ਟੋਰਾਂਟੋ ਨੇੜੇ ਸੜਕ ਹਾਦਸਾ, ਭਾਰਤੀ ਟਰੱਕ ਡਰਾਈਵਰ ਗ੍ਰਿਫ਼ਤਾਰ
ਟੋਰਾਂਟੋ ਨੇੜੇ ਹਾਈਵੇਅ 401 ’ਤੇ ਵਾਪਰੇ ਸੜਕ ਹਾਦਸੇ ਦੀ ਪੜਤਾਲ ਕਰ ਰਹੀ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਵੱਲੋਂ ਭਾਰਤੀ ਟਰੱਕ ਡਰਾਈਵਰ ਨੂੰ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਟਰੱਕ ਡਰਾਈਵਰ ਦੀ ਸ਼ਨਾਖਤ 29 ਸਾਲ ਦੇ ਸ਼ੁਭਮ ਘਈ ਵਜੋਂ ਕੀਤੀ ਗਈ ਜੋ ਕੈਲਗਰੀ ਦਾ ਵਸਨੀਕ ਦੱਸਿਆ ਜਾ ਰਿਹਾ ਹੈ।
By : Upjit Singh
ਟੋਰਾਂਟੋ : ਟੋਰਾਂਟੋ ਨੇੜੇ ਹਾਈਵੇਅ 401 ’ਤੇ ਵਾਪਰੇ ਸੜਕ ਹਾਦਸੇ ਦੀ ਪੜਤਾਲ ਕਰ ਰਹੀ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਵੱਲੋਂ ਭਾਰਤੀ ਟਰੱਕ ਡਰਾਈਵਰ ਨੂੰ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਟਰੱਕ ਡਰਾਈਵਰ ਦੀ ਸ਼ਨਾਖਤ 29 ਸਾਲ ਦੇ ਸ਼ੁਭਮ ਘਈ ਵਜੋਂ ਕੀਤੀ ਗਈ ਜੋ ਕੈਲਗਰੀ ਦਾ ਵਸਨੀਕ ਦੱਸਿਆ ਜਾ ਰਿਹਾ ਹੈ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਐਤਵਾਰ ਸਵੇਰੇ ਲੈਸਲੀ ਸਟ੍ਰੀਟ ਨੇੜੇ ਹਾਈਵੇਅ 401 ’ਤੇ ਇਕ ਟਰੱਕ ਬੇਕਾਬੂ ਹੋ ਕੇ ਡਿਵਾਈਡਰ ਵਿਚ ਜਾ ਵੱਜਿਆ।
ਹਾਦਸੇ ਕਾਰਨ ਪੂਰਬ ਵੱਲ ਜਾ ਰਹੀਆਂ ਲੇਨਜ਼ ’ਤੇ ਕਈ ਘੰਟੇ ਆਵਾਜਾਈ ਠੱਪ ਰਹੀ। ਹਾਦਸੇ ਦੌਰਾਨ ਕੋਈ ਗੰਭੀਰ ਜ਼ਖਮੀ ਨਹੀਂ ਹੋਇਆ ਪਰ 29 ਸਾਲ ਦੇ ਸ਼ੁਭਮ ਘਈ ਵਿਰੁੱਧ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਤੋਂ ਇਲਾਵਾ ਨਸ਼ੀਲਾ ਪਦਾਰਥ ਰੱਖਣ ਅਤੇ ਤੈਅਸ਼ੁਦਾ ਸ਼ਰਤਾਂ ਮੁਤਾਬਕ ਕਮਰਸ਼ੀਅਲ ਮੋਟਰ ਵ੍ਹੀਹਲ ਚਲਾਉਣ ਵਿਚ ਅਸਫਲ ਰਹਿਣ ਅਤੇ ਇੰਸ਼ੋਰੈਂਸ ਕਾਰਡ ਨਾ ਦਿਖਾਉਣ ਦੇ ਦੋਸ਼ ਆਇਦ ਕੀਤੇ ਗਏ ਹਨ।
ਦੂਜੇ ਪਾਸੇ ਮਿਸੀਸਾਗਾ ਰੋਡ ਨੇੜੇ ਕੁਈਨ ਐਲਿਜ਼ਾਬੈਥ ਵੇਅ ’ਤੇ ਇਕ ਹਾਦਸੇ ਦੀ ਇਤਲਾਹ ਮਿਲੀ ਅਤੇ ਮੌਕੇ ’ਤੇ ਪੁੱਜੇ ਅਫਸਰਾਂ ਨੂੰ ਪਤਾ ਲੱਗਾ ਕਿ ਟੱਕਰ ਤੋਂ ਬਾਅਦ ਵੀ ਡਰਾਈਵਰ ਗੱਡੀ ਚਲਾ ਰਿਹਾ ਸੀ। ਪੁਲਿਸ ਨੇ ਕੁਝ ਦੂਰੀ ’ਤੇ 22 ਸਾਲ ਦੀ ਔਰਤ ਨੂੰ ਰੋਕ ਲਿਆ ਜਿਸ ਵਿਰੁੱਧ ਸ਼ਰਾਬ ਪੀ ਕੇ ਗੱਡੀ ਚਲਾਉਣ, ਖਤਰਨਾਕ ਹਾਦਸੇ ਤੋਂ ਬਾਅਦ ਮੌਕੇ ’ਤੇ ਮੌਜੂਦ ਨਾ ਰਹਿਣ ਅਤੇ ਨਸ਼ਾ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ।