ਡਗ ਫ਼ੋਰਡ ਦੇ ਜਵਾਈ ’ਤੇ ਲੱਗੇ ਗੰਭੀਰ ਦੋਸ਼
ਉਨਟਾਰੀਓ ਦੇ ਪ੍ਰੀਮੀਅਰ ਡਗ ਫ਼ੋਰਡ ਦੇ ਜਵਾਈ ਅਤੇ ਟੋਰਾਂਟੋ ਪੁਲਿਸ ਦੇ ਸਟਾਫ਼ ਸਾਰਜੈਂਟ ਅਰਨੈਸਟ ਡੇਵ ਹੇਨਜ਼ ਵਿਰੁੱਧ ਪੇਸ਼ੇਵਰ ਨਿਯਮਾਂ ਦੀ ਉਲੰਘਣਾ ਕਰਨ ਦੇ 15 ਦੋਸ਼ ਲੱਗੇ ਹਨ।

ਟੋਰਾਂਟੋ : ਉਨਟਾਰੀਓ ਦੇ ਪ੍ਰੀਮੀਅਰ ਡਗ ਫ਼ੋਰਡ ਦੇ ਜਵਾਈ ਅਤੇ ਟੋਰਾਂਟੋ ਪੁਲਿਸ ਦੇ ਸਟਾਫ਼ ਸਾਰਜੈਂਟ ਅਰਨੈਸਟ ਡੇਵ ਹੇਨਜ਼ ਵਿਰੁੱਧ ਪੇਸ਼ੇਵਰ ਨਿਯਮਾਂ ਦੀ ਉਲੰਘਣਾ ਕਰਨ ਦੇ 15 ਦੋਸ਼ ਲੱਗੇ ਹਨ। 27 ਫਰਵਰੀ ਨੂੰ ਸੂਬੇ ਵਿਚ ਵੋਟਾਂ ਤੋਂ ਐਨ ਪਹਿਲਾਂ ਡਗ ਫੋਰਡ ਦਾ ਜਵਾਈ ਟੋਰਾਂਟੋ ਪੁਲਿਸ ਦੇ ਟ੍ਰਿਬਿਊਨਲ ਅੱਗੇ ਪੇਸ਼ ਹੋਇਆ। ਸੀ.ਟੀ.ਵੀ. ਦੀ ਰਿਪੋਰਟ ਮੁਤਾਬਕ ਅਰਨੈਸਟ ਡੇਵ ਹੇਨਜ਼ ਵੱਲੋਂ ਨਵੰਬਰ 2020 ਤੋਂ ਫਰਵਰੀ 2024 ਦਰਮਿਆਨ 22 ਡਵੀਜ਼ਨ ਵਿਚ ਸਟਾਫ਼ ਸਾਰਜੈਂਟ ਵਜੋਂ ਨਿਯੁਕਤੀ ਦੌਰਾਨ ਕਥਿਤ ਤੌਰ ’ਤੇ ਆਪਣੀ ਪਤਨੀ ਕ੍ਰਿਸਟਾ ਫੋਰਡ ਹੇਨਜ਼ ਨਾਲ ਖੁਫੀਆ ਜਾਣਕਾਰੀ ਸਾਂਝੀ ਕੀਤੀ ਗਈ। ਇਕ ਮਾਮਲੇ ਵਿਚ ਹੇਨਜ਼ ਵੱਲੋਂ ਕਥਿਤ ਤੌਰ ’ਤੇ ਆਪਣੇ ਟੋਰਾਂਟੋ ਪੁਲਿਸ ਅਕਾਊਂਟ ਰਾਹੀਂ ਆਪਣੀ ਪਤਨੀ ਨੂੰ 79 ਈਮੇਲਜ਼ ਭੇਜੀਆਂ ਗਈਆਂ।
ਟੋਰਾਂਟੋ ਪੁਲਿਸ ਦੇ ਟ੍ਰਿਬਿਊਨਲ ਅੱਗੇ ਪੇਸ਼ ਹੋਇਆ ਡੇਵ ਹੇਨਜ਼
ਹੇਨਜ਼ ਵੱਲੋਂ ਆਪਣੀ ਪਤਨੀ ਤੋਂ ਇਲਾਵਾ ਕਾਨੂੰਨ ਦੀ ਪੜ੍ਹਾਈ ਕਰ ਰਹੇ ਇਕ ਵਿਦਿਆਰਥੀ ਨੂੰ ਵੀ ਸੈਕਸ਼ੁਅਲ ਅਸਾਲਟ ਦੇ ਇਕ ਮਾਮਲੇ ਦੀ ਜਾਣਕਾਰੀ ਕਥਿਤ ਤੌਰ ’ਤੇ ਭੇਜੀ ਗਈ। ਟ੍ਰਿਬਿਊਨਲ ਦਸਤਾਵੇਜ਼ ਮੁਤਾਬਕ ਅਰਨੈਸਟ ਵੱਲੋਂ ਇਹ ਜਾਥਾਰੀ ਕਥਿਤ ਤੌਰ ’ਤੇ 29 ਦਸੰਬਰ 2023 ਨੂੰ ਆਪਣੀ ਪਤਨੀ ਨੂੰ ਵੀ ਭੇਜੀ ਗਈ। ਇਸ ਤੋਂ ਇਲਾਵਾ ਹੇਨਜ਼ ਨੇ ਫ਼ਰਵਰੀ 2024 ਦੌਰਾਨ ਪੁਲਿਸ ਦੀ ਖੁਫੀਆ ਕਾਰਵਾਈ ਬਾਰੇ ਆਪਣੇ ਨਿਜੀ ਇੰਸਟਾਗ੍ਰਾਮ ਅਕਾਊਂਟ ’ਤੇ ਜਾਣਕਾਰੀ ਵੀ ਸਾਂਝੀ ਕੀਤੀ। ਟ੍ਰਿਬਿਊਨਲ ਦੇ ਦਸਤਾਵੇਜ਼ ਵਿਚ ਹੇਨਜ਼ ਨੂੰ ਸੰਬੋਧਤ ਹੁੰਦਿਆਂ ਕਿਹਾ ਗਿਆ, ‘‘ਤੁਹਾਡੀ ਸਰਗਰਮੀਆਂ ਬਿਲਕੁਲ ਦਰੁਸਤ ਮਹਿਸੂਸ ਨਹੀਂ ਹੋ ਰਹੀਆਂ। ਤੁਹਾਨੂੰ ਡਿਮੋਟ ਨਹੀਂ ਕੀਤਾ ਗਿਆ ਅਤੇ ਨਾ ਹੀ ਤੁਹਾਡੀ ਛੁੱਟੀਆਂ ਦੀ ਤਨਖਾਹ ਕੱਟੀ ਗਈ ਹੈ। ਤੁਹਾਡੇ ਹਰਕਤ ਕਾਰਨ ਟੋਰਾਂਟੋ ਪੁਲਿਸ ਦੀ ਬਦਨਾਮੀ ਹੋਈ।’’ ਇਥੇ ਦਸਣਾ ਬਣਦਾ ਹੈ ਕਿ ਹੇਨਜ਼ ਵਿਰੁੱਧ ਦਸੰਬਰ 2023 ਵਿਚ 22 ਡਵੀਜ਼ਨ ਅਤੇ 31 ਡੀ ਡਵੀਜ਼ਨ ਦੇ ਸਾਰੇ ਮੈਂਬਰਾਂ ਨੂੰ ਵੱਡੇ ਪੱਧਰ ’ਤੇ ਈਮੇਲ ਭੇਜਣ ਦੇ ਦੋਸ਼ ਵੀ ਲੱਗੇ ਸਨ ਪਰ ਇਨ੍ਹਾਂ ਦੋਸ਼ਾਂ ਬਾਰੇ ਟ੍ਰਿਬਿਊਨਲ ਅੱਗੇ ਕੋਈ ਸੁਣਵਾਈ ਨਾ ਹੋਈ।
ਕ੍ਰਿਸਟਾ ਫੋਰਡ ਨੇ ਕਿਹਾ, ਸੱਚ ਸਾਹਮਣੇ ਆ ਜਾਵੇਗਾ
ਆਪਣੇ ਪਤੀ ਦੀ ਟ੍ਰਿਬਿਊਨਲ ਅੱਗੇ ਪੇਸ਼ੀ ਮਗਰੋਂ ਕ੍ਰਿਸਟਾ ਫੋਰਡ ਹੇਨਜ਼ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਸੱਚ ਲੋਕਾਂ ਦੇ ਸਾਹਮਣੇ ਆ ਜਾਵੇਗਾ। ਅਸੀਂ ਪੁਲਿਸ ਮਹਿਕਮੇ ਵਿਚ ਪਾਰਦਰਸ਼ਤਾ ਲਈ ਵਚਨਬੱਧ ਹਾਂ। ਪਿਛਲੇ ਮਹੀਨੇ ਗੋਫੰਡਮੀ ਪੇਜ ਸਥਾਪਤ ਕਰਦਿਆਂ ਕ੍ਰਿਸਟਾ ਫੋਰਡ ਨੇ ਦਾਅਵਾ ਕੀਤਾ ਸੀ ਕਿ ਉਸ ਦੇ ਪਤੀ ਨੂੰ ਟੋਰਾਂਟੋ ਪੁਲਿਸ ਵੱਲੋਂ ਸਮਝੌਤੇ ਦੀ ਪੇਸ਼ਕਸ਼ ਕੀਤੀ ਗਈ। ਉਸ ਵੇਲੇ ਕ੍ਰਿਸਟਾ ਵੱਲੋਂ ਪੁਲਿਸ ਮਹਿਕਮੇ ’ਤੇ ਧੱਕੇਸ਼ਾਹੀ ਕਰਨ ਦੇ ਦੋਸ਼ ਵੀ ਲਾਏ ਗਏ। ਇਥੇ ਦਸਣਾ ਬਣਦਾ ਹੈ ਕਿ ਕਿਸੇ ਟ੍ਰਿਬਿਊਨਲ ਅੱਗੇ ਪੇਸ਼ ਹੋਣ ਵਾਲੇ ਪੁਲਿਸ ਮੁਲਾਜ਼ਮ ਨੂੰ ਵਕੀਲ ਮੁਹੱਈਆ ਕਰਵਾਇਆ ਜਾਂਦਾ ਹੈ। ਟੋਰਾਂਟੋ ਪੁਲਿਸ ਐਸੋਸੀਏਸ਼ਨ ਦੇ ਪ੍ਰਧਾਨ ਕਲੇਟਨ ਕੈਂਪਬਲ ਨੇ ਪਿਛਲੇ ਮਹੀਨੇ ਇਸ ਮੁੱਦੇ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਨਾਂਹ ਕਰ ਦਿਤੀ ਸੀ।