ਕੈਨੇਡਾ ’ਚ ਪੰਜਾਬੀ ਨੌਜਵਾਨ ਨੇ ਬਚਾਈ 7 ਜਣਿਆਂ ਦੀ ਜਾਨ
ਕੈਨੇਡਾ ਵਿਚ ਪੰਜਾਬੀ ਪਰਵਾਰਾਂ ’ਤੇ ਅੱਗ ਕਹਿਰ ਢਾਹ ਰਹੀ ਹੈ। ਜੀ ਹਾਂ, ਬਰੈਂਪਟਨ ਦੀ ਜਾਨਲੇਵਾ ਘਟਨਾ ਮਗਰੋਂ ਕੈਲਗਰੀ ਵਿਖੇ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ

By : Upjit Singh
ਕੈਲਗਰੀ : ਕੈਨੇਡਾ ਵਿਚ ਪੰਜਾਬੀ ਪਰਵਾਰਾਂ ’ਤੇ ਅੱਗ ਕਹਿਰ ਢਾਹ ਰਹੀ ਹੈ। ਜੀ ਹਾਂ, ਬਰੈਂਪਟਨ ਦੀ ਜਾਨਲੇਵਾ ਘਟਨਾ ਮਗਰੋਂ ਕੈਲਗਰੀ ਵਿਖੇ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਪੰਜਾਬੀ ਨੌਜਵਾਨ ਦੀ ਸੂਝ-ਬੂਝ ਸਦਕਾ ਪੰਜ ਔਰਤਾਂ ਸਣੇ ਸੱਤ ਜਣਿਆਂ ਦੀ ਜਾਨ ਬਚ ਗਈ। ਕੈਲਗਰੀ ਦੇ ਨੌਰਥ-ਈਸਟ ਇਲਾਕੇ ਵਿਚ ਵਾਪਰੀ ਘਟਨਾ ਬਾਰੇ ਗੁਆਂਢੀ ਨਵਦੀਪ ਰਾਣਾ ਨੇ ਦੱਸਿਆ ਕਿ ਉਹ ਸ਼ਨਿੱਚਰਵਾਰ ਸ਼ਾਮ ਬਾਰਬੀਕਿਊ ਦੀ ਤਿਆਰੀ ਕਰ ਰਿਹਾ ਸੀ ਜਦੋਂ ਸੰਘਣਾ ਧੂੰਆਂ ਉਠਦਾ ਨਜ਼ਰ ਆਇਆ। ਹਾਲਾਤ ਦੀ ਨਜ਼ਾਕਤ ਨੂੰ ਸਮਝਦਿਆਂ ਨਵਦੀਪ ਰਾਣਾ ਨੇ ਤੁਰਤ 911 ’ਤੇ ਕਾਲ ਕਰ ਦਿਤੀ ਅਤੇ ਮਕਾਨ ਵਿਚੋਂ ਪੰਜ ਔਰਤਾਂ ਨੂੰ ਬਾਹਰ ਨਿਕਲਣ ਵਿਚ ਮਦਦ ਕੀਤੀ।
ਕੈਲਗਰੀ ਦੇ 2 ਘਰਾਂ ਨੂੰ ਲੱਗੀ ਅੱਗ, ਤੀਜੇ ਦਾ ਬਾਹਰੀ ਹਿੱਸਾ ਸੜਿਆ
ਦੋ ਜਣਿਆਂ ਨੂੰ ਬੇਸਮੈਂਟ ਵਿਚੋਂ ਬਾਹਰ ਕੱਢਿਆ ਗਿਆ ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਫਾਇਰ ਫਾਈਟਰਜ਼ ਮੁਤਾਬਕ ਅੱਗ ਨੇ ਦੋ ਘਰਾਂ ਦਾ ਵੱਡਾ ਨੁਕਸਾਨ ਕੀਤਾ ਜਦਕਿ ਤੀਜੇ ਘਰ ਦਾ ਸਿਰਫ਼ ਬਾਹਰ ਹਿੱਸਾ ਸੜਿਆ ਹੈ। ਨਵਦੀਪ ਰਾਣਾ ਮੁਤਾਬਕ ਅੱਗ ਬਾਰੇ ਪਤਾ ਲਗਦਿਆਂ ਹੀ ਉਸ ਨੇ ਆਂਢ-ਗੁਆਂਢ ਵਿਚ ਵਸਦੇ ਲੋਕਾਂ ਦੇ ਦਰਵਾਜ਼ੇ ਖੜਕਾਉਣੇ ਸ਼ੁਰੂ ਕਰ ਦਿਤੇ। ਨਵਦੀਪ ਰਾਣਾ ਨੇ ਅਹਿਤਿਆਤ ਵਜੋਂ ਆਪਣੇ ਘਰ ਅੰਦਰ ਮੌਜੂਦ ਮੈਂਬਰਾਂ ਨੂੰ ਵੀ ਬਾਹਰ ਕੱਢ ਲਿਆ। ਉਹ ਹਰ ਇਨਸਾਨ ਨੂੰ ਸੁਰੱਖਿਅਤ ਇਲਾਕੇ ਵਿਚ ਲਿਜਾਣਾ ਚਾਹੁੰਦਾ ਸੀ। ਇਕ ਹੋਰ ਗੁਆਂਢੀ ਡੈਨਿਸ ਨੂੰ ਅੱਗ ਬਾਰੇ ਉਦੋਂ ਹੀ ਪਤਾ ਲੱਗਾ ਜਦੋਂ ਫਾਇਰ ਫਾਈਟਰ ਮੌਕੇ ’ਤੇ ਪੁੱਜੇ। ਫ਼ਿਲਹਾਲ ਅੱਗ ਲੱਗਣ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਪਰ ਤਾਰਾਡੇਲ ਦੇ 100 ਬਲਾਕ ਵਿਚ ਲੱਗੀ ਅੱਗ ਵੱਡਾ ਜਾਨੀ ਨੁਕਸਾਨ ਕਰ ਸਕਦੀ ਸੀ ਜੇ ਨਵਦੀਪ ਰਾਣਾ ਵੇਲੇ ਸਿਰ ਹਿੰਮਤ ਨਾ ਕਰਦਾ।


