ਕੈਨੇਡਾ ਵਿਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਕੈਨੇਡਾ ਦੇ ਸਰੀ ਵਿਖੇ ਸ਼ੁੱਕਰਵਾਰ ਨੂੰ ਗੋਲੀਆਂ ਮਾਰ ਕੇ ਕਤਲ ਕੀਤੇ 26 ਸਾਲਾ ਨੌਜਵਾਨ ਦੀ ਸ਼ਨਾਖ਼ਤ ਚਿਲੀਵੈਕ ਦੇ ਜਸਕਰਨ ਬੜਿੰਗ ਵਜੋਂ ਕੀਤੀ ਗਈ ਹੈ

By : Upjit Singh
ਵੈਨਕੂਵਰ : ਕੈਨੇਡਾ ਦੇ ਸਰੀ ਵਿਖੇ ਸ਼ੁੱਕਰਵਾਰ ਨੂੰ ਗੋਲੀਆਂ ਮਾਰ ਕੇ ਕਤਲ ਕੀਤੇ 26 ਸਾਲਾ ਨੌਜਵਾਨ ਦੀ ਸ਼ਨਾਖ਼ਤ ਚਿਲੀਵੈਕ ਦੇ ਜਸਕਰਨ ਬੜਿੰਗ ਵਜੋਂ ਕੀਤੀ ਗਈ ਹੈ ਜੋ ਅਤੀਤ ਵਿਚ ਕਈ ਵਾਰ ਪੁਲਿਸ ਦੇ ਸੰਪਰਕ ਵਿਚ ਆਇਆ ਅਤੇ ਮੰਨਿਆ ਜਾ ਰਿਹਾ ਹੈ ਕਿ ਨਸ਼ਾ ਤਸਕਰੀ ਦੇ ਧੰਦੇ ਵਿਚ ਸ਼ਾਮਲ ਰਿਹਾ। ਮੁਢਲੀ ਪੜਤਾਲ ਦਰਸਾਉਂਦੀ ਹੈ ਕਿ ਜਸਕਰਨ ਬੜਿੰਗ ਨੂੰ ਸੋਚੀ-ਸਮਝੀ ਸਾਜ਼ਿਸ਼ ਤਹਿਤ ਨਿਸ਼ਾਨਾ ਬਣਾਇਆ ਗਿਆ। ਇੰਟੈਗਰੇਟਿਡ ਹੌਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਦੱਸਿਆ ਕਿ ਗੋਲੀਬਾਰੀ ਦੀ ਵਾਰਦਾਤ ਤੋਂ ਤਕਰੀਬਨ 15 ਮਿੰਟ ਬਾਅਦ ਇਕ ਚਿੱਟੇ ਰੰਗ ਦਾ ਡੌਜ ਰੈਮ ਪਿਕਅੱਪ ਟਰੱਕ ਸਰੀ ਦੇ 115 ਐਵੇਨਿਊ ਅਤੇ 136 ਸਟ੍ਰੀਟ ਇਲਾਕੇ ਵਿਚ ਸੜਦਾ ਹੋਇਆ ਮਿਲਿਆ।
ਚਿਲੀਵੈਕ ਦੇ ਜਸਕਰਨ ਬੜਿੰਗ ਵਜੋਂ ਕੀਤੀ ਗਈ ਸ਼ਨਾਖ਼ਤ
ਆਈ ਹਿਟ ਦੇ ਜਾਂਚਕਰਤਾਵਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ 28 ਨਵੰਬਰ ਨੂੰ ਰਾਤ 9 ਵਜੇ ਤੋਂ ਅੱਧੀ ਰਾਤ 12 ਵਜੇ ਤੱਕ ਦੀ ਕੋਈ ਡੈਸ਼ਕੈਮ ਵੀਡੀਓ ਜਾਂ ਹੋਰ ਜਾਣਕਾਰੀ ਮੌਜੂਦ ਹੈ ਤਾਂ ਪੁਲਿਸ ਨਾਲ ਸਾਂਝੀ ਕੀਤੀ ਜਾਵੇ। ਇਥੇ ਦਸਣਾ ਬਣਦਾ ਹੈ ਕਿ ਆਰ.ਸੀ.ਐਮ.ਪੀ. ਦੇ ਸਰੀ ਪ੍ਰੋਵਿਨਸ਼ੀਅਲ ਆਪ੍ਰੇਸ਼ਨਜ਼ ਸਪੋਰਟ ਯੂਨਿਟ ਦੇ ਅਫ਼ਸਰ 28 ਨਵੰਬਰ ਨੂੰ ਦੇਰ ਰਾਤ ਪੌਣੇ ਬਾਰਾਂ ਵਜੇ 152 ਸਟ੍ਰੀਟ ਅਤੇ 104 ਐਵੇਨਿਊ ਇਲਾਕੇ ਵਿਚ ਪੁੱਜੇ ਤਾਂ ਉਨ੍ਹਾਂ ਨੂੰ ਇਕ ਨੌਜਵਾਨ ਗੰਭੀਰ ਜ਼ਖਮੀ ਹਾਲਤ ਵਿਚ ਮਿਲਿਆ ਪਰ ਉਸ ਦੀ ਜ਼ਿੰਦਗੀ ਬਚਾਉਣ ਲਈ ਕੀਤੇ ਉਪਾਅ ਕਾਰਗਰ ਸਾਬਤ ਨਾ ਹੋਇਆ ਅਤੇ ਉਹ ਮੌਕੇ ’ਤੇ ਹੀ ਦਮ ਤੋੜ ਗਿਆ। ਆਈ ਹਿਟ ਵੱਲੋਂ ਮਾਮਲੇ ਦੀ ਪੜਤਾਲ ਵਿਚ ਸਰੀ ਪੁਲਿਸ, ਇੰਟੈਗਰੇਟਿਡ ਫੌਰੈਂਸਿਕ ਆਇਡੈਂਟੀਫ਼ਿਕੇਸ਼ਨ ਸਰਵਿਸਿਜ਼ ਅਤੇ ਬੀ.ਸੀ ਕੌਰੋਨਰਜ਼ ਸਰਵਿਸ ਦਾ ਸਹਿਯੋਗ ਲਿਆ ਜਾ ਰਿਹਾ ਹੈ।
ਗੋਲੀਬਾਰੀ ਦੀ ਵਾਰਦਾਤ ਮਗਰੋਂ ਸੜਦਾ ਮਿਲਿਆ ਚਿੱਟਾ ਪਿਕਅੱਪ ਟਰੱਕ
ਦੱਸ ਦੇਈਏ ਕਿ ਗੈਂਗਵਾਰ ਵਰਗੀਆਂ ਘਟਨਾਵਾਂ ਦੌਰਾਨ ਪੰਜਾਬੀ ਨੌਜਵਾਨਾਂ ਦੀ ਮੌਤ ਨਾਲ ਸਬੰਧਤ ਵਾਰਦਾਤਾਂ ਲਗਾਤਾਰ ਵਾਪਰ ਰਹੀਆਂ ਹਨ। ਪਿਛਲੇ ਸਮੇਂ ਦੌਰਾਨ ਤਰਨ ਪੰਧੇਰ ਨੂੰ ਬੀ.ਸੀ. ਦੇ ਲੈਂਗਲੀ ਵਿਖੇ ਨਿਸ਼ਾਨਾ ਬਣਾਇਆ ਗਿਆ ਜਦੋਂ ਉਹ ਇਕ ਟੈਕਸੀ ਵਿਚ ਜਾ ਰਿਹਾ ਸੀ। ਲੈਂਗਲੀ ਆਰ.ਸੀ.ਐਮ.ਪੀ. ਨੇ ਦੱਸਿਆ ਕਿ ਗੋਲੀਬਾਰੀ ਦੀ ਵਾਰਦਾਤ ਤੋਂ ਅੱਧੇ ਘੰਟੇ ਬਾਅਦ ਸਰੀ ਦੇ 13250 ਬਲਾਕ ਅਤੇ 64 ਏ ਐਵੇਨਿਊ ਵਿਖੇ ਇਕ ਗੱਡੀ ਸੜਦੀ ਹੋਈ ਮਿਲੀ ਜੋ ਤਰਨ ਪੰਧੇਰ ਦੇ ਕਾਤਲਾਂ ਨਾਲ ਸਬੰਧਤ ਮੰਨੀ ਗਈ। ਆਈ ਹਿਟ ਦੇ ਕਾਰਪੋਰਲ ਸੁੱਖੀ ਢੇਸੀ ਦਾ ਕਹਿਣਾ ਸੀ ਕਿ ਗਿਰੋਹਾਂ ਦੇ ਟਕਰਾਅ ਦਾ ਮਸਲਾ ਬੇਹੱਦ ਗੁੰਝਲਦਾਰ ਹੈ ਪਰ ਤਰਨ ਪੰਧੇਰ ਦੇ ਕਾਤਲਾਂ ਨੂੰ ਇਨਸਾਫ਼ ਦੇ ਕਟਹਿਰੇ ਵਿਚ ਲਿਆਉਣ ਦਾ ਹਰ ਸੰਭਵ ਯਤਨ ਕੀਤਾ ਜਾਵੇਗਾ। ਦੂਜੇ ਪਾਸੇ ਬਰਨਬੀ ਵਿਖੇ ਗੋਲੀਆਂ ਮਾਰ ਕੇ ਹਲਾਕ ਕੀਤੇ ਨੌਜਵਾਨ ਦੀ ਸ਼ਨਾਖਤ 34 ਸਾਲ ਦੇ ਸ਼ਾਹੇਬ ਅਬਾਸੀ ਵਜੋਂ ਕੀਤੀ ਗਈ ਹੈ ਅਤੇ ਇਹ ਮਾਮਲਾ ਵੀ ਬੀ.ਸੀ. ਵਿਚ ਗਿਰੋਹਾਂ ਦਰਮਿਆਨ ਚੱਲ ਰਹੇ ਟਕਰਾਅ ਦਾ ਨਤੀਜਾ ਹੋ ਸਕਦਾ ਹੈ।


