ਕੈਨੇਡਾ ’ਚ ਸੈਂਕੜੇ ਪੰਜਾਬੀਆਂ ਦੇ ਜ਼ਖ਼ਮਾਂ ’ਤੇ ਛਿੜਕਿਆ ਲੂਣ
ਸੈਂਕੜੇ ਪੰਜਾਬੀ ਨੌਜਵਾਨਾਂ ਦੇ ਜ਼ਖਮਾਂ ’ਤੇ ਲੂਣ ਛਿੜਕਦਿਆਂ ਡਗ ਫ਼ੋਰਡ ਸਰਕਾਰ ਵੱਲੋਂ ਉਨਟਾਰੀਓ ਇੰਮੀਗ੍ਰੈਂਟ ਨੌਮਿਨੀ ਪ੍ਰੋਗਰਾਮ ਅਧੀਨ 2 ਹਜ਼ਾਰ ਤੋਂ ਵੱਧ ਉਮੀਦਵਾਰਾਂ ਨੂੰ ਪੀ.ਆਰ. ਲਈ ਅਰਜ਼ੀਆਂ ਦਾਇਰ

By : Upjit Singh
ਟੋਰਾਂਟੋ : ਸੈਂਕੜੇ ਪੰਜਾਬੀ ਨੌਜਵਾਨਾਂ ਦੇ ਜ਼ਖਮਾਂ ’ਤੇ ਲੂਣ ਛਿੜਕਦਿਆਂ ਡਗ ਫ਼ੋਰਡ ਸਰਕਾਰ ਵੱਲੋਂ ਉਨਟਾਰੀਓ ਇੰਮੀਗ੍ਰੈਂਟ ਨੌਮਿਨੀ ਪ੍ਰੋਗਰਾਮ ਅਧੀਨ 2 ਹਜ਼ਾਰ ਤੋਂ ਵੱਧ ਉਮੀਦਵਾਰਾਂ ਨੂੰ ਪੀ.ਆਰ. ਲਈ ਅਰਜ਼ੀਆਂ ਦਾਇਰ ਕਰਨ ਦੇ ਸੱਦੇ ਭੇਜੇ ਗਏ ਹਨ ਪਰ ਰੱਦ ਕੀਤੀਆਂ 2,600 ਅਰਜ਼ੀਆਂ ਦਾ ਮਸਲਾ ਸੁਲਝਾਉਣ ਵੱਲ ਤਵੱਜੋ ਨਹੀਂ ਦਿਤੀ ਗਈ। ਜੀ ਹਾਂ, ਉਨਟਾਰੀਓ ਵਿਧਾਨ ਸਭਾ ਦਾ ਇਜਲਾਸ ਵੀ 23 ਮਾਰਚ ਤੱਕ ਉਠਾ ਦਿਤਾ ਗਿਆ ਹੈ ਅਤੇ ਹੁਣ ਪੰਜਾਬੀ ਨੌਜਵਾਨਾਂ ਕੋਲ ਵਿਧਾਨ ਸਭਾ ਦੇ ਬਾਹਰ ਧਰਨੇ ਦਾ ਕੋਈ ਮਕਸਦ ਨਹੀਂ ਰਹਿ ਗਿਆ। 2023 ਵਿਚ ਪਰਵਾਰ ਸਣੇ ਪੰਜਾਬ ਤੋਂ ਬਰੈਂਪਟਨ ਪੁੱਜਾ ਬਲਜੀਤ ਸਿੰਘ ਆਪਣਾ ਜੁੱਲੀ ਬਿਸਤਰਾ ਸਮੇਟ ਰਿਹਾ ਅਤੇ ਇਸ ਵਰਗੇ ਦਰਜਨਾਂ ਹੋਰਨਾਂ ਕੋਲ ਘਰ ਵਾਪਸੀ ਜਾਂ ਅਸਾਇਲਮ ਕਲੇਮ ਕਰਨ ਤੋਂ ਸਿਵਾਏ ਕੋਈ ਰਾਹ ਬਾਕੀ ਨਹੀਂ ਬਚਿਆ।
ਉਨਟਾਰੀਓ ਸਰਕਾਰ ਵੱਲੋਂ 2 ਹਜ਼ਾਰ ਤੋਂ ਵੱਧ ਉਮੀਦਵਾਰਾਂ ਨੂੰ ਪੀ.ਆਰ. ਦੇ ਸੱਦੇ
ਸਿਟੀ ਨਿਊਜ਼ ਨਾਲ ਗੱਲਬਾਤ ਕਰਦਿਆਂ ਬਲਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਤਿੰਨ ਸਾਲ ਦੀ ਬੱਚੇ ਨਾਲ ਰਹਿ ਰਿਹਾ ਅਤੇ ਹੁਣ ਇਥੇ ਕੋਈ ਭਵਿੱਖ ਨਜ਼ਰ ਨਹੀਂ ਆਉਂਦਾ। ਬਲਜੀਤ ਸਿੰਘ ਅਤੇ ਹੋਰਨਾਂ ਪੰਜਾਬੀ ਨੌਜਵਾਨਾਂ ਨੇ ਕਿਹਾ ਕਿ ਉਹ ਕਈ ਵਰਿ੍ਹਆਂ ਤੋਂ ਕੈਨੇਡੀਅਨ ਅਰਥਚਾਰੇ ਵਿਚ ਯੋਗਦਾਨ ਪਾ ਰਹੇ ਹਨ ਪਰ ਅੰਤ ਵਿਚ ਸਭਨਾਂਨੂੰ ਵਿਸਾਰ ਦਿਤਾ ਗਿਆ ਹੈ। ਇਸੇ ਦੌਰਾਨ ਬਰੈਂਪਟਨ ਈਸਟ ਤੋਂ ਪੀ.ਸੀ. ਪਾਰਟੀ ਦੇ ਵਿਧਾਇਕ ਹਰਦੀਪ ਸਿੰਘ ਗਰੇਵਾਲ ਨੇ ਕਿਹਾ ਕਿ ਯੋਗ ਉਮੀਦਵਾਰਾਂ ਵਾਸਤੇ ਨਵਾਂ ਇੰਪਲੌਇਰ ਪੋਰਟਲ ਸਿਰਜਣ ਦੇ ਯਤਨ ਕੀਤੇ ਜਾ ਰਹੇ ਹਨ ਜਿਸ ਰਾਹੀਂ ਕੰਪਨੀਆਂ ਬਾਜ਼ਾਰ ਜ਼ਰੂਰਤਾਂ ਮੁਤਾਬਕ ਕਾਮਿਆਂ ਦੀ ਭਰਤੀ ਕਰ ਸਕਣਗੀਆਂ। ਇਸ ਦੇ ਉਲਟ ਔਟਵਾ ਸਾਊਥ ਤੋਂ ਲਿਬਰਲ ਵਿਧਾਇਕ ਜੌਹਨਫਰੇਜ਼ਰ ਨੇ ਕਿਹਾ ਕਿ ਸਰਕਾਰ ਲਾਰੇ ਲਾਉਣ ਤੋਂ ਸਿਵਾਏ ਕੁਝ ਨਹੀਂ ਕਰ ਰਹੀ। ਦੱਸ ਦੇਈਏ ਕਿ ਲਗਾਤਾਰ 2 ਡਰਾਅ ਕਢਦਿਆਂ ਨੌਕਰੀ ਦੀ ਪੇਸ਼ਕਸ਼ ਵਾਲੇ ਵਿਦੇਸ਼ੀ ਕਾਮਿਆਂ, ਨੌਕਰੀ ਦੀ ਪੇਸ਼ਕਸ਼ ਵਾਲੇ ਕੌਮਾਂਤਰੀ ਵਿਦਿਆਰਥੀਆਂ ਅਤੇ ਬੇਹੱਦ ਮੰਗ ਵਾਲੇ ਕਿੱਤਿਆਂ ਨਾਲ ਸਬੰਧਤ ਸ਼੍ਰੇਣੀਆਂ ਲਈ ਪਰਮਾਨੈਂਟ ਰੈਜ਼ੀਡੈਂਸੀ ਦੇ ਸੱਦੇ ਭੇਜੇ ਗਏ ਪਰ ਉਨ੍ਹਾਂ 2600 ਅਰਜ਼ੀਆਂ ਬਾਰੇ ਕੋਈ ਜ਼ਿਕਰ ਨਾ ਮਿਲਿਆ ਜੋ ਪਿਛਲੇ ਦਿਨੀਂ ਰੱਦ ਕੀਤੀਆਂ ਗਈਆਂ। ਮੀਡੀਆ ਰਿਪੋਰਟ ਮੁਤਾਬਕ ਤਾਜ਼ਾ ਸੱਦੇ 2 ਜੁਲਾਈ ਤੋਂ 10 ਦਸੰਬਰ ਦਰਮਿਆਨ ਬਣੀਆਂ ਪ੍ਰੋਫਾਈਲਜ਼ ਨਾਲ ਸਬੰਧਤ ਰਹੇ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਮੁਜ਼ਾਹਰਾਕਾਰੀ ਪੰਜਾਬੀ ਨੌਜਵਾਨਾਂ ਨਾਲ ਮੁੜ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ ਹੈ।
ਵਿਧਾਨ ਸਭਾ ਦੇ ਬਾਹਰ ਬੈਠੇ ਰਹਿ ਗਏ ਪੰਜਾਬੀ ਨੌਜਵਾਨ
11 ਦਸੰਬਰ ਦੇ ਡਰਾਅ ਵਿਚ 916 ਅਤੇ ਇਸ ਤੋਂ ਇਕ ਦਿਨ ਪਹਿਲਾਂ ਕੱਢੇ ਡਰਾਅ ਵਿਚ 1,133 ਉਮੀਦਵਾਰ ਸ਼ਾਮਲ ਰਹੇ ਜਿਨ੍ਹਾਂ ਵਿਚੋਂ 305 ਸੱਦੇ ਪੂਰਬੀ ਉਨਟਾਰੀਓ ਨਾਲ ਸਬੰਧਤ ਇਲਾਕਿਆਂ ਨਾਲ ਸਬੰਧਤ ਰਹੇ। ਉਤਰੀ ਉਨਟਾਰੀਓ ਵਿਚ 68 ਸੱਦੇ ਭੇਜੇ ਗਏ ਜਦਕਿ ਦੱਖਣ-ਪੱਛਮੀ ਉਨਟਾਰੀਓ ਵਿਚ 239 ਅਤੇ ਕੇਂਦਰੀ ਉਨਟਾਰੀਓ ਵਿਚ 304 ਉਮੀਦਵਾਰਾਂ ਨੂੰ ਸੱਦੇ ਭੇਜੇ ਜਾਣ ਦੀ ਰਿਪੋਰਟ ਹੈ। ਮੌਜੂਦਾ ਵਰ੍ਹੇ ਦੌਰਾਨ ਉਨਟਾਰੀਓ ਇੰਮੀਗ੍ਰੈਂਟ ਨੌਮਿਨੀ ਪ੍ਰੋਗਰਾਮ ਅਧੀਨ 12,528 ਸੱਦੇ ਭੇਜੇ ਜਾ ਚੁੱਕੇ ਹਨ ਜਿਨ੍ਹਾਂ ਵਿਚੋਂ 4,860 ਵਿਦੇਸ਼ੀ ਕਾਮਿਆਂ ਵਾਲੀ ਸ਼੍ਰੇਣੀ ਅਤੇ 6,605 ਇੰਟਰਨੈਸ਼ਨਲ ਸਟੂਡੈਂਟਸ ਵਾਲੀ ਸ਼੍ਰੇਣੀ ਨਾਲ ਸਬੰਧਤ ਰਹੇ। ਇਸ ਤੋਂ ਪਹਿਲਾਂ ਸਾਹਮਣੇ ਆਈ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਕਿ ਡਗ ਫ਼ੋਰਡ ਸਰਕਾਰ ਉਨਟਾਰੀਓ ਇੰਮੀਗ੍ਰੈਂਟ ਨੌਮਿਨੀ ਪ੍ਰੋਗਰਾਮ ਨੂੰ ਨਵਾਂ ਰੂਪ ਦੇ ਰਹੀ ਹੈ ਅਤੇ ਕਿਰਤ ਮੰਤਰਾਲੇ ਦਾ ਕਹਿਣਾ ਹੈ ਨਵਾਂ ਸਿਸਟਮ ਇੰਪਲੌਇਰਜ਼ ਨੂੰ ਉਨ੍ਹਾਂ ਦੀ ਜ਼ਰੂਰਤ ਮੁਤਾਬਕ ਸਕਿਲਡ ਵਰਕਰ ਮੁਹੱਈਆ ਕਰਵਾਉਣ ਵਿਚ ਸਹਾਈ ਸਾਬਤ ਹੋਵੇਗਾ। ਤਜਵੀਜ਼ਸ਼ੁਦਾ ਸਿਸਟਮ ਵਿਚ ਮੁੱਖ ਤਰਜੀਹ ਜੌਬ ਔਫ਼ਰ ਵਾਲੇ ਬਿਨੈਕਾਰਾਂ ਨੂੰ ਦਿਤੀ ਜਾਵੇਗੀ ਜਾਂ ਆਪਣੇ ਕਿੱਤੇ ਨਾਲ ਸਬੰਧਤ ਲਾਇਸੰਸ ਰੱਖਣ ਵਾਲੇ ਪਹਿਲ ਦੇ ਆਧਾਰ ’ਤੇ ਵਿਚਾਰੇ ਜਾਣਗੇ।


