ਬਰੈਂਪਟਨ ਵਿਖੇ ਦਿਨ-ਦਿਹਾੜੇ 2 ਥਾਵਾਂ ’ਤੇ ਡਾਕੇ
ਬਰੈਂਪਟਨ ਵਿਖੇ ਦਿਨ-ਦਿਹਾੜੇ ਡਾਕੇ ਦੀਆਂ 2 ਵਾਰਦਾਤਾਂ ਦੌਰਾਨ ਗੋਲਡ ਲੋਨ ਅਤੇ ਨਕਦ ਕਰਜ਼ੇ ਦੇਣ ਵਾਲੇ ਇਕ ਕਾਰੋਬਾਰੀ ਅਦਾਰੇ ਨੂੰ ਨਿਸ਼ਾਨਾ ਬਣਾਇਆ ਗਿਆ

By : Upjit Singh
ਬਰੈਂਪਟਨ : ਬਰੈਂਪਟਨ ਵਿਖੇ ਦਿਨ-ਦਿਹਾੜੇ ਡਾਕੇ ਦੀਆਂ 2 ਵਾਰਦਾਤਾਂ ਦੌਰਾਨ ਗੋਲਡ ਲੋਨ ਅਤੇ ਨਕਦ ਕਰਜ਼ੇ ਦੇਣ ਵਾਲੇ ਇਕ ਕਾਰੋਬਾਰੀ ਅਦਾਰੇ ਨੂੰ ਨਿਸ਼ਾਨਾ ਬਣਾਇਆ ਗਿਆ ਜਦਕਿ ਇਕ ਪਾਰਕਿੰਗ ਲੌਟ ਵਿਚ ਲੁਟੇਰਿਆਂ ਨੇ ਇਕ ਪੰਜਾਬੀ ਨੌਜਵਾਨ ਨੂੰ ਲੁੱਟਣ ਦਾ ਯਤਨ ਕੀਤਾ ਪਰ ਇਸੇ ਦੌਰਾਨ ਨੌਜਵਾਨ ਦੇ ਕੁਝ ਸਾਥੀ ਮੌਕੇ ’ਤੇ ਪੁੱਜ ਗਏ ਅਤੇ ਲੁਟੇਰਿਆਂ ਨੂੰ ਭਾਜੜਾਂ ਪੈ ਗਈਆਂ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓਜ਼ ਵਿਚ ਦੇਖਿਆ ਜਾ ਸਕਦਾ ਹੈ ਕਿ ਅਜੀਬੋ-ਗਰੀਬ ਪਹਿਰਾਵੇ ਵਿਚ ਆਏ ਲੁਟੇਰਿਆਂ ਨੇ ਨੌਜਵਾਨ ਨੂੰ ਘੇਰ ਕੇ ਉਸ ਦੇ ਥੱਪੜ ਮਾਰੇ ਅਤੇ ਕੀਮਤੀ ਚੀਜ਼ਾਂ ਖੋਹਣ ਦਾ ਯਤਨ ਕੀਤਾ। ਇਸੇ ਦੌਰਾਨ ਜੰਪ ਸੂਟ ਵਿਚ ਆਏ ਲੁਟੇਰਿਆਂ ਨੂੰ ਅੱਗੇ ਅੱਗੇ ਅਤੇ ਕੁਝ ਨੌਜਵਾਨਾਂ ਨੂੰ ਉਨ੍ਹਾਂ ਦੇ ਪਿੱਛੇ ਪਿੱਛੇ ਦੌੜਦਿਆਂ ਦੇਖਿਆ ਗਿਆ।
ਕਾਰੋਬਾਰੀ ਅਦਾਰੇ ਵਿਚ ਦਾਖਲ ਹੋਏ 3 ਲੁਟੇਰੇ
ਤੀਜੀ ਵਾਰਦਾਤ ਹਾਈਵੇਅ 410 ’ਤੇ ਵਾਪਰੀ ਜਿਥੇ ਸ਼ੱਕੀਆਂ ਨੇ ਇਕ ਗੱਡੀ ਨੂੰ ਟੱਕਰ ਮਾਰ ਦਿਤੀ ਅਤੇ ਜਦੋਂ ਡਰਾਈਵਰ ਉਤਰ ਕੇ ਬਾਹਰ ਆਇਆ ਤਾਂ ਪਸਤੌਲ ਦੀ ਨੋਕ ’ਤੇ ਲੁੱਟ ਕੇ ਫਰਾਰ ਹੋ ਗਏ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਵਾਰਦਾਤ ਸੈਂਡਲਵੁੱਡ ਡਰਾਈਵਰ ਦੇ ਉਤਰ ਵੱਲ ਵਾਪਰੀ ਅਤੇ ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ ਜੋ ਹੈਂਡਗੰਨ ਅਤੇ ਛੁਰੇ ਨਾਲ ਲੈਸ ਸਨ। ਉਧਰ ਕੁਈਟ ਸਟ੍ਰੀਟ ਅਤੇ ਰਦਰਫੋਰਡ ਰੋਡ ’ਤੇ ਸਥਿਤ ਪਲਾਜ਼ਾ ਵਿਚ ਵਾਪਰੀ ਵਾਰਦਾਤ ਬਾਰੇ ਫਰੀਲਾਂਸ ਪੱਤਰਕਾਰ ਨਿਤਿਨ ਚੋਪੜਾ ਨੇ ਵਾਰਦਾਤ ਮੌਕੇ ਕਾਰੋਬਾਰੀ ਅਦਾਰੇ ਵਿਚ ਮੌਜੂਦ ਇਕ ਪੰਜਾਬੀ ਸ਼ਖਸ ਨਾਲ ਗੱਲਬਾਤ ਕੀਤੀ ਜਿਸ ਨੇ ਦੱਸਿਆ ਕਿ ਤਿੰਨ ਲੁਟੇਰੇ ਸ਼ੀਸ਼ਾ ਤੋੜ ਕੇ ਅੰਦਰ ਦਾਖਲ ਹੋਏ ਜਦਕਿ ਚੌਥਾ ਗੱਡੀ ਵਿਚ ਬੈਠਾ ਰਿਹਾ। ਲੁਟੇਰਿਆਂ ਨੇ ਸੋਨੇ ਦੇ ਗਹਿਣੇ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਹੇ।
ਪਾਰਕਿੰਗ ਵਿਚ ਪੰਜਾਬੀ ਨੌਜਵਾਨ ਨੂੰ ਲੁੱਟਣ ਦਾ ਯਤਨ
ਵਾਰਦਾਤ ਦੌਰਾਨ ਕਾਰੋਬਾਰੀ ਅਦਾਰੇ ਵਿਚ 7-8 ਮੁਲਾਜ਼ਮ ਅਤੇ ਵੱਡੀ ਗਿਣਤੀ ਵਿਚ ਗਾਹਕ ਮੌਜੂਦ ਸਨ। ਪੀਲ ਰੀਜਨਲ ਪੁਲਿਸ ਦੇ ਅਫ਼ਸਰ ਤਿੰਨ ਤੋਂ ਚਾਰ ਮਿੰਟ ਦੇ ਅੰਦਰ ਮੌਕਾ ਏ ਵਾਰਦਾਤ ’ਤੇ ਪੁੱਜ ਗਏ ਪਰ ਉਦੋਂ ਤੱਕ ਸ਼ੱਕੀ ਫਰਾਰ ਹੋ ਚੁੱਕੇ ਸਨ। ਇਥੇ ਦਸਣਾ ਬਣਦਾ ਹੈ ਕਿ ਪੀਲ ਰੀਜਨਲ ਪੁਲਿਸ ਵੱਲੋਂ ਪਿਛਲੇ ਮਹੀਨੇ ਗਹਿਣਿਆਂ ਦੇ ਸਟੋਰ ਲੁੱਟਣ ਅਤੇ ਘਰਾਂ ਵਿਚ ਚੋਰੀ ਕਰਨ ਵਾਲੇ ਇਕ ਵੱਡੇ ਗਿਰੋਹ ਦਾ ਪਰਦਾ ਫਾਸ਼ ਕਰਦਿਆਂ 12 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਲੁਟੇਰਿਆਂ ਦੇ ਇਸ ਗਿਰੋਹ ਵੱਲੋਂ 17 ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦਿਤਾ ਗਿਆ ਅਤੇ 20 ਲੱਖ ਡਾਲਰ ਤੋਂ ਵੱਧ ਮੁੱਲ ਦਾ ਕੀਮਤੀ ਸਮਾਨ ਲੁੱਟਿਆ।


