ਉਨਟਾਰੀਓ ’ਚ ਗੁਆਂਢੀਆਂ ਦੀ ਲੜਾਈ ਦੌਰਾਨ ਚੱਲੀਆਂ ਗੋਲੀਆਂ, 2 ਹਲਾਕ
ਉਨਟਾਰੀਓ ਦੇ ਸਟ੍ਰੈਟਫੋਰਡ ਵਿਖੇ ਗੁਆਂਢੀਆਂ ਦੀ ਲੜਾਈ ਦੌਰਾਨ ਗੋਲੀਆਂ ਚੱਲ ਗਈਆਂ ਅਤੇ ਘੱਟੋ ਘੱਟ ਦੋ ਜਣਿਆਂ ਦੀ ਮੌਤ ਹੋ ਗਈ ਜਦਕਿ ਦੋ ਹੋਰ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ।
By : Upjit Singh
ਸਟ੍ਰੈਟਫੋਰਡ, : ਉਨਟਾਰੀਓ ਦੇ ਸਟ੍ਰੈਟਫੋਰਡ ਵਿਖੇ ਗੁਆਂਢੀਆਂ ਦੀ ਲੜਾਈ ਦੌਰਾਨ ਗੋਲੀਆਂ ਚੱਲ ਗਈਆਂ ਅਤੇ ਘੱਟੋ ਘੱਟ ਦੋ ਜਣਿਆਂ ਦੀ ਮੌਤ ਹੋ ਗਈ ਜਦਕਿ ਦੋ ਹੋਰ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਪੁਲਿਸ ਨੇ ਦੱਸਿਆ ਕਿ ਮੌਕੇ ’ਤੇ ਪੁੱਜੇ ਅਫਸਰਾਂ ਨੂੰ ਚਾਰ ਜਣੇ ਜ਼ਖਮੀ ਹਾਲਤ ਵਿਚ ਮਿਲੇ ਜਿਨ੍ਹਾਂ ਵਿਚੋਂ ਦੋ ਨੇ ਦਮ ਤੋੜ ਦਿਤਾ ਜਾ ਦੋ ਨੂੰ ਹੈਲੀਕਾਪਟਰ ਰਾਹੀਂ ਲੰਡਨ ਦੇ ਵਿਕਟੋਰੀਆ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਅੱਗੇ ਕਿਹਾ ਕਿ 31 ਸਾਲ ਦੇ ਰਿਕੀ ਬਿਲਕਾ ਆਪਣੇ ਗੁਆਂਢੀਆਂ ਨਾਲ ਝਗੜੇ ਮਗਰੋਂ ਰਾਈਫਲ ਚੁੱਕ ਲਿਆਇਆ ਅਤੇ ਤਿੰਨ ਜਣਿਆਂ ਨੂੰ ਗੋਲੀਆਂ ਮਾਰ ਦਿਤੀਆਂ। ਇਸ ਮਗਰੋਂ ਉਸ ਨੇ ਖੁਦ ਨੂੰ ਮਾਰ ਲਈ ਅਤੇ ਦਮ ਤੋੜ ਗਿਆ। ਜ਼ਖਮੀਆਂ ਵਿਚੋਂ 43 ਸਾਲ ਦਾ ਇਕ ਪੁਰਸ਼ ਅਤੇ ਔਰਤ ਦੱਸੇ ਜਾ ਰਹੇ ਹਨ।
2 ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ
ਸਟ੍ਰੈਟਫੋਰਡ ਦੇ ਬਰੈਡਸ਼ਾਅ ਡਰਾਈਵ ਇਲਾਕੇ ਨੂੰ ਪੜਤਾਲ ਦੇ ਮੱਦੇਨਜ਼ਰ ਸ਼ੁੱਕਰਵਾਰ ਕਈ ਘੰਟੇ ਬੰਦ ਰੱਖਿਆ ਗਿਆ। ਪੁਲਿਸ ਨੇ ਗੋਲੀਬਾਰੀ ਦੀਆਂ ਕਈ ਵੀਡੀਓ ਸੋਸ਼ਲ ਮੀਡੀਆ ’ਤੇ ਦੇਖੀਆਂ ਅਤੇ ਹੁਣ ਗਵਾਹਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਜਾ ਰਹੀ ਹੈ। ਇਲਾਕੇ ਦੇ ਲੋਕਾਂ ਨੂੰ ਯਕੀਨ ਹੀ ਨਹੀਂ ਹੋ ਰਿਹਾ ਹੈ ਕਿ ਸ਼ਾਂਤਮਈ ਮੰਨੇ ਜਾਣ ਵਾਲੇ ਸ਼ਹਿਰ ਵਿਚ ਐਨਾ ਖੂਨ ਖਰਾਬਾ ਹੋ ਸਕਦਾ ਹੈ। ਵਾਰਦਾਤ ਵਾਲੀ ਥਾਂ ਨੇੜੇ ਰਹਿੰਦੇ ਸੈਮ ਅਹਿਮਦ ਨੇ ਦੱਸਿਆ ਕਿ ਉਹ ਆਪਣੇ ਕੁੱਤੇ ਨੂੰ ਲੈ ਕੇ ਟਹਿਲ ਰਿਹਾ ਸੀ ਜਦੋਂ ਗੋਲੀਆਂ ਚੱਲੀਆਂ। ਆਂਢ ਗੁਆਂਢ ਦੇ ਲੋਕ ਇਸ ਵਾਰਦਾਤ ਮਗਰੋਂ ਬੁਰੀ ਤਰ੍ਹਾਂ ਝੰਜੋੜੇ ਗਏ ਕਿਉਂਕਿ ਗੋਲੀਬਾਰੀ ਵਰਗੀ ਵਾਰਦਾਤ ਕਦੇ ਇਸ ਇਲਾਕੇ ਵਿਚ ਹੋਈ ਹੀ ਨਹੀਂ ਸੀ।