ਕੈਨੇਡਾ ਵਿਚ ਸਿੱਖ ਵਿਰਾਸਤੀ ਮਹੀਨਾ ਹੋਇਆ ਆਰੰਭ
ਕੈਨੇਡਾ ਵਿਚ ਸਿੱਖ ਵਿਰਾਸਤੀ ਮਹੀਨਾ ਆਰੰਭ ਹੋ ਗਿਆ ਹੈ ਅਤੇ ਗਵਰਨਰ ਜਨਰਲ ਮੈਰੀ ਸਾਈਮਨ ਵੱਲੋਂ ਸਿੱਖ ਭਾਈਚਾਰੇ ਨੂੰ ਵਧਾਈ ਦਿੰਦਿਆਂ ਇਕ ਮਹੀਨਾ ਚੱਲਣ ਵਾਲੇ ਸਮਾਗਮਾਂ ਦਾ ਰਸਮੀ ਐਲਾਨ ਕੀਤਾ ਗਿਆ।

ਔਟਵਾ : ਕੈਨੇਡਾ ਵਿਚ ਸਿੱਖ ਵਿਰਾਸਤੀ ਮਹੀਨਾ ਆਰੰਭ ਹੋ ਗਿਆ ਹੈ ਅਤੇ ਗਵਰਨਰ ਜਨਰਲ ਮੈਰੀ ਸਾਈਮਨ ਵੱਲੋਂ ਸਿੱਖ ਭਾਈਚਾਰੇ ਨੂੰ ਵਧਾਈ ਦਿੰਦਿਆਂ ਇਕ ਮਹੀਨਾ ਚੱਲਣ ਵਾਲੇ ਸਮਾਗਮਾਂ ਦਾ ਰਸਮੀ ਐਲਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਭਿਆਚਾਰਕ ਵੰਨ-ਸੁਵੰਨਤਾ ਕੈਨੇਡਾ ਨੂੰ ਬੇਹੱਦ ਮਜ਼ਬੂਤ ਬਣਾਉਂਦੀ ਹੈ ਅਤੇ ਸਿੱਖ ਧਰਮ ਵਿਚ ਨਿਸ਼ਕਾਮ ਸੇਵਾ ਦਾ ਸਿਧਾਂਤ ਸਾਡੀਆਂ ਕਮਿਊਨਿਟੀਜ਼ ਨੂੰ ਜੋੜਨ ਦਾ ਕੰਮ ਕਰ ਰਿਹਾ ਹੈ। ਭਾਰਤ ਤੋਂ ਬਾਅਦ ਸਿੱਖਾਂ ਦੀ ਸਭ ਤੋਂ ਵੱਧ ਆਬਾਦੀ ਕੈਨੇਡਾ ਵਿਚ ਹੈ ਅਤੇ ਮੁਲਕ ਦੀ ਤਰੱਕੀ ਤੇ ਖੁਸ਼ਹਾਲੀ ਵਿਚ ਸਿੱਖ ਭਾਈਚਾਰੇ ਵੱਲੋਂ ਪਾਏ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਗਵਰਨਰ ਜਨਰਲ ਵੱਲੋਂ ਮੁਲਕ ਦੇ ਹਰ ਵਸਨੀਕ ਨੂੰ ਸਿੱਖ ਵਿਰਾਸਤੀ ਮਹੀਨੇ ਦੇ ਸਮਾਗਮਾਂ ਵਿਚ ਵਧ-ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿਤਾ ਗਿਆ ਹੈ।
ਗਵਰਨਰ ਜਨਰਲ ਵੱਲੋਂ ਸਿੱਖ ਭਾਈਚਾਰੇ ਨੂੰ ਵਧਾਈ
ਉਧਰ ਓਕਵਿਲ ਦੇ ਟਾਊਨ ਹਾਲ ਵਿਖੇ ਖਾਲਸਾਈ ਝੰਡਾ ਝੁਲਾਉਣ ਦੀ ਰਸਮ ਅਦਾ ਕੀਤੀ ਗਈ ਜਿਸ ਦੌਰਾਨ ਓਕਵਿਲ ਤੋਂ ਐਮ.ਪੀ. ਅਨੀਤਾ ਆਨੰਦ, ਬਰÇਲੰਗਟਨ ਤੋਂ ਐਮ.ਪੀ. ਕਰੀਨਾ ਗੂਲਡ ਅਤੇ ਕੈਲਗਰੀ ਤੋਂ ਐਮ.ਪੀ. ਜਸਰਾਜ ਸਿੰਘ ਹੱਲਣ ਖਾਸ ਤੌਰ ’ਤੇ ਹਾਜ਼ਰ ਰਹੇ। ਸਮਾਗਮ ਵਿਚ ਸ਼ਾਮਲ ਆਗੂਆਂ ਨੇ ਕਿਹਾ ਕਿ ਸਿੱਖ ਇਤਿਹਾਸ, ਸਭਿਆਚਾਰ ਅਤੇ ਰਵਾਇਤਾਂ ਤੋਂ ਦੁਨੀਆਂ ਨੂੰ ਜਾਣੂ ਕਰਵਾਉਣ ਦਾ ਇਹ ਬਿਹਤਰੀਨ ਮੌਕਾ ਹੈ। ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹਮੇਸ਼ਾ ਨਿਸ਼ਕਾਮ ਸੇਵਾ ਲਈ ਯਤਨਸ਼ੀਲ ਰਹਿੰਦੀ ਹੈ। ਸਿੱਖਾਂ ਵੱਲੋਂ ਕੈਨੇਡੀਅਨ ਸਿਆਸਤ, ਕਾਰੋਬਾਰ, ਕਲਾ, ਮੈਡੀਸਨ ਅਤੇ ਸਿੱਖਿਆ ਖੇਤਰ ਵਿਚ ਕੀਤੀਆਂ ਅਣਗਿਣਤ ਪ੍ਰਾਪਤੀਆਂ ਨੂੰ ਉਭਾਰਿਆ ਜਾਣਾ ਚਾਹੀਦਾ ਹੈ। ਸਿੱਖ ਵਿਰਾਸਤੀ ਮਹੀਨਾ ਮਨਾਉਂਦਿਆਂ ਸਾਨੂੰ ਇਹ ਯਾਦ ਰੱਖਣਾ ਹੋਵੇਗਾ ਕਿ ਸਭਿਆਚਾਰਕ ਵੰਨ ਸੁਵੰਨਤਾ ਹੀ ਸਾਡੀ ਤਾਕਤ ਹੈ ਅਤੇ ਸਾਡੀ ਤਾਕਤ ਦਾ ਦਾਰੋਮਦਾਰ ਸਾਡੇ ਏਕੇ ਉਤੇ ਟਿਕਿਆ ਹੋਇਆ ਹੈ। ਇਸੇ ਦੌਰਾਨ ਵੈਨਕੂਵਰ ਸਿਟੀ ਹਾਲ ਵਿਖੇ ਵੀ ਸਿੱਖ ਵਿਰਾਸਤੀ ਮਹੀਨੇ ਦੀ ਆਰੰਭਤਾ ਮੌਕੇ ਇਕੱਠ ਹੋਇਆ ਅਤੇ ਭਾਈਚਾਰੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਮੇਅਰ ਕੈਨ ਸਿਮ ਨੂੰ ਸਿਰੋਪਾਉ ਭੇਟ ਕੀਤਾ ਗਿਆ।
ਓਕਵਿਲ, ਵੈਨਕੂਵਰ ਅਤੇ ਹੋਰ ਕਈ ਸ਼ਹਿਰਾਂ ਵਿਚ ਸਮਾਗਮ
ਬੀ.ਸੀ ਦੀ ਅਟਾਰਨੀ ਜਨਰੀ ਨਿੱਕੀ ਸ਼ਰਮਾ ਨੇ ਸਿੱਖ ਵਿਰਾਸਤੀ ਮਹੀਨੇ ਦੀ ਵਧਾਈ ਦਿੰਦਿਆਂ ਕਿਹਾ ਕਿ ਕੈਨੇਡਾ ਵਿਚ ਵਸਦੇ ਸਿੱਖਾਂ ਵਿਚੋਂ ਤਕਰੀਬਨ ਅੱਧੇ ਬੀ.ਸੀ. ਵਿਚ ਵਸਦੇ ਹਨ ਅਤੇ ਸੂਬੇ ਨੂੰ ਆਪਣੇ ਬਾਸ਼ਿੰਦਿਆਂ ਦੀ ਵਿਰਾਸਤ ’ਤੇ ਮਾਣ ਹੈ। ਆਉਣ ਵਾਲੇ ਸਮੇਂ ਦੌਰਾਨ ਵੀ ਸਿੱਖ ਭਾਈਚਾਰਾ ਸੂਬੇ ਅਤੇ ਮੁਲਕ ਦੀ ਤਰੱਕੀ ਵਿਚ ਵੱਡਾ ਯੋਗਦਾਨ ਪਾਉਂਦਾ ਰਹੇਗਾ। ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਨੇ ਸਿੱਖ ਵਿਰਾਸਤੀ ਮਹੀਨੇ ਦੀ ਵਧਾਈ ਦਿੰਦਿਆਂ ਕਿਹਾ ਕਿ ਸਿੱਖੀ ਮੁਤਾਬਕ ਅਸੀਂ ਸਾਰੇ ਇਕ ਹਾਂ ਅਤੇ ਇਕ-ਦੂਜੇ ਨਾਲ ਜੁੜੇ ਹੋਏ ਹਾਂ। ਜਦੋਂ ਸਾਡੇ ਆਲੇ-ਦੁਆਲੇ ਦੇ ਲੋਕ ਵਧਣ-ਫੁੱਲਣਗੇ ਤਾਂ ਅਸੀਂ ਵੀ ਹੋਰ ਬਿਹਤਰ ਹੁੰਦੇ ਜਾਵਾਂਗੇ।