ਟੋਰਾਂਟੋ ’ਚ ਫੂਕਿਆ ਦੂਜਾ ਰੈਸਟੋਰੈਂਟ ਵੀ ਭਾਰਤੀ ਪਰਵਾਰ ਦਾ
ਟੋਰਾਂਟੋ ਅਤੇ ਨਾਲ ਲਗਦੇ ਇਲਾਕਿਆਂ ਵਿਚ ਭਾਰਤੀ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ

ਟੋਰਾਂਟੋ : ਟੋਰਾਂਟੋ ਅਤੇ ਨਾਲ ਲਗਦੇ ਇਲਾਕਿਆਂ ਵਿਚ ਭਾਰਤੀ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਸਕਾਰਬ੍ਰੋਅ ਵਿਖੇ ਪਿਛਲੇ ਦਿਨੀਂ ਅੱਗ ਲਾ ਕੇ ਫੂਕਿਆ ਦੂਜਾ ਰੈਸਟੋਰੈਂਟ ਵੀ ਭਾਰਤੀ ਪਰਵਾਰ ਦਾ ਦੱਸਿਆ ਜਾ ਰਿਹਾ ਹੈ ਜੋ ਸਿਰਫ਼ ਇਕ ਹਫ਼ਤਾ ਪਹਿਲਾਂ ਹੀ ਖੁਲਿ੍ਹਆ ਸੀ। ਟੋਰਾਂਟੋ ਪੁਲਿਸ ਦਾ ਮੰਨਣਾ ਹੈ ਕਿ ਦੋਹਾਂ ਵਾਰਦਾਤਾਂ ਨੂੰ ਇਕੋ ਗਿਰੋਹ ਨੇ ਅੰਜਾਮ ਦਿਤਾ। ਕੈਨੇਡੀ ਰੋਡ ਨੇੜੇ ਲਾਰੈਂਸ ਐਵੇਨਿਊ ਈਸਟ ਵਿਖੇ ਸਥਿਤ ਸ਼ਾਜ਼ ਇੰਡੀਅਨ ਕਿਊਜ਼ੀਨ ਨੂੰ ਅੱਗ ਲਾਉਣ ਵਾਲੇ 24 ਘੰਟੇ ਬਾਅਦ ਮੁੜ ਪਰਤੇ ਅਤੇ ਇਸੇ ਇਲਾਕੇ ਵਿਚ ਮੌਜੂਦ ਬਿਸੀ ਬਿਸੀ ਰੈਸਟੋਰੈਂਟ ਨੂੰ ਅੱਗ ਲਾ ਦਿਤੀ। ਪੁਲਿਸ ਮੁਤਾਬਕ ਦੋ ਨਕਾਬਪੋਸ਼ ਸ਼ੱਕੀ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਏ ਅਤੇ ਬਲਣਸ਼ੀਲ ਪਦਾਰਥ ਦੀ ਵਰਤੋਂ ਕਰਦਿਆਂ ਅੱਗ ਲਾ ਕੇ ਇਕ ਸਿਲਵਰ ਕਲਰ ਐਸ.ਯੂ.ਵੀ. ਵਿਚ ਫਰਾਰ ਹੋ ਗਏ। ਟੋਰਾਂਟੋ ਪੁਲਿਸ ਦੀ ਕਾਂਸਟੇਬਲ ਸਟੈਫ਼ਨੀ ਮਾਇਸਲੀ ਨੇ ਦੱਸਿਆ ਕਿ ਵਾਰਦਾਤ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ। ਉਧਰ ਰੈਸਟੋਰੈਂਟ ਮਾਲਕ ਦੇ ਵਕੀਲ ਰਾਜੇਸ਼ ਕੁਮਾਰ ਨੇ ਸਿਟੀ ਨਿਊਜ਼ ਨਾਲ ਗੱਲਬਾਤ ਕਰਦਿਆਂ ਅਗਜ਼ਨੀ ਦੀਆਂ ਵਾਰਦਾਤਾਂ ਨੂੰ ਕਾਇਰਾਨਾ ਹਰਕਤ ਕਰਾਰ ਦਿਤਾ।
ਪੁਲਿਸ ਨੇ ਸ਼ੱਕੀਆਂ ਅਤੇ ਗੱਡੀ ਦੀਆਂ ਤਸਵੀਰਾਂ ਜਾਰੀ ਕੀਤੀਆਂ
ਉਨ੍ਹਾਂ ਕਿਹਾ ਕਿ ਅਸਲ ਵਿਚ ਇਹ ਕਿਸੇ ਕਾਰੋਬਾਰ ਉਤੇ ਹਮਲਾ ਨਹੀਂ ਸਗੋਂ ਭਾਈਚਾਰੇ ਦੀ ਸੁਰੱਖਿਆ ਅਤੇ ਵਿਸ਼ਵਾਸ ਨੂੰ ਢਾਹ ਲਾਉਣ ਵਾਲੀ ਹਰਕਤ ਹੈ। ਰਾਜੇਸ਼ ਕੁਮਾਰ ਨੇ ਅੱਗੇ ਕਿਹਾ ਕਿ ਸ਼ਾਜ਼ ਰੈਸਟੋਰੈਂਟ ਕਈ ਵਰਿ੍ਹਆਂ ਤੋਂ ਸਥਾਨਕ ਭਾਈਚਾਰੇ ਦੀ ਸੇਵਾ ਕਰ ਰਿਹਾ ਹੈ ਅਤੇ ਬਿਸੀ ਬਿਸੀ ਨੂੰ ਖੁੱਲਿ੍ਹਆਂ ਹਾਲੇ ਕੁਝ ਹੀ ਦਿਨ ਹੋਏ ਸਨ। ਅਜਿਹੀਆਂ ਅਪਰਾਧਕ ਸਰਗਰਮੀਆਂ ਵਾਸਤੇ ਕੈਨੇਡਾ ਵਿਚ ਕੋਈ ਥਾਂ ਨਹੀਂ। ਉਧਰ ਟੋਰਾਂਟੋ ਪੁਲਿਸ ਨੇ ਦੋ ਸ਼ੱਕੀਆਂ ਅਤੇ ਉਨ੍ਹਾਂ ਵੱਲੋਂ ਵਰਤੀ ਗੱਡੀ ਦੀਆਂ ਤਸਵੀਰਾਂ ਜਾਰੀ ਕਰ ਦਿਤੀਆਂ ਜੋ ਸੰਭਾਵਤ ਤੌਰ ’ਤੇ ਹੌਂਡਾ ਸੀ.ਆਰ.ਵੀ. ਹੋ ਸਕਦੀ ਹੈ। ਇਸੇ ਦੌਰਾਨ ਪੁਲਿਸ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਗਰੀਕ ਕੈਫੇ ਨੇੜੇ ਅੱਗ ਲੱਗਣ ਦੀ ਤੀਜੀ ਵਾਰਦਾਤ ਸਾਹਮਣੇ ਆਈ ਪਰ ਇਸ ਅਗਜ਼ਨੀ ਦੀ ਪੜਤਾਲ ਨਾਲ ਜੋੜਿਆ ਨਹੀਂ ਗਿਆ। ਚੇਤੇ ਰਹੇ ਕਿ ਸ਼ਾਜ਼ ਇੰਡੀਅਨ ਕਿਊਜ਼ੀਨ ਨੂੰ ਅੱਗ ਦੇ ਹਵਾਲੇ ਕੀਤਾ ਗਿਆ ਤਾਂ ਕੁਝ ਮੁਲਾਜ਼ਮ ਅੰਦਰ ਕੰਮ ਕਰ ਰਹੇ ਸਨ।
ਭਾਰਤੀ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਦਾ ਮਾਮਲੇ ਜਾਰੀ
ਤਕਰੀਬਨ ਤਿੰਨ ਸ਼ੱਕੀਆਂ ਨੇ ਬਲੈਕ ਹੂਡੀਜ਼ ਪਾਈਆਂ ਹੋਈਆਂ ਸਨ ਅਤੇ ਨੇੜੇ ਹੀ ਖੜ੍ਹੀ ਇਕ ਗੱਡੀ ਉਨ੍ਹਾਂ ਦੀ ਉਡੀਕ ਕਰ ਰਹੀ ਸੀ। ਸ਼ਾਜ਼ ਇੰਡੀਅਨ ਕਿਊਜ਼ੀਨ ਦੇ ਮਾਲਕ ਸ਼ਹਾਬੂਦੀਨ ਸ਼ੇਖ ਦੱਸਿਆ ਕਿ ਹੁਣ ਉਨ੍ਹਾਂ ਨੂੰ ਨਵੇਂ ਸਿਰੇ ਤੋਂ ਰੈਸਟੋਰੈਂਟ ਦੀ ਉਸਾਰੀ ਕਰਨੀ ਹੋਵੇਗੀ ਪਰ ਯਕੀਨੀ ਤੌਰ ’ਤੇ ਇਹ ਦੱਸਣਾ ਮੁਸ਼ਕਲ ਹੈ ਕਿ ਰੈਸਟੋਰੈਂਟ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ। ਗੁੱਸੇ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਲੋਕਾਂ ਅੰਦਰ ਮਨੁੱਖਤਾ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ। ਸਕਾਰਬ੍ਰੋਅ ਵਿਚ ਜੋ ਵਾਪਰ ਰਿਹਾ ਹੈ, ਖਾਸ ਤੌਰ ’ਤੇ ਸਾਡੇ ਰੈਸਟੋਰੈਂਟ ਵਿਚ ਵਾਪਰੀ ਘਟਨਾ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅਸੀਂ ਬੇਹੱਦ ਅਸੁਰੱਖਿਅਤ ਹਾਂ। ਉਨ੍ਹਾਂ ਦੱਸਿਆ ਕਿ ਸ਼ੈਪਰਡ ਐਵੇਨਿਊ ਇਲਾਕੇ ਵਿਚ ਵੀ ਇਕ ਰੈਸਟੋਰੈਂਟ ਨੂੰ ਨਿਸ਼ਾਨਾ ਬਣਾਇਆ ਗਿਆ ਪਰ ਦੋਹਾਂ ਵਾਰਦਾਤਾਂ ਦੇ ਸਬੰਧਤ ਹੋਣ ਬਾਰੇ ਸਪੱਸ਼ਟ ਤੌਰ ’ਤੇ ਕੁਝ ਵੀ ਕਹਿਣਾ ਮੁਸ਼ਕਲ ਹੈ। ਦੱਸ ਦੇਈਏ ਕਿ ਟੋਰਾਂਟੋ ਅਤੇ ਨਾਲ ਲਗਦੇ ਇਲਾਕਿਆਂ ਵਿਚ ਗਹਿਣਿਆਂ ਦੇ ਸਟੋਰ ਲੁੱਟਣ ਦੀਆਂ ਵਾਰਦਾਤਾਂ ਮਗਰੋਂ ਹੁਣ ਰੈਸਟੋਰੈਂਟਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।