ਕੈਨੇਡਾ ਵਿਚ ਪੰਜਾਬੀ ਨੌਜਵਾਨ ਦਾ ਕਤਲ
ਕੈਨੇਡਾ ਵਿਚ ਸੋਮਵਾਰ ਦੇਰ ਸ਼ਾਮ ਇਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ।

ਸਰੀ/ਵੌਅਨ : ਕੈਨੇਡਾ ਵਿਚ ਸੋਮਵਾਰ ਦੇਰ ਸ਼ਾਮ ਇਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਬੀ.ਸੀ. ਦੇ ਸਰੀ ਵਿਖੇ ਵਾਪਰੀ ਵਾਰਦਾਤ ਦੌਰਾਨ ਮਾਰੇ ਗਏ ਨੌਜਵਾਨ ਦੀ ਸ਼ਨਾਖਤ ਜਸਕਰਨ ਮਿਨਹਾਸ ਵਜੋਂ ਕੀਤੀ ਗਈ ਹੈ ਜੋ ਰੀਅਲ ਅਸਟੇਟ ਖੇਤਰ ਦਾ ਕਾਰੋਬਾਰੀ ਹੋਣ ਦੇ ਨਾਲ-ਨਾਲ ਸੌਕਰ ਦਾ ਚੰਗਾ ਖਿਡਾਰੀ ਵੀ ਸੀ। ਸਰੀ ਪੁਲਿਸ ਵੱਲੋਂ ਨੌਜਵਾਨ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਪਰ ਗੋਲੀਬਾਰੀ ਦੀ ਵਾਰਦਾਤ ਕਿਸੇ ਗੈਂਗ ਵੱਲੋਂ ਘੜੀ ਸਾਜ਼ਿਸ਼ ਦਾ ਹਿੱਸਾ ਮੰਨੀ ਜਾ ਰਹੀ ਹੈ। ‘ਦਾ ਡਰਟੀ ਨਿਊਜ਼’ ਵੱਲੋਂ ਐਕਸ ’ਤੇ ਜਾਰੀ ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਐਮਰਜੰਸੀ ਕਾਮਿਆਂ ਵੱਲੋਂ ਨੌਜਵਾਨ ਨੂੰ ਬਚਾਉਣ ਦੇ ਯਤਨ ਕੀਤੇ ਗਏ ਪਰ ਉਸ ਨੇ ਮੌਕੇ ’ਤੇ ਹੀ ਦਮ ਤੋੜ ਦਿਤਾ।
ਸਰੀ ਵਿਖੇ ਘੇਰ ਕੇ ਮਾਰੀਆਂ ਗੋਲੀਆਂ
ਸਰੀ ਦੇ ਸਕੌਟ ਰੋਡ ਅਤੇ 80 ਐਵੇਨਿਊ ਇਲਾਕੇ ਵਿਚ ਵਾਪਰੀ ਵਾਰਦਾਤ ਬਾਰੇ ਦੱਸਿਆ ਜਾ ਰਿਹਾ ਹੈ ਕਿ ਜਸਕਰਨ ਮਿਨਹਾਸ ਆਪਣੀ ਗੱਡੀ ਵਿਚ ਜਾ ਰਿਹਾ ਸੀ ਜਦੋਂ ਇਕ ਹੋਰ ਗੱਡੀ ਵਿਚ ਆਏ ਤਿੰਨ ਹਮਲਾਵਰਾਂ ਨੇ ਉਸ ਨੂੰ ਘੇਰ ਲਿਆ ਅਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਫਰਾਰ ਹੋ ਗਏ। ਵਾਰਦਾਤ ਵਾਲੀ ਥਾਂ ਤੋਂ ਕੁਝ ਦੂਰ ਡੈਲਟਾ ਦੇ ਵੈਸਟਵਿਊ ਡਰਾਈਵ ਇਲਾਕੇ ਵਿਚ ਇਕ ਕਾਰ ਸੜਦੀ ਹੋਈ ਮਿਲੀ ਜੋ ਕਾਤਲਾਂ ਨਾਲ ਸਬੰਧਤ ਮੰਨੀ ਜਾ ਰਹੀ ਹੈ। ਉਧਰ ਸਰੀ ਪੁਲਿਸ ਦੇ ਬੁਲਾਰੇ ਸਟਾਫ਼ ਸਾਰਜੈਂਟ ਲਿੰਡਜ਼ੀ ਹੌਟਨ ਨੇ ਦੱਸਿਆ ਕਿ ਵਾਰਦਾਤ ਬੇਹੱਦ ਭੀੜ-ਭਾੜ ਵਾਲੇ ਇਲਾਕੇ ਵਿਚ ਸੋਮਵਾਰ ਸ਼ਾਮ ਤਕਰੀਬਨ ਸਾਢੇ ਪੰਜ ਵਜੇ ਇਕ ਪਾਰਕਿੰਗ ਲੌਟ ਵਿਚ ਵਾਪਰੀ। ਫੌਕਸਵੈਗਨ ਐਸ.ਯੂ.ਵੀ. ਦੀ ਵਿੰਡਸ਼ੀਲਡ ਵਿਚੋਂ ਗੋਲੀਆਂ ਲੰਘਣ ਦੇ ਕਈ ਨਿਸ਼ਾਨ ਤਸਵੀਰਾਂ ਵਿਚ ਦੇਖੇ ਜਾ ਸਕਦੇ ਹਨ। ਪੁਲਿਸ ਮੁਤਾਬਕ ਇਹ ਵਾਰਦਾਤ ਆਮ ਲੋਕਾਂ ਵਾਸਤੇ ਕੋਈ ਖਤਰਾ ਪੈਦਾ ਨਹੀਂ ਕਰਦੀ ਅਤੇ ਸ਼ੱਕੀ ਦੀ ਪੈੜ ਨੱਪਣ ਦੇ ਯਤਨ ਕੀਤੇ ਜਾ ਰਹੇ ਹਨ। ਇਸੇ ਦੌਰਾਨ ਉਨਟਾਰੀਓ ਦੇ ਵੌਅਨ ਸ਼ਹਿਰ ਵਿਚ ਸੋਮਵਾਰ ਵੱਡੇ ਤੜਕੇ ਇਕ ਘਰ ਵਿਚ ਡਾਕਾ ਪੈ ਗਿਆ। ਯਾਰਕ ਰੀਜਨਲ ਪੁਲਿਸ ਵੱਲੋਂ ਜਾਰੀ ਵੀਡੀਓ ਵਿਚ ਡਕੈਤਾਂ ਨੂੰ ਦੇਖਿਆ ਜਾ ਸਕਦਾ ਹੈ ਜੋ ਪੌਰਸ਼ ਕਾਰ ਲੈ ਕੇ ਫਰਾਰ ਹੋ ਗਏ।
ਜਸਕਰਨ ਮਿਨਹਾਸ ਵਜੋਂ ਕੀਤੀ ਗਈ ਸ਼ਨਾਖ਼ਤ
ਥੌਰਨਹਿਲ ਵੁਡਜ਼ ਡਰਾਈਵ ਅਤੇ ਫਰੇਜ਼ਵੁੱਡ ਰੋਡ ਇਲਾਕੇ ਵਿਚ ਵਾਪਰੀ ਵਾਰਦਾਤ ਦੌਰਾਨ ਨਕਾਬਪੋਸ਼ ਡਕੈਤਾਂ ਨੇ ਗੂੜ੍ਹੇ ਰੰਗ ਦੇ ਕੱਪੜੇ ਪਾਏ ਹੋਏ ਸਨ। 27 ਸੈਕਿੰਡ ਦੀ ਵੀਡੀਓ ਸ਼ੁਰੂ ਹੁੰਦਿਆਂ ਹੀ ਇਕ ਸ਼ੱਕੀ ਨਜ਼ਰ ਆਉਂਦਾ ਹੈ ਜੋ ਲੱਤ ਮਾਰ ਕੇ ਦਰਵਾਜ਼ਾ ਤੋੜ ਦਿੰਦਾ ਹੈ ਅਤੇ ਇਸੇ ਦੌਰਾਨ ਦੂਜਾ ਸ਼ੱਕੀ ਵੀ ਆ ਜਾਂਦੀ ਹੈ। ਦੋਵੇਂ ਜਣੇ ਇਕੱਠੇ ਘਰ ਵਿਚ ਦਾਖਲ ਹੁੰਦੇ ਹਨ ਅਤੇ ਵੀਡੀਓ ਵਿਚ ਪਰਵਾਰਕ ਮੈਂਬਰਾਂ ਤੋਂ ਚਾਬੀਆਂ ਮੰਗਣ ਦੀ ਆਵਾਜ਼ ਵੀ ਸੁਣੀ ਜਾ ਸਕਦੀ ਹੈ। ਪੁਲਿਸ ਮੁਤਾਬਕ ਸ਼ੱਕੀਆਂ ਨੇ ਕਾਰ ਦੀਆਂ ਚਾਬੀਆਂ ਤੋਂ ਇਲਾਵਾ ਕੈਸ਼ ਦੀ ਮੰਗ ਵੀ ਕੀਤੀ ਜੋ ਇਕ ਛੁਰੇ ਨਾਲ ਲੈਸ ਸਨ। ਜਾਂਚਕਰਤਾਵਾਂ ਮੁਤਾਬਕ ਸ਼ੱਕੀ ਲੈਂਬਰਗੀਨੀ ਦੀਆਂ ਚਾਬੀਆਂ ਹਾਸਲ ਕਰਨ ਵਿਚ ਅਸਫ਼ਲ ਰਹੇ ਪਰ 2018 ਮਾਡਲ ਪੌਰਸ਼ ਲੈ ਗਏ। ਵਾਰਦਾਤ ਵੇਲੇ ਘਰ ਵਿਚ ਤਿੰਨ ਜਣੇ ਮੌਜੂਦ ਸਨ ਅਤੇ ਕੋਈ ਜ਼ਖਮੀ ਨਹੀਂ ਹੋਇਆ। ਯਾਰਕ ਰੀਜਨਲ ਪੁਲਿਸ ਮੁਤਾਬਕ ਸ਼ੱਕੀਆਂ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਵਾਰਦਾਤ ਨੂੰ ਅੰਜਾਮ ਦਿਤਾ ਜਿਨ੍ਹਾਂ ਵਿਚੋਂ ਇਕ ਦਾ ਕੱਦ ਪੰਜ ਫੁੱਟ 10 ਇੰਚ ਅਤੇ ਦੂਜੇ ਦਾ ਪੰਜ ਫੁੱਟ 11 ਇੰਚ ਹੋਣ ਦਾ ਅਨੁਮਾਨ ਹੈ। ਜਾਂਚਕਰਤਾਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ 1866 876 5423 ਐਕਸਟੈਨਸ਼ਨ 6630 ’ਤੇ ਸੰਪਰਕ ਕੀਤਾ ਜਾਵੇ।