ਕੈਨੇਡਾ ਦੇ ਸਭ ਤੋਂ ਵੱਡੇ ਨਸ਼ਾ ਤਸਕਰ ਦੇ ਟਿਕਾਣਿਆਂ ’ਤੇ ਛਾਪੇ
ਕੈਨੇਡਾ ਦੇ ਪੰਜਾਬੀ ਟਰੱਕ ਡਰਾਈਵਰਾਂ ਨੂੰ ਡਰਾ-ਧਮਕਾ ਕੇ ਨਸ਼ਾ ਤਸਕਰੀ ਕਰਵਾਉਣ ਵਾਲੇ ਰਾਯਨ ਵੈਡਿੰਗ ਦੇ ਟਿਕਾਣਿਆਂ ’ਤੇ ਛਾਪਾ ਮਾਰਦਿਆਂ ਮੈਕਸੀਕਨ ਪੁਲਿਸ ਵੱਲੋਂ 62 ਮਹਿੰਗੇ ਮੋਟਰਸਾਈਕਲ, 2 ਗੱਡੀਆਂ

By : Upjit Singh
ਮੈਕਸੀਕੋ ਸਿਟੀ : ਕੈਨੇਡਾ ਦੇ ਪੰਜਾਬੀ ਟਰੱਕ ਡਰਾਈਵਰਾਂ ਨੂੰ ਡਰਾ-ਧਮਕਾ ਕੇ ਨਸ਼ਾ ਤਸਕਰੀ ਕਰਵਾਉਣ ਵਾਲੇ ਰਾਯਨ ਵੈਡਿੰਗ ਦੇ ਟਿਕਾਣਿਆਂ ’ਤੇ ਛਾਪਾ ਮਾਰਦਿਆਂ ਮੈਕਸੀਕਨ ਪੁਲਿਸ ਵੱਲੋਂ 62 ਮਹਿੰਗੇ ਮੋਟਰਸਾਈਕਲ, 2 ਗੱਡੀਆਂ, 2 ਓਲੰਪਿਕ ਮੈਡਲ, ਮੈਥਮਫੈਟਾਮਿਨ, ਗੋਲੀਆਂ ਅਤੇ ਅਹਿਮ ਦਸਤਾਵੇਜ਼ ਬਰਾਮਦ ਕਰਲ ਦਾ ਦਾਅਵਾ ਕੀਤਾ ਗਿਆ ਹੈ। ਅਮਰੀਕਾ ਦੇ ਜਾਂਚਕਰਤਾਵਾਂ ਵੱਲੋਂ ਰਾਯਨ ਵੈਡਿੰਗ ਦੇ ਮੈਕਸੀਕੋ ਸਿਟੀ ਜਾਂ ਇਸ ਦੇ ਨਾਲ ਲਗਦੇ ਕਿਸੇ ਸੂਬੇ ਵਿਚ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ ਅਤੇ ਪਿਛਲੇ ਮਹੀਨੇ ਮਿਆਮੀ ਵਿਖੇ ਫ਼ੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਵੱਲੋਂ 13 ਮਿਲੀਅਨ ਡਾਲਰ ਮੁੱਲ ਦੀ ਮਰਸਡੀਜ਼ ਬਰਾਮਦ ਕੀਤੀ ਗਈ। ਐਫ਼.ਬੀ.ਆਈ. ਹੁਣ ਸੋਸ਼ਲ ਮੀਡੀਆ ਰਾਹੀਂ ਵੈਡਿੰਗ ਦੀ ਪੈੜ ਨੱਪਣ ਦੇ ਯਤਨ ਕਰ ਰਹੀ ਹੈ ਜੋ ਕੈਨੇਡਾ ਵਿਚ ਕੋਕੀਨ ਦਾ ਸਭ ਤੋਂ ਵੱਡਾ ਦਰਾਮਦਕਾਰ ਮੰਨਿਆ ਜਾਂਦਾ ਹੈ।
ਮੈਕਸੀਕੋ ਪੁਲਿਸ ਵੱਲੋਂ 62 ਮਹਿੰਗੇ ਮੋਟਰਸਾਈਕਲ ਅਤੇ 2 ਗੱਡੀਆਂ ਬਰਾਮਦ
ਦੂਜੇ ਪਾਸੇ ਸੀ.ਬੀ.ਸੀ. ਦੀ ਰਿਪੋਰਟ ਕਹਿੰਦੀ ਹੈ ਕਿ ਵੈਡਿੰਗ ਦੀ ਕੋਲੰਬੀਅਨ ਗਰਲ ਫਰੈਂਡ ਮੈਕਸੀਕੋ ਸਿਟੀ ਦੇ ਪੱਛਮੀ ਇਲਾਕੇ ਵਿਚ ਰਹਿੰਦੀ ਹੈ ਅਤੇ ਉਹ ਵੀ ਨੇੜੇ ਤੇੜੇ ਹੀ ਕਿਸੇ ਟਿਕਾਣੇ ’ਤੇ ਰਹਿੰਦਾ ਹੋਵੇਗਾ। ਇਹ ਇਲਾਕਾ ਕਾਰੋਬਾਰੀ ਜ਼ਿਲ੍ਹਾ ਮੰਨੇ ਜਾਂਦੇ ਸੈਂਟਾ ਫੇ ਤੋਂ ਜ਼ਿਆਦਾ ਦੂਰ ਨਹੀਂ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਵੈਡਿੰਗ ਦਾ ਸੱਜਾ ਹੱਥ ਮੰਨੇ ਜਾਂਦੇ ਐਂਡਰਿਊ ਕਲਾਰਕ ਨਾਲ ਉਸ ਦੀ ਮੁਲਾਕਾਤ ਜਨਵਰੀ 2024 ਵਿਚ ਮੈਕਸੀਕੋ ਸਿਟੀ ਦੀ ਇਕ ਕੌਫ਼ੀ ਸ਼ੌਪ ’ਤੇ ਹੋਈ। ਮੁਲਾਕਾਤ ਦੌਰਾਨ ਨਸ਼ਾ ਤਸਕਰ ਅਤੇ ਬਾਅਦ ਵਿਚ ਐਫ਼.ਬੀ.ਆਈ. ਦਾ ਗਵਾਹ ਬਣਨ ਵਾਲਾ ਜੌਨਾਥਨ ਗਾਰਸ਼ੀਆ ਵੀ ਮੌਜੂਦ ਸੀ।
ਨਸ਼ੀਲ ਪਦਾਰਥ ਅਤੇ ਗੋਲੀ-ਸਿੱਕਾ ਵੀ ਕੀਤੇ ਜ਼ਬਤ
ਮੌਂਟਰੀਅਲ ਵਿਚ ਜੰਮੇ ਗਾਰਸ਼ੀਆ ਨੂੰ ਇਕ ਸਾਲ ਬਾਅਦ ਕੋਲੰਬੀਆ ਵਿਖੇ ਕਤਲ ਕਰ ਦਿਤਾ ਗਿਆ ਅਤੇ ਯੂ.ਐਸ. ਪ੍ਰੌਸੀਕਿਊਟਰਜ਼ੀ ਦਾ ਕਹਿਣਾ ਹੈ ਕਿ ਇਹ ਕਤਲ ਵੈਡਿੰਗ ਨੇ ਕਰਵਾਇਆ। ਉਧਰ ਵੈਡਿੰਗ ਦੇ ਵਕੀਲ ਦੀਪਕ ਪਰਾਡਕਾਰ ਨੂੰ ਸਖ਼ਤ ਸ਼ਰਤਾਂ ਦੇ ਆਧਾਰ ’ਤੇ ਉਨਟਾਰੀਓ ਦੀ ਅਦਾਲਤ ਤੋਂ ਜ਼ਮਾਨਤ ਮਿਲ ਚੁੱਕੀ ਹੈ। ਦੱਸ ਦੇਈਏ ਕਿ ਉਨਟਾਰੀਓ ਦੇ ਥੰਡਰ ਬੇਅ ਵਿਖੇ ਜੰਮੇ ਰਾਯਨ ਵੈਡਿੰਗ ਨੇ 2002 ਵਿਚ ਯੂਟਾਹ ਵਿਖੇ ਵਿੰਟਰ ਓਲੰਪਿਕਸ ਦੇ ਸਨੋਅਬੋਰਡਿੰਗ ਮੁਕਾਬਲੇ ਵਿਚ ਹਿੱਸਾ ਲਿਆ ਪਰ ਉਹ ਅਪਰਾਧ ਦੀ ਦੁਨੀਆਂ ਵਿਚ ਕਿਵੇਂ ਦਾਖਲ ਹੋਇਆ, ਇਸ ਬਾਰੇ ਫਿਲਹਾਲ ਤੱਥ ਸਾਹਮਣੇ ਨਹੀਂ ਆ ਸਕੇ।


