ਕੈਨੇਡਾ ਵਿਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਕੈਨੇਡਾ ਵਿਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਜਿਸ ਦੀ ਸ਼ਨਾਖਤ 29 ਸਾਲ ਦੇ ਗੁਰਵਿੰਦਰ ਉਪਲ ਵਜੋਂ ਕੀਤੀ ਗਈ ਹੈ।
By : Upjit Singh
ਡੈਲਟਾ/ਬਰੈਂਪਟਨ : ਕੈਨੇਡਾ ਵਿਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਜਿਸ ਦੀ ਸ਼ਨਾਖਤ 29 ਸਾਲ ਦੇ ਗੁਰਵਿੰਦਰ ਉਪਲ ਵਜੋਂ ਕੀਤੀ ਗਈ ਹੈ। ਬੀ.ਸੀ. ਦੇ ਡੈਲਟਾ ਸ਼ਹਿਰ ਦੀ ਪੁਲਿਸ ਨੇ ਦੱਸਿਆ ਕਿ ਸੋਮਵਾਰ ਨੂੰ ਗਿਰੋਹਾਂ ਨਾਲ ਸਬੰਧਤ ਗੋਲੀਬਾਰੀ ਦੌਰਾਨ ਗੁਰਵਿੰਦਰ ਉਪਲ ਗੰਭੀਰ ਜ਼ਖਮੀ ਹੋ ਗਿਆ ਅਤੇ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿਤਾ। ਦੂਜੇ ਪਾਸੇ ਬਰੈਂਪਟਨ ਵਿਖੇ ਪਿਛਲੇ ਸਾਲ ਅਗਸਤ ਵਿਚ ਹੋਏ ਕਤਲ ਦੇ ਮਾਮਲੇ ਵਿਚ ਚੌਥੇ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
29 ਸਾਲ ਦੇ ਗੁਰਵਿੰਦਰ ਉਪਲ ਵਜੋਂ ਹੋਈ ਸ਼ਨਾਖਤ
ਡੈਲਟਾ ਪੁਲਿਸ ਮੁਤਾਬਕ 112 ਬੀ ਸਟ੍ਰੀਟ ਦੇ 8100 ਬਲਾਕ ਵਿਚ ਗੋਲੀਆਂ ਚੱਲਣ ਦੀ ਇਤਲਾਹ ਮਿਲਣ ’ਤੇ ਪੁੱਜੇ ਅਫ਼ਸਰਾਂ ਨੂੰ ਇਕ ਸ਼ਖਸ ਗੰਭੀਰ ਹਾਲਤ ਵਿਚ ਮਿਲਿਆ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਗੋਲੀਬਾਰੀ ਤੋਂ ਕੁਝ ਦੇਰ ਬਾਅਦ ਬਲੇਕ ਡਰਾਈਵ ਦੇ 7300 ਬਲਾਕ ਵਿਚ ਚਿੱਟੇ ਰੰਗ ਦਾ ਇਕ ਟਰੱਕ ਸੜਦਾ ਹੋਇਆ ਮਿਲਿਆ ਜੋ ਵਾਰਦਾਤ ਨਾਲ ਸਬੰਧਤ ਹੈ। ਇਸੇ ਦੌਰਾਨ ਹਸਪਤਾਲ ਵਿਚ ਦਾਖਲ ਗੁਰਵਿੰਦਰ ਉਪਲ ਮੰਗਲਵਾਰ ਨੂੰ ਦਮ ਤੋੜ ਗਿਆ ਅਤੇ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਸੋਚੀ ਸਮਝੀ ਸਾਜ਼ਿਸ਼ ਤਹਿਤ ਵਾਰਦਾਤ ਨੂੰ ਅੰਜਾਮ ਦਿਤਾ ਗਿਆ ਅਤੇ ਆਮ ਲੋਕਾਂ ਦੀ ਸੁਰੱਖਿਆ ਵਾਸਤੇ ਕੋਈ ਖਤਰਾ ਪੈਦਾ ਨਹੀਂ ਹੁੰਦਾ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ 604 940 7321 ’ਤੇ ਸੰਪਰਕ ਕਰੇ। ਇਥੇ ਦਸਣਾ ਬਣਦਾ ਹੈ ਕਿ ਡੈਲਟਾ ਸ਼ਹਿਰ ਵਿਚ 2024 ਦੌਰਾਨ ਕੋਈ ਕਤਲ ਨਹੀਂ ਹੋਇਆ ਅਤੇ 2025 ਵਿਚ ਕਤਲ ਦੀ ਇਹ ਪਹਿਲੀ ਵਾਰਦਾਤ ਸਾਹਮਣੇ ਆਈ ਹੈ।
ਬਰੈਂਪਟਨ ਵਿਖੇ ਕਤਲ ਦੇ ਮਾਮਲੇ ਵਿਚ ਚੌਥੀ ਗ੍ਰਿਫ਼ਤਾਰੀ
ਦੂਜੇ ਪਾਸੇ ਬਰੈਂਪਟਨ ਵਿਖੇ 30 ਅਗਸਤ 2024 ਨੂੰ ਮਿਲਸਟੋਨ ਡਰਾਈਵ ਇਲਾਕੇ ਵਿਚ ਹੋਏ ਕਤਲ ਦੇ ਮਾਮਲੇ ਵਿਚ ਪਹਿਲੇ ਦਰਜੇ ਦੀ ਹੱਤਿਆ ਦੇ ਦੋਸ਼ ਲਾਉਂਦਿਆਂ ਪੀਲ ਰੀਜਨਲ ਪੁਲਿਸ ਚੌਥਾ ਸ਼ੱਕੀ ਕਾਬੂ ਕੀਤਾ ਗਿਆ ਪਰ ਉਮਰ ਸਿਰਫ਼ 16 ਸਾਲ ਹੋਣ ਕਾਰਨ ਉਸ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਦੂਜੇ ਪਾਸੇ ਕਤਲ ਕੀਤੇ ਸ਼ਖਸ ਦੇ ਪਰਵਾਰ ਦੀ ਗੁਜ਼ਾਰਿਸ਼ ’ਤੇ ਉਸ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਇਸ ਤੋਂ ਪਹਿਲਾਂ 24 ਸਾਲ ਦੇ ਪਰਮਵੀਰ ਸਿੰਘ ਵਿਰੁੱਧ ਪਹਿਲੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਸਨ ਜਦਕਿ 21 ਸਾਲ ਮਨਵੀਰ ਅਤੇ 18 ਸਾਲ ਦੇ ਇਕ ਹੋਰ ਅੱਲ੍ਹੜ ਵਿਰੁੱਧ ਮੈਨਸਲੌਟਰ ਦੇ ਦੋਸ਼ ਲਾਏ ਗਏ। ਪੀਲ ਰੀਜਨਲ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਹੌਮੀਸਾਈਡ ਅਤੇ ਮਿਸਿੰਗ ਪਰਸਨਜ਼ ਬਿਊਰੋ ਨਾਲ 905 453 2121 ਐਕਸਟੈਨਸ਼ਨ 3205 ’ਤੇ ਕਾਲ ਕੀਤੀ ਜਾਵੇ।