਜੀ ਨਾਲ ਸਬੰਧਤ ਸੀ ਜਿਸ ਦੇ ਮਾਪਿਆਂ ਉਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਪਿੰਡ ਦੇ ਸਾਬਕਾ ਸਰਪੰਚ ਦਿਲਬਾਗ ਸਿੰਘ ਗੋਰਾਇਆ ਨੇ ਦੱਸਿਆ ਕਿ ਸਿਮਰਨਜੀਤ ਕੌਰ ਦੇ ਬਿਜ਼ਨਸ ਮੈਨੇਜਮੈਂਟ ਕੋਰਸ ਦਾ ਆਖਰੀ ਸਮੈਸਟਰ ਚੱਲ ਰਿਹਾ ਸੀ। ਪਰਵਾਰ ਨੇ ਆਪਣੇ ਬੱਚਿਆਂ ਦਾ ਭਵਿੱਖ ਬਿਹਤਰ ਬਣਾਉਣ ਖਾਤਰ ਬਹੁਤ ਕੁਝ ਕੀਤਾ ਅਤੇ ਹਾਲ ਹੀ ਵਿਚ ਸਿਮਰਨਜੀਤ ਕੌਰ ਦੇ ਭਰਾ ਨੂੰ ਅਮਰੀਕਾ ਭੇਜਿਆ ਸੀ। ਪਿੰਡ ਦੇ ਮੋਹਤਬਰ ਲੋਕਾਂ ਵੱਲੋਂ ਕੈਨੇਡਾ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨਾਲ ਸੰਪਰਕ ਕਾਇਮ ਕਰਦਿਆਂ ਸਿਮਰਨਜੀਤ ਕੌਰ ਦੀ ਦੇਹ ਭਾਰਤ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ। ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਨੂੰ ਵੀ ਪਰਵਾਰ ਦੀ ਮਦਦ ਵਾਸਤੇ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ। ਇਸੇ ਦੌਰਾਨ ਪਿੰਡ ਦੀ ਮੌਜੂਦਾ ਸਰਪੰਚ ਮੀਨਾ ਕੁਮਾਰੀ ਨੇ ਕਿਹਾ ਕਿ ਬਗੀਚਾ ਸਿੰਘ ਦੀ ਬੇਟੀ ਦੀ ਹੱਤਿਆ ਕਾਰਨ ਲੋਕਾਂ ਵਿਚ ਸੋਗ ਦੀ ਲਹਿਰ ਹੈ ਅਤੇ ਪਰਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਉਧਰ ਸਰੀ ਪੁਲਿਸ ਨੇ ਦੱਸਿਆ ਕਿ 14700 ਬਲਾਕ ਦੇ 108 ਏ ਐਵੇਨਿਊ ਵਿਚ ਪੁੱਜੇ ਪੁਲਿਸ ਅਫ਼ਸਰਾਂ ਨੂੰ ਦੋ ਜਣੇ ਗੰਭੀਰ ਜ਼ਖਮੀ ਹਾਲਤ ਵਿਚ ਮਿਲੇ ਜਿਨ੍ਹਾਂ ਵਿਚੋਂ ਔਰਤ ਨੇ ਮੌਕੇ ’ਤੇ ਹੀ ਦਮ ਤੋੜ ਦਿਤਾ।
ਸਰੀ ਪੁਲਿਸ ਕਰ ਰਹੀ ਮਾਮਲੇ ਦੀ ਪੜਤਾਲ
ਇੰਟੈਗਰੇਟਿਡ ਹੌਮੀਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ ਮਾਮਲੇ ਆਪਣੇ ਹੱਥਾਂ ਵਿਚ ਲੈ ਲਿਆ ਗਿਆ ਹੈ। ਇਥੇ ਦਸਣਾ ਬਣਦਾ ਹੈ ਕਿ ਉਨਟਾਰੀਓ ਦੇ ਸਾਰਨੀਆ ਸ਼ਹਿਰ ਵਿਚ ਗੁਰਅਸੀਸ ਸਿੰਘ ਦਾ ਵੀ ਛੁਰੇ ਮਾਰ ਕੇ ਕਤਲ ਕਰ ਦਿਤਾ ਗਿਆ ਸੀ ਅਤੇ ਬਾਅਦ ਵਿਚ ਹਮਲਾਵਰ ਦੀ ਦਿਮਾਗੀ ਹਾਲਤ ਖਰਾਬ ਹੋਣ ਬਾਰੇ ਜ਼ਿਕਰ ਕੀਤਾ ਗਿਆ। 4 ਦਸੰਬਰ ਨੂੰ ਬਰੈਂਪਟਨ ਵਿਖੇ ਪ੍ਰਿਤਪਾਲ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਅਤੇ ਦਲੀਲ ਇਹ ਦਿਤੀ ਗਈ ਕਿ ਪਛਾਣ ਦੇ ਭੁਲੇਖੇ ਨਾਲ ਕਤਲ ਹੋਇਆ ਪਰ ਵਾਰਦਾਤ ਦੀ ਵੀਡੀਓ ਦੇਖ ਕੇ ਸਾਫ਼ ਪਤਾ ਲਗਦਾ ਹੈ ਕਿ ਪ੍ਰਿਤਪਾਲ ਸਿੰਘ ਦਾ ਭਰਾ ਵੀ ਉਸ ਦਿਨ ਨਾ ਬਚਦਾ ਜੇ ਉਹ ਦੌੜ ਕੇ ਘਰ ਅੰਦਰ ਦਾਖਲ ਨਾ ਹੁੰਦਾ। 7 ਦਸੰਬਰ ਨੂੰ ਐਡਮਿੰਟਨ ਵਿਖੇ ਹਰਸ਼ਾਨਦੀਪ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਜਿਥੇ ਕਤਲ ਕਰਨ ਵਾਲਿਆਂ ਦਾ ਲੰਮਾ ਅਪਰਾਧਕ ਪਿਛੋਕੜ ਦੱਸਿਆ ਜਾ ਰਿਹਾ ਹੈ। ਹੁਣ ਸਿਮਰਨਜੀਤ ਕੌਰ ਦੇ ਮਾਮਲੇ ਵਿਚ ਤੇਜ਼ਧਾਰ ਹਥਿਆਰਾਂ ਨਾਲ ਲੈਸ ਹਮਲਾਵਰ ਜ਼ਬਰਦਸਤੀ ਘਰ ਵਿਚ ਦਾਖਲ ਹੋਏ ਅਤੇ ਵਾਰ ਕਰਨੇ ਸ਼ੁਰੂ ਕਰ ਦਿਤੇ। ਸਿੱਖ ਮੁੰਡੇ-ਕੁੜੀਆਂ ਨਾਲ ਵਾਪਰ ਰਹੀਆਂ ਇਹ ਵਾਰਦਾਤਾਂ ਗੰਭੀਰ ਸ਼ੰਕੇ ਪੈਦਾ ਕਰ ਰਹੀਆਂ ਹਨ ਅਤੇ ਇਨ੍ਹਾਂ ਮਾਮਲਿਆਂ ਦੀ ਉਚ ਪੱਧਰੀ ਪੜਤਾਲ ਕਰਵਾਏ ਜਾਣ ਦੀ ਆਵਾਜ਼ ਉਠ ਰਹੀ ਹੈ।