ਕੈਲਗਰੀ ਵਿਚ ਚੱਲੀਆਂ ਗੋਲੀਆਂ, ਗੁਰਸੇਵਕ ਸਿੰਘ ’ਤੇ ਲੱਗੇ ਦੋਸ਼
ਕੈਲਗਰੀ ਵਿਚ ਗੋਲੀਆਂ ਚੱਲਣ ਅਤੇ ਜਬਰੀ ਵਸੂਲੀ ਦੇ ਮਾਮਲਿਆਂ ਦੀ ਪੜਤਾਲ ਕਰ ਰਹੀ ਪੁਲਿਸ ਵੱਲੋਂ 32 ਸਾਲ ਦੇ ਗੁਰਸੇਵਕ ਸਿੰਘ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ।
By : Upjit Singh
ਕੈਲਗਰੀ : ਕੈਲਗਰੀ ਵਿਚ ਗੋਲੀਆਂ ਚੱਲਣ ਅਤੇ ਜਬਰੀ ਵਸੂਲੀ ਦੇ ਮਾਮਲਿਆਂ ਦੀ ਪੜਤਾਲ ਕਰ ਰਹੀ ਪੁਲਿਸ ਵੱਲੋਂ 32 ਸਾਲ ਦੇ ਗੁਰਸੇਵਕ ਸਿੰਘ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਨੇ ਦੱਸਿਆ ਕਿ 19 ਸਤੰਬਰ ਨੂੰ ਸਵੇਰੇ ਤਕਰੀਬਨ 8 ਵਜੇ ਕੈਲਗਰੀ ਦੇ ਨੌਰਥ ਈਸਟ ਇਲਾਕੇ ਵਿਚ ਇਕ ਸ਼ਖਸ ਆਪਣੇ ਘਰੋਂ ਬਾਹਰ ਨਿਕਲਿਆ ਤਾਂ ਉਸ ਦੀਆਂ ਦੋ ਗੱਡੀਆਂ ’ਤੇ ਗੋਲੀਆਂ ਦੇ ਨਿਸ਼ਾਨ ਨਜ਼ਰ ਆਏ। ਇਸ ਮਗਰੋਂ 23 ਸਤੰਬਰ ਨੂੰ ਧਮਕੀ ਭਰੀਆਂ ਫੋਨ ਕਾਲਜ਼ ਵੀ ਆਈਆਂ ਅਤੇ ਮੋਟੀ ਰਕਮ ਦੀ ਮੰਗ ਕੀਤੀ ਗਈ। ਪੀੜਤ ਵੱਲੋਂ ਪੁਲਿਸ ਕੋਲ ਸ਼ਿਕਾਇਤ ਕੀਤੀ ਗਈ ਤਾਂ ਪੜਤਾਲ ਦੌਰਾਨ ਸੀ.ਸੀ.ਟੀ.ਵੀ. ਫੁਟੇਜ ਤੋਂ ਅਹਿਮ ਤਸਵੀਰਾਂ ਸਾਹਮਣੇ ਆਈਆਂ। ਮੰਨਿਆ ਜਾ ਰਿਹਾ ਹੈ ਕਿ 19 ਸਤੰਬਰ ਨੂੰ ਵੱਡੇ ਤੜਕੇ ਤਕਰੀਬਨ ਸਵਾ ਦੋ ਵਜੇ ਘਰ ਦੇ ਬਾਹਰੋਂ ਲੰਘ ਰਹੀ ਗੱਡੀ ਵਿਚੋਂ ਗੋਲੀਆਂ ਚਲਾਈਆਂ ਗਈਆਂ ਅਤੇ ਇਸ ਤੋਂ ਚਾਰ ਦਿਨ ਬਾਅਦ ਜਬਰੀ ਵਸੂਲੀ ਵਾਲੀਆਂ ਫੋਨ ਕਾਲਜ਼ ਪੀੜਤ ਕੋਲ ਆਉਣੀਆਂ ਸ਼ੁਰੂ ਹੋ ਗਈਆਂ। ਸੀ.ਸੀ.ਟੀ.ਵੀ. ਫੁਟੇਜ ਅਤੇ ਹੋਰ ਸਬੂਤਾਂ ਦੇ ਆਧਾਰ ਜਾਂਚਕਰਤਾਵਾਂ ਵੱਲੋਂ ਦੋ ਸ਼ੱਕੀਆਂ ਦੀ ਪਛਾਣ ਕਰਦਿਆਂ ਗੁਰਸੇਵਕ ਸਿੰਘ ਵਿਰੁੱਧ ਲਾਪ੍ਰਵਾਹੀ ਨਾਲ ਹਥਿਆਰ ਦੀ ਵਰਤੋਂ ਕਰਨ, ਲੋਕਾਂ ਵਾਸਤੇ ਖਤਰਾ ਪੈਦਾ ਕਰਦਾ ਹਥਿਆਰ ਰੱਖਣ, ਅਣਅਧਿਕਾਰਤ ਤਰੀਕੇ ਨਾਲ ਹਥਿਆਰ ਰੱਖਣ, ਗੱਡੀ ਵਿਚ ਹਥਿਆਰ ਰੱਖਣ, ਪਾਬੰਦੀਸ਼ੁਦਾ ਹਥਿਆਰ ਰੱਖਣ, 5 ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਪ੍ਰੌਪਰਟੀ ਨੂੰ ਨੁਕਸਾਨ ਪਹੁੰਚਾਉਣ ਅਤੇ ਐਕਟੌਰਸ਼ਨ ਦੇ ਦੋਸ਼ ਆਇਦ ਕੀਤੇ ਗਏ ਹਨ। ਗੁਰਸੇਵਕ ਸਿੰਘ ਦੀ ਅਦਾਲਤ ਵਿਚ ਪੇਸ਼ੀ 18 ਅਕਤੂਬਰ ਨੂੰ ਹੋਵੇਗੀ ਜਦਜਕਿ ਦੂਜਾ ਸ਼ੱਕੀ ਵਿਰੁੱਧ ਦੋਸ਼ਾਂ ਨੂੰ ਫਿਲਹਾਲ ਪੈਂਡਿੰਗ ਰੱਖਿਆ ਗਿਆ ਹੈ। ਕੈਲਗਰੀ ਪੁਲਿਸ ਦੀ ਐਕਟਿੰਗ ਸਟਾਫ ਸਾਰਜੈਂਟ ਟ੍ਰੇਸੀ ਜੌਹਨਸਨ ਵੱਲੋਂ ਕਮਿਊਨਿਟੀ ਮੈਂਬਰਾਂ ਦਾ ਸ਼ੁਕਰੀਆ ਅਦਾ ਕੀਤਾ ਗਿਆ ਜਿਨ੍ਹਾਂ ਨੇ ਪੜਤਾਲ ਦੌਰਾਨ ਸੰਜਮ ਬਣਾਈ ਰੱਖਿਆ ਅਤੇ ਪੁਲਿਸ ਨੂੰ ਪੂਰਾ ਸਹਿਯੋਗ ਦਿਤਾ। ਉਨ੍ਹਾਂ ਕਿਹਾ ਕਿ ਹਿੰਸਕ ਅਤੇ ਧਮਕੀਆਂ ਦੀ ਸਾਡੇ ਸ਼ਹਿਰ ਵਿਚ ਕੋਈ ਜਗ੍ਹਾ ਨਹੀਂ। ਅਜਿਹੇ ਮਾਮਲਿਆਂ ਲਈ ਜ਼ਿੰਮੇਵਾਰ ਲੋਕਾਂ ਨੂੰ ਪੁਲਿਸ ਵੱਲੋਂ ਹਰ ਹਾਲਤ ਵਿਜ ਜਵਾਬਦੇਹ ਬਣਾਇਆ ਜਾਵੇਗਾ। ਕੈਲਗਰੀ ਵਿਚ ਵਾਪਰੀਆਂ ਇਨ੍ਹਾਂ ਘਟਨਾਵਾਂ ਨੂੰ ਐਲਬਰਟਾ ਸਣੇ ਕੈਨੇਡਾ ਦੇ ਵੱਖ ਵੱਖ ਰਾਜਾਂ ਵਿਚ ਜਬਰੀ ਵਸੂਲੀ ਦੇ ਮਾਮਲਿਆਂ ਬਾਰੇ ਚੱਲ ਰਹੀ ਪੜਤਾਲ ਜੋੜਿਆ ਨਹੀਂ ਗਿਆ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਨ੍ਹਾਂ ਵਾਰਦਾਤਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ 403 266 1234 ’ਤੇ ਸੰਪਰਕ ਕਰੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨਾਲ 1800 222 8477 ’ਤੇ ਕਾਲ ਕੀਤੀ ਜਾ ਸਕਦੀ ਹੈ। ਚੇਤੇ ਰਹੇ ਕੁਝ ਦਿਨ ਪਹਿਲਾਂ ਕੈਲਗਰੀ ਦੇ ਗੁਰਦਵਾਰਾ ਸਾਹਿਬ ਦੇ ਬਾਹਰ ਪਸਤੌਲ ਲਹਿਰਾਉਂਦੇ ਇਕ ਸ਼ਖਸ ਦੀ ਵੀਡੀਓ ਵਾਇਰਲ ਹੋਈ ਅਤੇ ਉਹ ਸ਼ਖਸ ਵੀ ਗੁਰਸੇਵਕ ਸਿੰਘ ਦੱਸਿਆ ਜਾ ਰਿਹਾ ਹੈ ਜਿਸ ਨੂੰ ਉਸ ਦੇ ਸਾਥੀ ਸਣੇ ਗ੍ਰਿਫ਼ਤਾਰ ਕੀਤਾ ਗਿਆ ਸੀ।