ਟੋਰਾਂਟੋ ਵਿਖੇ ਗਹਿਣਿਆਂ ਦੇ ਸਟੋਰ ’ਤੇ ਦੂਜੀ ਵਾਰ ਡਾਕਾ, ਇਕ ਗ੍ਰਿਫ਼ਤਾਰ
ਟੋਰਾਂਟੋ ਅਤੇ ਇਸ ਦੇ ਨਾਲ ਲਗਦੇ ਇਲਾਕਿਆਂ ਵਿਚ ਲੁਟੇਰਿਆਂ ਦੇ ਮੂੰਹ ਨੂੰ ਖੂਨ ਲੱਗ ਚੁੱਕਾ ਹੈ ਅਤੇ ਫੇਅਰਵਿਊ ਮਾਲ ਵਿਚ ਗਹਿਣਿਆਂ ਦੇ ਸਟੋਰ ਨੂੰ ਕੁਝ ਹੀ ਦਿਨਾਂ ਵਿਚ ਦੂਜੀ ਵਾਰ ਨਿਸ਼ਾਨਾ ਬਣਾਇਆ ਗਿਆ ਹੈ।
By : Upjit Singh
ਟੋਰਾਂਟੋ : ਟੋਰਾਂਟੋ ਅਤੇ ਇਸ ਦੇ ਨਾਲ ਲਗਦੇ ਇਲਾਕਿਆਂ ਵਿਚ ਲੁਟੇਰਿਆਂ ਦੇ ਮੂੰਹ ਨੂੰ ਖੂਨ ਲੱਗ ਚੁੱਕਾ ਹੈ ਅਤੇ ਫੇਅਰਵਿਊ ਮਾਲ ਵਿਚ ਗਹਿਣਿਆਂ ਦੇ ਸਟੋਰ ਨੂੰ ਕੁਝ ਹੀ ਦਿਨਾਂ ਵਿਚ ਦੂਜੀ ਵਾਰ ਨਿਸ਼ਾਨਾ ਬਣਾਇਆ ਗਿਆ ਹੈ। ਦੂਜੇ ਪਾਸੇ ਟੋਰਾਂਟੋ ਦੇ ਹਾਈ ਪਾਰਕ ਨੇੜੇ ਪਾਰਕਸਾਈਡ ਡਰਾਈਵ ਵਿਖੇ ਤੇਜ਼ ਰਫ਼ਤਾਰ ਡਰਾਈਵਰਾਂ ਨੂੰ ਜੁਰਮਾਨੇ ਕਰਨ ਵਾਲਾ ਸਪੀਡ ਕੈਮਰਾ ਤੀਜੀ ਵਾਰ ਪੁੱਟ ਦਿਤਾ ਗਿਆ ਅਤੇ ਸ਼ਰਾਰਤੀ ਅਨਸਰ ਇਸ ਨੂੰ ਝੀਲ ਵਿਚ ਸੁੱਟ ਆਏ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਸੋਮਵਾਰ ਰਾਤ ਤਕਰੀਬਨ 8.45 ਵਜੇ ਹਥੌੜਿਆਂ ਨਾਲ ਲੈਸ ਚਾਰ ਸ਼ੱਕੀ ਫੇਅਰਵਿਊ ਮਾਲ ਦੇ ਜਿਊਲਰੀ ਸਟੋਰ ਵਿਚ ਦਾਖਲ ਹੋਏ ਅਤੇ ਵਾਰਦਾਤ ਨੂੰ ਅੰਜਾਮ ਦਿਤਾ।
ਫੇਅਰਵਿਊ ਮਾਲ ਵਿਚ ਦਸੰਬਰ ਦੇ ਆਰੰਭ ਵਿਚ ਵੀ ਹੋਈ ਸੀ ਲੁੱਟ
ਸਮਾਂ ਰਹਿੰਦੇ ਇਤਲਾਹ ਮਿਲਣ ’ਤੇ ਪੁਲਿਸ ਨੇ ਡਾਕੇ ਤੋਂ ਕੁਝ ਦੇਰ ਬਾਅਦ ਇਕ ਸ਼ੱਕੀ ਨੂੰ ਕਾਬੂ ਕਰ ਲਿਆ ਅਤੇ ਤਾਜ਼ਾ ਰਿਪੋਰਟ ਮਿਲਣ ਤੱਕ ਤਿੰਨ ਸ਼ੱਕੀ ਕਾਬੂ ਕੀਤੇ ਜਾ ਚੁੱਕੇ ਹਨ। ਡੌਲ ਮਿਲਜ਼ ਰੋਡ ਅਤੇ ਸ਼ੈਪਰਡ ਐਵੇਨਿਊ ਈਸਟ ਦੇ ਸ਼ੌਪਿੰਗ ਮਾਲ ਵਿਚ ਹਰ ਪਾਸੇ ਪੁਲਿਸ ਹੀ ਪੁਲਿਸ ਨਜ਼ਰ ਆ ਰਹੀ ਸੀ। ਫਿਲਹਾਲ ਪੁਲਿਸ ਵੱਲੋਂ ਸ਼ੱਕੀਆਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਅਤੇ ਇਹ ਜਾਣਕਾਰੀ ਵੀ ਸਾਹਮਣੇ ਨਹੀਂ ਆਈ ਕਿ ਦਸੰਬਰ ਦੇ ਆਰੰਭ ਵਿਚ ਵਾਪਰੀ ਵਾਰਦਾਤ ਅਤੇ ਤਾਜ਼ਾ ਵਾਰਦਾਤ ਕਰਨ ਵਾਲੇ ਇਕੋ ਗਿਰੋਹ ਦੇ ਮੈਂਬਰ ਹਨ। ਦੂਜੇ ਪਾਸੇ ਟੋਰਾਂਟੋ ਦਾ ਸਪੀਡ ਕੈਮਰਾ ਵੀ ਚਰਚਾ ਵਿਚ ਹੈ ਜਿਸ ਰਾਹੀਂ ਤੇਜ਼ ਰਫ਼ਤਾਰ ਡਰਾਈਵਰਾਂ ਨੂੰ 70 ਲੱਖ ਡਾਲਰ ਦੇ ਜੁਰਮਾਨੇ ਕੀਤੇ ਜਾ ਚੁੱਕੇ ਹਨ ਪਰ ਅਣਪਛਾਤੇ ਸ਼ੱਕੀ ਸਪੀਡ ਕੈਮਰਾ ਜੜੋਂ ਵੱਢ ਕੇ ਨੇੜਲੀ ਝੀਲ ਵਿਚ ਸੁੱਟ ਗਏ। ਸੇਫ ਪਾਰਕਸਾਈਡ ਦੀ ਕੋਅ ਚੇਅਰ ਫਰਾਜ਼ ਗੋਲੀਜ਼ਾਦੇਹ ਦਾ ਕਹਿਣਾ ਸੀ ਕਿ ਲੋਕਾਂ ਨੂੰ ਆਪਣੀ ਸੁਰੱਖਿਆ ਬਾਰੇ ਚਿੰਤਾ ਹੋ ਰਹੀ ਹੈ।
ਤੇਜ਼ ਰਫ਼ਤਾਰ ਗੱਡੀਆਂ ਦਾ ਚਲਾਨ ਕੱਟਣ ਵਾਲਾ ਕੈਮਰਾ ਵੀ ਤੀਜੀ ਵਾਰ ਤੋੜਿਆ
ਇਸ ਦੇ ਨਾਲ ਟ੍ਰੈਫਿਕ ਨੂੰ ਵੇਖਦਿਆਂ ਸੜਕ ਸੁਰੱਖਿਅਤ ਨਹੀਂ ਰਹਿ ਗਈ ਜਿਥੇ ਇਕ ਡਰਾਈਵਰ 40 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਹੱਦ ਵਾਲੇ ਇਲਾਕੇ ਵਿਚ 154 ਕਿਲੋਮੀਟਰ ਪ੍ਰਤੀ ਘੰਟਾ ’ਤੇ ਗੱਡੀ ਚਲਾਉਂਦਾ ਫੜਿਆ ਗਿਆ। ਸਿਟੀ ਕੌਂਸਲ ਦੇ ਬੁਲਾਰੇ ਵੱਲੋਂ ਸਪੀਡ ਕੈਮਰਾ ਤੋੜ ਕੇ ਝੀਲ ਵਿਚ ਸੁੱਟਣ ਦੀ ਨਿਖੇਧੀ ਕੀਤੀ ਗਈ ਹੈ। ਇਹ ਸਪੀਡ ਕੈਮਰਾ ਦੋ ਬਜ਼ੁਰਗਾਂ ਦੀ ਮੌਤ ਤੋਂ ਬਾਅਦ ਲਾਇਆ ਗਿਆ ਜਦੋਂ 12 ਅਕਤੂਬਰ 2021 ਨੂੰ ਇਕ ਇੰਟਰਸੈਕਸ਼ਨ ’ਤੇ ਕਈ ਗੱਡੀਆਂ ਦੀ ਟੱਕਰ ਹੋ ਗਈ। ਹਾਦਸੇ ਮਗਰੋਂ ਰਫ਼ਤਾਰ ਹੱਦ 50 ਕਿਲੋਮੀਟਰ ਤੋਂ ਘਟਾ ਕੇ 40 ਕਿਲੋਮੀਟਰ ਕਰ ਦਿਤੀ ਗਈ ਪਰ ਵੱਡੀ ਗਿਣਤੀ ਵਿਚ ਲੋਕ ਇਸ ਰਫ਼ਤਾਰ ਹੱਦ ਦੀ ਉਲੰਘਣਾ ਕਰਦੇ ਹਨ। ਅਗਸਤ 2014 ਤੋਂ ਅਗਸਤ 2024 ਦਰਮਿਆਲ ਇਸ ਇਲਾਕੇ ਵਿਚ ਸੱਤ ਵੱਡੇ ਹਾਦਸੇ ਵਾਪਰੇ ਜਿਨ੍ਹਾਂ ਦੌਰਾਨ ਤਿੰਨ ਜਣਿਆਂ ਦੀ ਜਾਨ ਗਈ ਅਤੇ ਪੰਜ ਗੰਭੀਰ ਜ਼ਖਮੀ ਹੋਏ।