ਕੈਨੇਡਾ ਵਿਚ ਡਾਕਾ, 2 ਭਾਰਤੀਆਂ ਸਣੇ ਚਾਰ ਗ੍ਰਿਫ਼ਤਾਰ
ਕੈਨੇਡਾ ਵਿਚ 2 ਭਾਰਤੀਆਂ ਸਣੇ ਚਾਰ ਜਣਿਆਂ ਨੂੰ ਇਕ ਘਰ ਵਿਚ ਡਾਕਾ ਮਾਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।

ਮਿਲਟਨ : ਕੈਨੇਡਾ ਵਿਚ 2 ਭਾਰਤੀਆਂ ਸਣੇ ਚਾਰ ਜਣਿਆਂ ਨੂੰ ਇਕ ਘਰ ਵਿਚ ਡਾਕਾ ਮਾਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ੱਕੀਆਂ ਦਾ ਪਛਾਣ ਬਰੈਂਪਟਨ ਦੇ 25 ਸਾਲਾ ਸ਼ਿਵਮ ਮਿਗਲਾਨੀ, 28 ਸਾਲ ਦੇ ਗੁਰਪ੍ਰੀਤ ਸਿੰਘ, 18 ਸਾਲ ਦੇ ਜੈਲਨ ਹੈਰੀਔਟ ਅਤੇ 17 ਸਾਲ ਦੇ ਇਕ ਅੱਲ੍ਹੜ ਵਜੋਂ ਕੀਤੀ ਗਈ ਹੈ। ਹਾਲਟਨ ਰੀਜਨਲ ਪੁਲਿਸ ਨੇ ਦੱਸਿਆ ਕਿ ਵੀਰਵਾਰ ਸਵੇਰੇ ਤਕਰੀਬਨ 5 ਵਜੇ ਤਿੰਨ ਸ਼ੱਕੀ ਮਿਲਟਨ ਦੇ ਇਕ ਘਰ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਏ ਤਾਂ ਅੱਗੇ ਘਰ ਵਿਚ ਰਹਿੰਦੇ ਪਰਵਾਰ ਨਾਲ ਟਾਕਰਾ ਹੋ ਗਿਆ।
ਘਰ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਏ ਸ਼ੱਕੀ
ਉਹ ਚਾਰ ਜਣੇ ਸਨ ਪਰ ਸ਼ੱਕੀਆਂ ਨੇ ਵੱਡਾ ਛੁਰਾ ਕੱਢ ਲਿਆ ਅਤੇ ਇਕ ਪੇਚਕਸ ਨਾਲ ਘਰ ਵਿਚ ਰਹਿਣ ਵਾਲਿਆਂ ਨੂੰ ਡਰਾਉਂਦਿਆਂ ਕੈਸ਼, ਜਿਊਲਰੀ ਅਤੇ ਕਾਰ ਦੀਆਂ ਚਾਬੀਆਂ ਮੰਗਣ ਲੱਗੇ। ਇਸ ਦੌਰਾਨ ਪਰਵਾਰ ਦੇ ਕਿਸੇ ਮੈਂਬਰ ਨੇ 911 ’ਤੇ ਕਾਲ ਕਰ ਦਿਤੀ ਅਤੇ ਪੁਲਿਸ ਮੌਕੇ ’ਤੇ ਪੁੱਜ ਗਈ। ਹਾਲਟਨ ਰੀਜਨਲ ਪੁਲਿਸ ਦੇ ਅਫ਼ਸਰ ਕਲਾਰਕ ਬੁਲੇਵਾਰਡ ਅਤੇ ਥੌਂਪਸਨ ਰੋਡ ਸਾਊਥ ਇਲਾਕੇ ਦੇ ਘਰ ਸਾਹਮਣੇ ਪੁੱਜੇ ਤਾਂ ਬਾਹਰ ਸ਼ੈਵਰਲੇ ਵੌਲਟ ਖੜ੍ਹੀ ਸੀ ਜਿਸ ਵਿਚ ਸਵਾਰ ਹੋ ਕੇ ਸ਼ੱਕੀਆਂ ਨੇ ਫਰਾਰ ਹੋਣ ਦਾ ਯਤਨ ਕੀਤਾ। ਸ਼ੱਕੀਆਂ ਨੇ ਪੁਲਿਸ ਦੀ ਗੱਡੀ ਨੂੰ ਟੱਕਰ ਵੀ ਮਾਰੀ ਪਰ ਆਖਰਕਾਰ ਪੁਲਿਸ ਨੇ ਗੱਡੀ ਘੇਰੀ ਲਈ ਅਤੇ ਇਸ ਦਾ ਡਰਾਈਵਰ ਕਾਬੂ ਕਰ ਲਿਆ। ਇਸ ਦੌਰਾਨ ਤਿੰਨ ਸ਼ੱਕੀ ਪੈਦਲ ਫਰਾਰ ਹੋ ਗਏ ਜਿਨ੍ਹਾਂ ਦਾ ਪਿੱਛਾ ਕਰਦਿਆਂ ਜਲਦ ਹੀ ਕਾਬੂ ਕਰ ਲਿਆ ਗਿਆ। ਪੜਤਾਲ ਦੌਰਾਨ ਪਤਾ ਲੱਗਾ ਕਿ ਡਾਕੇ ਦੌਰਾਨ ਵਰਤੀ ਗਈ ਸ਼ੈਵਰਲੇ ਵੌਲਟ ਫਰਵਰੀ ਮਹੀਨੇ ਦੇ ਸ਼ੁਰੂ ਵਿਚ ਡਰਹਮ ਰੀਜਨ ਤੋਂ ਚੋਰੀ ਕੀਤੀ ਗਈ। ਡਕੈਤਾਂ ਨਾਲ ਸੰਘਰਸ਼ ਦੌਰਾਨ ਪਰਵਾਰ ਦਾ ਕੋਈ ਮੈਂਬਰ ਜ਼ਖਮੀ ਨਹੀਂ ਹੋਇਆ ਅਤੇ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਿਵਮ ਮਿਗਲਾਨੀ ਦੇ ਵਿਰੁੱਧ ਲੁੱਟ, ਬਰੇਕ ਐਂਡ ਐਂਟਰ, ਭੇਖ ਬਦਲਣ, ਅਪਰਾਧ ਰਾਹੀਂ ਹਾਸਲ ਪੰਜ ਹਜ਼ਾਰ ਡਾਲਰ ਤੋਂ ਵੱਧ ਮੁੱਲਦੀ ਪ੍ਰੌਪਰਟੀ ਰੱਖਣ, ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ, ਰਿਹਾਈ ਸ਼ਰਤਾਂ ਦੀ ਪਾਲਣਾ ਨਾ ਕਰਨ ਅਤੇ ਪ੍ਰੋਬੇਸ਼ਨ ਹੁਕਮਾਂ ਦੀ ਪਾਲਣਾ ਨਾ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ।
ਵੱਡਾ ਛੁਰਾ ਦਿਖਾ ਕੇ ਪਰਵਾਰ ਨੂੰ ਡਰਾਇਆ
ਦੂਜੇ ਪਾਸੇ ਬਰੈਂਪਟਨ ਦੇ ਹੀ ਗੁਰਪ੍ਰੀਤ ਸਿੰਘ ਵਿਰੁੱਧ ਲੁੱਟ, ਬਰੇਕ ਐਂਡ ਐਂਟਰ, ਭੇਖ ਬਦਲਣ, ਅਪਰਾਧ ਰਾਹੀਂ ਹਾਸਲ 5 ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਪ੍ਰਾਪਰਟੀ ਰੱਖਣ ਅਤੇ ਪ੍ਰੋਬੇਸ਼ਨ ਹੁਕਮਾਂ ਦੀ ਪਾਲਣਾ ਨਾ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਸਾਰੇ ਸ਼ੱਕੀਆਂ ਨੂੰ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਹੋਣ ਤੱਕ ਹਿਰਾਸਤ ਵਿਚ ਰੱਖਿਆ ਗਿਆ ਹੈ ਅਤੇ ਹਾਲਟਨ ਰੀਜਨਲ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚਕਰਤਾਂ ਨਾਲ 905 825 4777 ਐਕਸਟੈਨਸ਼ਨ 2416 ’ਤੇ ਸੰਪਰਕ ਕੀਤਾ ਜਾਵੇ।