ਕੈਨੇਡਾ ’ਚ ਪੰਜਾਬੀ ਨੌਜਵਾਨ ਦੀ ਭੇਤਭਰੇ ਹਾਲਾਤ ਵਿਚ ਮੌਤ
ਕੈਨੇਡਾ ਵਿਚ ਪੰਜਾਬੀ ਨੌਜਵਾਨ ਦੀ ਭੇਤਭਰੇ ਹਾਲਾਤ ਵਿਚ ਮੌਤ ਹੋਣ ਦੀ ਦੁਖਦ ਖ਼ਬਰ ਸਾਹਮਣੇ ਆਈ ਹੈ

By : Upjit Singh
ਬਰੈਂਪਟਨ/ਨਿਊ ਯਾਰਕ : ਕੈਨੇਡਾ ਵਿਚ ਪੰਜਾਬੀ ਨੌਜਵਾਨ ਦੀ ਭੇਤਭਰੇ ਹਾਲਾਤ ਵਿਚ ਮੌਤ ਹੋਣ ਦੀ ਦੁਖਦ ਖ਼ਬਰ ਸਾਹਮਣੇ ਆਈ ਹੈ। ਵਾਰਦਾਤ ਬਰੈਂਪਟਨ ਸ਼ਹਿਰ ਵਿਚ ਵਾਪਰੀ ਅਤੇ ਨੌਜਵਾਨ ਦੀ ਸ਼ਨਾਖ਼ਤ ਆਕਾਸ਼ਦੀਪ ਸਿੰਘ ਵਜੋਂ ਕੀਤੀ ਗਈ ਹੈ ਜੋ ਆਪਣੀ ਪੜ੍ਹਾਈ ਮੁਕੰਮਲ ਕਰਨ ਮਗਰੋਂ ਵਰਕ ਪਰਮਿਟ ਦੀ ਉਡੀਕ ਕਰਦਿਆਂ ਜ਼ਿੰਦਗੀ ਦੇ ਨਵੇਂ ਦੌਰ ਵਿਚ ਦਾਖਲ ਹੋਣ ਦੇ ਸੁਪਨੇ ਦੇਖ ਰਿਹਾ ਸੀ। ਆਕਾਸ਼ਦੀਪ ਸਿੰਘ ਦੇ ਕਜ਼ਨ ਨਰੈਣ ਸਿੰਘ ਨੇ ਦੱਸਿਆ ਕਿ 5 ਦਸੰਬਰ ਨੂੰ ਵਾਪਰੀ ਵਾਰਦਾਤ ਮਗਰੋਂ ਪੀਲ ਰੀਜਨਲ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਆਕਾਸ਼ਦੀਪ ਦੇ ਮਾਪੇ ਇਸ ਵੇਲੇ ਇੰਡੀਆ ਵਿਚ ਹਨ ਅਤੇ ਇਕਲੌਤੀ ਔਲਾਦ ਦੇ ਸਦੀਵੀ ਵਿਛੋੜੇ ਨੇ ਪਰਵਾਰ ਨੂੰ ਕੱਖੋਂ ਹੌਲਾ ਕਰ ਦਿਤਾ ਹੈ। ਇਥੇ ਦਸਣਾ ਬਣਦਾ ਹੈ ਕਿ ਬਰੈਂਪਟਨ ਵਿਖੇ ਪਿਛਲੇ ਦਿਨੀਂ ਮੁੰਡਿਆਂ ਦੀ ਲੜਾਈ ਦੌਰਾਨ ਇਕ ਜਣੇ ਦਾ ਛੁਰੇ ਮਾਰ ਕੇ ਕਤਲ ਕਰ ਦਿਤਾ ਗਿਆ ਜਦਕਿ ਇਸ ਤੋਂ ਪਹਿਲਾਂ ਵਾਰਡ 10 ਦੇ ਇਕ ਘਰ ਦੇ ਇਕ ਘਰ ਵਿਚ ਇਕ ਜਣੇ ਨੂੰ ਦੋਹਾਂ ਲੱਤਾਂ ਵਿਚ ਗੋਲੀਆਂ ਮਾਰ ਕੇ ਜ਼ਖਮੀ ਕਰਨ ਦੀ ਵਾਰਦਾਤ ਸਾਹਮਣੇ ਆਈ।
ਬਰੈਂਪਟਨ ਦੇ ਆਕਾਸ਼ਦੀਪ ਸਿੰਘ ਵਜੋਂ ਕੀਤੀ ਗਈ ਸ਼ਨਾਖ਼ਤ
ਇਸ ਤੋਂ ਪਹਿਲਾਂ ਮਾਲਟਨ ਵਿਖੇ 20 ਜਨਵਰੀ ਨੂੰ 24 ਸਾਲ ਦੇ ਗੁਰਵਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਸੀ ਅਤੇ ਹੁਣ ਤੱਕ ਸ਼ੱਕੀ ਕਾਬੂ ਨਹੀਂ ਕੀਤੇ ਜਾ ਸਕੇ। ਦੂਜੇ ਪਾਸੇ ਅਮਰੀਕਾ ਵਿਚ ਘਰ ਨੂੰ ਅੱਗ ਲੱਗਣ ਕਾਰਨ ਭਾਰਤੀ ਵਿਦਿਆਰਥਣ ਦੀ ਮੌਤ ਹੋ ਗਈ ਜਿਸ ਦੀ ਸ਼ਨਾਖ਼ਤ ਸਹਿਜਾ ਰੈਡੀ ਉਦੂਮਲਾ ਵਜੋਂ ਕੀਤੀ ਗਈ ਹੈ। ਨਿਊ ਯਾਰਕ ਸੂਬੇ ਦੀ ਰਾਜਧਾਨੀ ਔਲਬਨੀ ਵਿਖੇ ਰਹਿ ਰਹੀ ਸਜਿਜਾ ਰੈਡੀ 2021 ਵਿਚ ਸਟੱਡੀ ਵੀਜ਼ਾ ’ਤੇ ਅਮਰੀਕਾ ਪੁੱਜੀ। ਫਾਇਰ ਸਰਵਿਸ ਵਾਲਿਆਂ ਨੇ ਦੱਸਿਆ ਕਿ ਅੱਗ ਸਹਿਜਾ ਦੇ ਗੁਆਂਢ ਵਾਲੇ ਘਰ ਤੋਂ ਸ਼ੁਰੂ ਹੋਈ ਅਤੇ ਘਟਨਾ ਵੇਲੇ ਉਹ ਸੌਂ ਰਹੀ ਸੀ। ਨਿਊ ਯਾਰਕ ਸਥਿਤ ਭਾਰਤੀ ਕੌਂਸਲੇਟ ਵੱਲੋਂ ਸੋਸ਼ਲ ਮੀਡੀਆ ਰਾਹੀਂ ਇਕ ਬਿਆਨ ਜਾਰੀ ਕਰਦਿਆਂ ਸਹਿਜਾ ਰੈਡੀ ਦੀ ਬੇਵਕਤੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਅਮਰੀਕਾ ਵਿਚ ਭਾਰਤੀ ਵਿਦਿਆਰਥਣ ਜਿਊਂਦੀ ਸੜੀ
ਕੌਂਸਲੇਟ ਨੇ ਦੱਸਿਆ ਕਿ ਤੇਲੰਗਾਨਾ ਸੂਬੇ ਦੇ ਜਨਗਾਉਂ ਜ਼ਿਲ੍ਹੇ ਵਿਚ ਰਹਿੰਦੇ ਸਹਿਜਾ ਦੇ ਪਰਵਾਰ ਨਾਲ ਸੰਪਰਕ ਕਰਦਿਆਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਤਾ ਗਿਆ ਹੈ। ਉਧਰ ਸਹਿਜਾ ਦਾ ਪਰਵਾਰ ਦੁੱਖ ਦੇ ਸਮੁੰਦਰ ਵਿਚ ਡੁੱਬ ਗਿਆ ਹੈ। ਉਸ ਦੇ ਪਿਤਾ ਪ੍ਰਾਇਮਰੀ ਸਕੂਲ ਟੀਚਰ ਹਨ ਜਦਕਿ ਮਾਤਾ ਹੈਦਰਾਬਾਦ ਵਿਖੇ ਟੀ.ਸੀ.ਐਸ ਵਿਚ ਕੰਮ ਕਰਦੀ ਹੈ। ਪਰਵਾਰ ਦੇ ਨਜ਼ਦੀਕੀ ਦੋਸਤਾਂ ਨੇ ਦੱਸਿਆ ਕਿ ਸਜਿਹਾ ਦੀ ਪੜ੍ਹਾਈ ਖ਼ਤਮ ਹੋ ਚੁੱਕੀ ਸੀ ਅਤੇ ਉਸ ਦੇ ਮਾਪੇ ਭਾਰਤ ਪਰਤਣ ਦੀ ਉਡੀਕ ਕਰ ਰਹੇ ਸਨ ਪਰ ਘਰ ਵਿਚ ਲੱਗੀ ਅੱਗ ਨੇ ਸਭ ਕੁਝ ਖੇਰੂੰ ਖੇਰੂੰ ਕਰ ਦਿਤਾ। ਸਹਿਜਾ ਦੀ ਕਜ਼ਨ ਰਤਨਾ ਗੋਪੂ ਵੱਲੋਂ ਉਸ ਦੇ ਅੰਤਮ ਸਸਕਾਰ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ।


