ਵੌਅਨ ਵਿਖੇ ਕਾਰੋਬਾਰੀ ਟਿਕਾਣੇ ’ਤੇ ਡਾਕਾ, 3 ਸ਼ੱਕੀਆਂ ਦੀ ਭਾਲ ਕਰ ਰਹੀ ਪੁਲਿਸ
ਗਰੇਟਰ ਟੋਰਾਂਟੋ ਏਰੀਆ ਵਿਚ ਨਿੱਤ ਗਹਿਣਿਆਂ ਦੇ ਸਟੋਰ ਲੁੱਟਣ ਦੀਆਂ ਵਾਰਦਾਤਾਂ ਦਰਮਿਆਨ ਵੌਅਨ ਵਿਖੇ ਇਕ ਹੋਰ ਕਾਰੋਬਾਰੀ ਨੂੰ ਲੁੱਟਣ ਦਾ ਮਾਮਲਾ, ਪੁਲਿਸ ਤਿੰਨ ਸ਼ੱਕੀਆਂ ਦੀ ਭਾਲ ਕਰ ਰਹੀ ਹੈ।
By : Upjit Singh
ਵੌਅਨ : ਗਰੇਟਰ ਟੋਰਾਂਟੋ ਏਰੀਆ ਵਿਚ ਨਿੱਤ ਗਹਿਣਿਆਂ ਦੇ ਸਟੋਰ ਲੁੱਟਣ ਦੀਆਂ ਵਾਰਦਾਤਾਂ ਦਰਮਿਆਨ ਵੌਅਨ ਵਿਖੇ ਇਕ ਹੋਰ ਕਾਰੋਬਾਰੀ ਨੂੰ ਲੁੱਟਣ ਦਾ ਮਾਮਲਾ ਸਾਹਮਦੇ ਆਇਆ ਅਤੇ ਪੁਲਿਸ ਤਿੰਨ ਸ਼ੱਕੀਆਂ ਦੀ ਭਾਲ ਕਰ ਰਹੀ ਹੈ। ਯਾਰਕ ਰੀਜਨਲ ਪੁਲਿਸ ਨੇ ਦੱਸਿਆ ਕਿ ਲੁਟੇਰਿਆਂ ਨੇ ਕਾਰੋਬਾਰੀ ਟਿਕਾਣੇ ਦੇ ਸਟਾਫ਼ ਨੂੰ ਬੰਨ੍ਹ ਦਿਤਾ ਅਤੇ ਕਈ ਸੈਲਫੋਨ ਲੈ ਕੇ ਫਰਾਰ ਹੋ ਗਏ। ਪੁਲਿਸ ਨੇ ਦੱਸਿਆ ਕਿ ਲੁੱਟ ਦੀ ਵਾਰਦਾਤ ਫਿਸ਼ਰਮੈਨਜ਼ ਵੇਅ ਅਤੇ ਬੈਸ ਪ੍ਰੋ ਮਿਲਜ਼ ਡਰਾਈਵ ਇਲਾਕੇ ਵਿਚ ਵਾਪਰੀ ਜਿਥੇ ਸ਼ੱਕੀਆਂ ਨੂੰ ਪਸਤੌਲ ਹੋਣ ਦਾ ਡਰਾਵਾ ਦਿੰਦਿਆਂ ਸਟਾਫ਼ ਨੂੰ ਤਿਜੋਰੀ ਖੋਲ੍ਹਣ ਵਾਸਤੇ ਆਖਿਆ।
ਪਸਤੌਲ ਹੋਣ ਦਾ ਡਰਾਵਾ ਦਿਤਾ, ਕਈ ਮੋਬਾਈਲ ਲੈ ਕੇ ਫਰਾਰ
ਇਸੇ ਦੌਰਾਨ ਸ਼ੱਕੀਆਂ ਨੇ ਸਟਾਫ਼ ਨੂੰ ਬੰਨ੍ਹਣਾ ਸ਼ੁਰੂ ਕਰ ਦਿਤਾ ਪਰ ਪੂਰੇ ਘਟਨਾਕ੍ਰਮ ਦੌਰਾਨ ਕਿਸੇ ਮੁਲਾਜ਼ਮ ਨੇ ਪਸਤੌਲ ਨਹੀਂ ਦੇਖੀ। ਦੋਵੇਂ ਸ਼ੱਕੀਆਂ ਨੇ ਕਈ ਮੋਬਾਈਲ ਫੋਨ ਇਕੱਠੇ ਕੀਤੇ ਅਤੇ ਮੌਕੇ ਤੋਂ ਫਰਾਰ ਹੋ ਗਏ। ਯਾਰਕ ਰੀਜਨਲ ਪੁਲਿਸ ਨੇ ਸ਼ੱਕੀਆਂ ਦਾ ਹੁਲੀਆ ਜਾਰੀ ਕਰਦਿਆਂ ਕਿਹਾ ਕਿ ਇਕ ਗੋਰਾ ਸੀ ਜਿਸ ਦੀ ਉਮਰ ਤਕਰੀਬਨ 20-25 ਸਾਲ ਅਤੇ ਕੱਦ ਪੰਜ ਫੁੱਟ 10 ਇੰਚ ਦੇ ਨੇੜੇ ਤੇੜ ਹੋ ਸਕਦਾ ਹੈ। ਦੂਜਾ ਸ਼ੱਕੀ ਕਾਲਾ ਸੀ ਜਿਸ ਦਾ ਕੱਦ ਤਕਰੀਬਨ ਛੇ ਫੁੱਟ ਅਤੇ ਉਸ ਦੀ ਉਮਰ ਵੀ 20-25 ਸਾਲ ਦਰਮਿਆਨ ਸੀ। ਲੁੱਟ ਦੀ ਵਾਰਦਾਤ ਵੇਲੇ ਉਸ ਨੇ ਬੈਗੀ ਹੂਡੀ, ਕਾਲੀ ਪੈਂਟ ਅਤੇ ਗਰੇਟ ਸ਼ੂਜ਼ ਪਾਏ ਹੋਏ ਸਨ। ਤੀਜਾ ਸ਼ੱਕੀ ਬਾਹਰ ਚਿੱਟੇ ਰੰਗ ਦੀ ਗੱਡੀ ਵਿਚ ਉਡੀਕ ਕਰ ਰਿਹਾ ਸੀ ਪਰ ਉਸ ਦਾ ਹੁਲੀਆ ਪਤਾ ਨਹੀਂ ਲੱਗ ਸਕਿਆ। ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਸੰਭਾਵਤ ਗਵਾਹਾਂ ਨੂੰ ਜਾਂਚਕਰਤਾਵਾਂ ਨਾਲ ਸੰਪਰਕ ਕਰਨ ਵਾਸਤੇ ਆਖਿਆ ਗਿਆ ਹੈ। ਕਾਂਸਟੇਬਲ ਜੇਮਜ਼ ਡਿਕਸਨ ਨੇ ਦੱਸਿਆ ਕਿ ਸ਼ੌਪਿੰਗ ਮਾਲਜ਼ ਅਤੇ ਹੋਰ ਕਾਰੋਬਾਰੀ ਟਿਕਾਣਿਆਂ ’ਤੇ ਲੁੱਟ ਦੀਆਂ ਵਾਰਦਾਤਾਂ ਰੋਕਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਲੋਕਾਂ ਦੀ ਰਾਏ ਵੀ ਦਰਜ ਕੀਤੀ ਜਾ ਰਹੀ ਹੈ ਤਾਂਕਿ ਪੁਲਿਸ ਸੇਵਾਵਾਂ ਨੂੰ ਵਧੇਰੇ ਕਾਰਗਰ ਬਣਾਇਆ ਜਾ ਸਕੇ। ਇਥੇ ਦਸਣਾ ਬਣਦਾ ਹੈ ਕਿ ਗਹਿਣਿਆਂ ਦੇ ਸਟੋਰ ਲੁੱਟਣ ਦੀਆਂ 13 ਤੋਂ ਵੱਧ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ।