‘ਕੈਨੇਡਾ ਵਿਚ ਸਿੱਖ ਪਰਵਾਰਾਂ ਨੂੰ ਡਰਾਇਆ ਅਤੇ ਧਮਕਾਇਆ’
ਕੈਨੇਡਾ ਵਿਚ ਸਿੱਖ ਪਰਵਾਰਾਂ ਨੂੰ ਡਰਾਉਣ-ਧਮਕਾਉਣ, ਗੁਰਦਵਾਰਿਆਂ ਵਿਚ ਜਾਸੂਸੀ ਕਰਨ ਅਤੇ ਚੋਣਾਂ ਵਿਚ ਦਖਲ ਦੇ ਹੈਰਾਨਕੁੰਨ ਖੁਲਾਸਿਆਂ ਤੋਂ ਪਰਦਾ ਚੁੱਕਿਆ ਗਿਆ
By : Upjit Singh
ਟੋਰਾਂਟੋ : ਕੈਨੇਡਾ ਵਿਚ ਸਿੱਖ ਪਰਵਾਰਾਂ ਨੂੰ ਡਰਾਉਣ-ਧਮਕਾਉਣ, ਗੁਰਦਵਾਰਿਆਂ ਵਿਚ ਜਾਸੂਸੀ ਕਰਨ ਅਤੇ ਚੋਣਾਂ ਵਿਚ ਦਖਲ ਦੇ ਹੈਰਾਨਕੁੰਨ ਖੁਲਾਸਿਆਂ ਤੋਂ ਪਰਦਾ ਚੁੱਕਿਆ ਗਿਆ ਜਦੋਂ ਹੋਗ ਕਮਿਸ਼ਨ ਵੱਲੋਂ ਕੀਤੀ ਪੜਤਾਲ ਨਾਲ ਸਬੰਧਤ ਕਈ ਦਸਤਾਵੇਜ਼ ਜਨਤਕ ਕਰ ਦਿਤੇ ਗਏ। ਇਕ ਗਵਾਹ ਨੇ ਵੱਡਾ ਦੋਸ਼ ਲਾਉਂਦਿਆਂ ਕਿਹਾ ਕਿ ਭਾਰਤ ਨੇ ਕੈਨੇਡਾ ਵਿਚ ਦਖਲ ਦਿਤਾ ਅਤੇ ਕੈਨੇਡਾ ਸਰਕਾਰ ਮੂਕ ਦਰਸ਼ਕ ਬਣੀ ਰਹੀ। ‘ਗਲੋਬਲ ਨਿਊਜ਼’ ਵੱਲੋਂ ਪ੍ਰਕਾਸ਼ਤ ਰਿਪੋਰਟ ਮੁਤਾਬਕ 100 ਤੋਂ ਵੱਧ ਪ੍ਰਵਾਸੀਆਂ ਵੱਲੋਂ ਜਾਂਚ ਕਮਿਸ਼ਨ ਸਾਹਮਣੇ ਆਪਣੇ ਬਿਆਨ ਦਰਜ ਕਰਵਾਏ ਗਏ ਜਿਨ੍ਹਾਂ ਵਿਚ ਚੀਨ, ਈਰਾਨ ਅਤੇ ਯੂਕਰੇਨ ਨਾਲ ਸਬੰਧਤ ਦਾਅਵੇ ਵੀ ਸ਼ਾਮਲ ਰਹੇ ਪਰ ਕੈਨੇਡੀਅਨ ਸਿੱਖਾਂ ਦੇ ਬਿਆਨਾਂ ਨੂੰ ਪ੍ਰਮੁੱਖਤਾ ਨਾਲ ਲਿਆ ਜਾ ਰਿਹਾ ਹੈ।
ਗੁਰਦਵਾਰਿਆਂ ਵਿਚ ਕੀਤੀ ਗਈ ਜਾਸੂਸੀ : ਜਾਂਚ ਰਿਪੋਰਟ
ਕੈਨੇਡਾ ਸਰਕਾਰ ਵਿਦੇਸ਼ੀ ਦਖਲ ਦੇ ਮਾਮਲੇ ਵਿਚ ਭਾਰਤ ਨੂੰ ਦੂਜਾ ਸਭ ਤੋਂ ਵੱਡਾ ਖਤਰਾ ਦੱਸ ਚੁੱਕੀ ਹੈ ਜਦਕਿ ਭਾਰਤ ਵੱਲੋਂ ਅਕਸਰ ਹੀ ਕੈਨੇਡੀਅਨ ਧਰਤੀ ’ਤੇ ਸਰਗਰਮ ਖਾਲਿਸਤਾਨ ਹਮਾਇਤੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਦਸਤਾਵੇਜ਼ਾਂ ਮੁਤਾਬਕ ਇਕ ਗਵਾਹ ਨੇ ਦੱਸਿਆ ਕਿ ਉਹ ਔਟਵਾ ਵਿਖੇ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਰੋਸ ਵਿਖਾਵੇ ਵਿਚ ਸ਼ਾਮਲ ਹੋਇਆ ਤਾਂ ਪੰਜਾਬ ਵਿਚ ਪੁਲਿਸ ਉਸ ਦੇ ਘਰ ਪੁੱਜ ਗਈ ਅਤੇ ਉਸ ਦੇ ਮਾਤਾ ਜੀ ਅਤੇ ਭਰਾ ਨੂੰ ਧਮਕਾਉਣ ਲੱਗੀ। ਪੁਲਿਸ ਦੀਆਂ ਧਮਕੀਆਂ ਤੋਂ ਘਬਰਾਏ ਦੋਵੇਂ ਜੀਅ ਦੁਬਈ ਜਾਣ ਵਾਸਤੇ ਮਜਬੂਰ ਹੋ ਗਏ। ਇਕ ਹੋਰ ਗਵਾਹ ਨੇ ਦੱਸਿਆ ਕਿ ਭਾਰਤ ਵੱਲੋਂ ਕੈਨੇਡੀਅਨ ਸਿਆਸੀ ਪਾਰਟੀ ਦੀ ਨਾਮਜ਼ਦਗੀ ਪ੍ਰਕਿਰਿਆ ਨੂੰ ਪ੍ਰਭਾਵਤ ਕਰਨ ਦਾ ਯਤਨ ਕਰਦਿਆਂ ਉਨ੍ਹਾਂ ਉਮੀਦਵਾਰਾਂ ਨੂੰ ਲਾਂਭੇ ਕਰਨ ਦਾ ਯਤਨ ਕੀਤਾ ਜੋ ਭਾਰਤ ਦੀ ਮੁਖਾਲਫ਼ਤ ਕਰਦੇ ਆ ਰਹੇ ਸਨ। ਕੈਨੇਡਾ ਦੇ ਇਕ ਅਣਦੱਸੇ ਸ਼ਹਿਰ ਵਿਚ ਮਿਊਂਸਪਲ ਕੌਂਸਲ ਦੀ ਚੋਣ ਲੜਨ ਵਾਲੇ ਉਮੀਦਵਾਰ ਵਿਰੁੱਧ ਭਾਰਤ ਸਰਕਾਰ ਵੱਲੋਂ ਕੂੜ ਪ੍ਰਚਾਰ ਵੀ ਕੀਤਾ ਗਿਆ। ਸਿਰਫ਼ ਐਨਾ ਹੀ ਨਹੀਂ, ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦੀਆਂ ਚੋਣਾਂ ਵਿਚ ਵੀ ਭਾਰਤੀ ਕੌਂਸਲੇਟਸ ਨੇ ਕਥਿਤ ਦਖਲ ਦਿਤਾ ਅਤੇ ਚੋਣਵੇਂ ਸਿੱਖਾਂ ਨੂੰ ਭਾਰਤੀ ਵੀਜ਼ਾ ਦੇਣ ਤੋਂ ਨਾਂਹ ਵੀ ਕਰ ਦਿਤੀ ਗਈ। ਇਕ ਹੋਰ ਗਵਾਹ ਨੇ ਪੜਤਾਲ ਕਮਿਸ਼ਨ ਨੂੰ ਦੱਸਿਆ ਕਿ ਸਿੱਖ ਭਾਈਚਾਰੇ ਨਾਲ ਸਬੰਧਤ ਲੋਕ ਇਹ ਸੋਚਣ ਲਈ ਮਜਬੂਰ ਹੋ ਗਏ ਕਿ ਕੀ ਕੈਨੇਡਾ ਵਿਚ ਚੁਣੇ ਹੋਏ ਕੁਝ ਨੁਮਾਇੰਦੇ ਭਾਰਤ ਸਰਕਾਰ ਦੇ ਏਜੰਟ ਵਜੋਂ ਕੰਮ ਤਾਂ ਨਹੀਂ ਕਰ ਰਹੇ। ਜਾਂਚ ਕਮਿਸ਼ਨ ਵੱਲੋਂ ਜਦੋਂ ਇਨ੍ਹਾਂ ਸਮੱਸਿਆਵਾਂ ਦੇ ਹੱਲ ਬਾਰੇ ਪੁੱਛਿਆ ਗਿਆ ਤਾਂ ਇਕ ਸ਼ਖਸ ਨੇ ਸੁਝਾਅ ਦਿਤਾ ਕਿ ਕਿਸੇ ਵੀ ਸਿਆਸੀ ਪਾਰਟੀ ਦੀ ਨਾਮਜ਼ਦਗੀ ਪ੍ਰਕਿਰਿਆ ਤੋਂ ਪਹਿਲਾਂ ਸੰਭਾਵਤ ਉਮੀਦਵਾਰਾਂ ਦੇ ਪਿਛੋਕੜ ਦੀ ਘੋਖ ਲਾਜ਼ਮੀ ਤੌਰ ’ਤੇ ਕਰਵਾਈ ਜਾਵੇ।
ਵਿਦੇਸ਼ ਦਖਲ ਬਾਰੇ ਪੜਤਾਲ ਕਮਿਸ਼ਨ ਦੇ ਦਸਤਾਵੇਜ਼ ਹੋਏ ਜਨਤਕ
ਭਾਰਤੀ ਮਿਸ਼ਨਾਂ ਨੂੰ ਗੁਰਦਵਾਰਾ ਸਾਹਿਬ ਵਿਚ ਦਖਲ ਤੋਂ ਰੋਕਿਆ ਜਾਵੇ। ਇਸੇ ਦੌਰਾਨ ਇਕ ਹੋਰ ਗਵਾਹ ਨੇ ਪੜਤਾਲ ਕਮਿਸ਼ਨ ਨੂੰ ਦੱਸਿਆ ਕਿ ਭਾਰਤ ਵੱਲੋਂ ਕੈਨੇਡਾ ਵਿਚ ਪੁਲਿਸ ਥਾਣੇ ਚਲਾਏ ਜਾ ਰਹੇ ਹਨ ਕਿਉਂਕਿ ਡਿਪਲੋਮੈਟਸ ਦੀ ਥਾਂ ਉਚ ਅਹੁਦਿਆਂ ਵਾਲੇ ਪੁਲਿਸ ਅਫ਼ਸਰਾਂ ਨੂੰ ਤੈਨਾਤ ਕੀਤਾ ਜਾ ਰਿਹਾ ਹੈ। ਇਨ੍ਹਾਂ ਪੁਲਿਸ ਥਾਣਿਆਂ ਰਾਹੀਂ ਕੈਨੇਡੀਲਨ ਪਰਵਾਰਾਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ। ਗਵਾਹਾਂ ਨੇ ਇਹ ਵੀ ਕਿਹਾ ਕਿ ਕੈਨੇਡੀਅਨ ਖੁਫੀਆ ਏਜੰਸੀਆਂ ਨੂੰ ਵਧੇਰੇ ਪਾਰਦਰਸ਼ਤਾ ਲਿਆਉਣੀ ਹੋਵੇਗੀ ਅਤੇ ਵਿਦੇਸ਼ੀ ਦਖਲ ਦੇ ਟਾਕਰੇ ਵਾਸਤੇ ਇਕ ਟਾਸਕ ਫੋਰਸ ਲੋੜੀਂਦੀ ਹੈ। ਪੁਲਿਸ ਵੱਲੋਂ ਜਾਨ ਦੇ ਖਤਰੇ ਦੀ ਚਿਤਾਵਨੀ ਦਿਤੇ ਜਾਣ ਮਗਰੋਂ ਸਬੰਧਤ ਲੋਕਾਂ ਵਾਸਤੇ ਸੁਰੱਖਿਆ ਬੰਦੋਬਸਤ ਕੀਤੇ ਜਾਣੇ ਲਾਜ਼ਮੀ ਹਨ। ਇਥੇ ਦਸਣਾ ਬਣਦਾ ਹੈ ਕਿ ‘ਗਲੋਬਲ ਨਿਊਜ਼’ ਵੱਲੋਂ ਦਸੰਬਰ 2024 ਵਿਚ ਪ੍ਰਕਾਸ਼ਤ ਇਕ ਰਿਪੋਰਟ ਨੂੰ ਭਾਰਤ ਸਰਕਾਰ ਨੇ ਗੁੰਮਰਾਹਕੁਨ ਜਾਣਕਾਰੀ ਕਰਾਰ ਦਿਤਾ ਸੀ ਪਰ ਜਾਂਚ ਕਮਿਸ਼ਨ ਦੇ ਦਸਤਾਵੇਜ਼ਾਂ ਵਿਚੋਂ ਵੀ ਤਕਰੀਬਨ ਉਸੇ ਕਿਸਮ ਦੀ ਜਾਣਕਾਰੀ ਉਭਰ ਕੇ ਸਾਹਮਣੇ ਆਈ ਹੈ।